36.7 C
Delhi
Sunday, April 28, 2024
spot_img
spot_img

ਵਿਜੈ ਇੰਦਰ ਸਿੰਗਲਾ ਵੱਲੋਂ ਵਰਚੂਅਲ ਕਾਨਫਰੰਸ ਦੌਰਾਨ ਹਲਕਾ ਸੰਗਰੂਰ ਦੇ 156 ਸਰਕਾਰੀ ਸਮਾਰਟ ਸਕੂਲਾਂ ਦਾ ਉਦਘਾਟਨ

ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ/ਸੰਗਰੂਰ, 7 ਦਸੰਬਰ, 2021:
ਪੰਜਾਬ ਸਰਕਾਰ ਵੱਲੋਂ ਪਿਛਲੇ ਪੰਜ ਵਰਿਆਂ ਵਿੱਚ ਸਰਕਾਰੀ ਸਕੂਲਾਂ ਦੇ ਸਿੱਖਿਆ ਮਿਆਰ ਵਿੱਚ ਵੱਡਾ ਸੁਧਾਰ ਲਿਆਉਣ ਅਤੇ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਵਧੇਰੇ ਵਿਕਸਤ ਕਰਨ ਲਈ ਜ਼ੋਰਦਾਰ ਉਪਰਾਲੇ ਕੀਤੇ ਗਏ ਹਨ ਅਤੇ ਇਨਾਂ ਅਣਥੱਕ ਉਪਰਾਲਿਆਂ ਦੇ ਸਦਕਾ ਹੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਤਬਦੀਲ ਕਰਨ ਵਿੱਚ ਸਫ਼ਲਤਾ ਹਾਸਲ ਹੋਈ ਹੈ।

ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ ਵਿਖੇ ਵਰਚੂਅਲ ਕਾਨਫਰੰਸ ਰਾਹੀਂ ਵਿਧਾਨ ਸਭਾ ਹਲਕਾ ਸੰਗਰੂਰ ਦੇ 156 ਸਰਕਾਰੀ ਸਮਾਰਟ ਸਕੂਲਾਂ ਦਾ ਰਸਮੀ ਉਦਘਾਟਨ ਕਰਨ ਸਮੇਂ ਕੀਤਾ। ਉਨਾਂ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂੰ ਸਮਾਰਟ ਸਕੂਲ ਵਜੋਂ ਤਬਦੀਲ ਕਰਨ ਉਪਰੰਤ ਲੋਕ ਅਰਪਣ ਕਰਨ ਦੀ ਰਸਮ ਵੀ ਅਦਾ ਕੀਤੀ।

ਇਸ ਦੌਰਾਨ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ਹੇਠ ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀਆਂ ਲਿਆਂਦੀਆਂ ਜਾ ਰਹੀਆਂ ਹਨ ਅਤੇ ਇਨਾਂ ਸਾਲਾਂ ਵਿੱਚ ਪੰਜਾਬ ਸਿੱਖਿਆ ਦੇ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਨ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿੱਚ ਹਰ ਸਾਲ ਦਾਖਲਿਆਂ ਦੀ ਦਰ ਵਿੱਚ ਹੋ ਰਿਹਾ ਵੱਡਾ ਵਾਧਾ ਸਭ ਦੇ ਸਾਹਮਣੇ ਹੈ।

ਜ਼ਿਕਰਯੋਗ ਹੈ ਕਿ ਸ਼੍ਰੀ ਸਿੰਗਲਾ ਨੇ ਖੁਦ ਸਿੱਖਿਆ ਮੰਤਰੀ ਹੁੰਦਿਆਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿੱਚ ਬਦਲਣ ਦਾ ਪੋ੍ਰਜੈਕਟ ਸਤੰਬਰ 2019 ਵਿੱਚ ਆਰੰਭਿਆ ਸੀ ਅਤੇ ਨਿਰੰਤਰ ਯਤਨਾਂ ਸਦਕਾ ਤਕਨਾਲੋਜੀ ’ਤੇ ਆਧਾਰਿਤ ਸਮਾਰਟ ਸਰਕਾਰੀ ਸਕੂਲ ਆਪਣੀ ਵਿਲੱਖਣ ਦਿੱਖ ਸਦਕਾ ਅੱਜ ਦਿਹਾਤੀ ਤੇ ਸ਼ਹਿਰੀ ਖੇਤਰਾਂ ਵਿੱਚ ਨਾ ਕੇਵਲ ਦਿੱਖ ਪੱਖੋਂ ਬਲਕਿ ਆਪਣੀ ਕਾਰਗੁਜ਼ਾਰੀ ਪੱਖੋਂ ਮੋਹਰੀ ਬਣੇ ਹੋਏ ਹਨ।

ਸ਼੍ਰੀ ਸਿੰਗਲਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜੋਕੇ ਤਕਨੀਕੀ ਯੁੱਗ ਵਿੱਚ ਸਮੇਂ ਦਾ ਹਾਣੀ ਬਣਾਉਣ ਲਈ ਵਿਕਸਤ ਕੀਤੇ ਸਮਾਰਟ ਸਕੂਲਾਂ ਦੇ ਕਮਰੇ ਹਵਾਦਾਰ ਤੇ ਖੁੱਲੇ ਡੁੱਲੇ ਹਨ ਅਤੇ ਖੇਡ ਮੈਦਾਨ, ਸਿੱਖਿਆ ਪਾਰਕ, ਸਾਇੰਸ ਪ੍ਰਯੋਗਸ਼ਾਲਾਵਾਂ, ਪਖ਼ਾਨੇ ਆਦਿ ਪੱਖੋਂ ਵੱਡਾ ਸੁਧਾਰ ਲਿਆਂਦਾ ਗਿਆ ਹੈ ਜੋ ਕਿ ਵਿਦਿਆਰਥੀਆਂ ਤੇ ਸਟਾਫ਼ ਦੇ ਅਨੁਕੂਲ ਹੈ।

ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਅੱਜ ਵਰਚੂਅਲ ਕਾਨਫਰੰਸ ਰਾਹੀਂ ਹਲਕਾ ਸੰਗਰੂਰ ਦੇ 156 ਸਰਕਾਰੀ ਸਮਾਰਟ ਸਕੂਲਾਂ ਦਾ ਲੋਕ ਅਰਪਣ ਹੋਇਆ ਹੈ, ਜਿਨਾਂ ’ਤੇ ਪਿਛਲੇ ਪੰਜ ਵਰਿਆਂ ਦੌਰਾਨ ਕਰੀਬ 44.62 ਕਰੋੜ ਰੁਪਏ ਦੀ ਲਾਗਤ ਆਈ ਹੈ ਜੋ ਕਿ ਪੰਜਾਬ ਸਰਕਾਰ ਦੇ ਨਾਲ ਨਾਲ ਇੰਡੀਅਨ ਆਇਲ, ਐੱਚ.ਪੀ.ਸੀ.ਐੱਲ, ਕੁਆਰਕ ਸਿਟੀ ਇੰਡੀਆ ਸਮੇਤ ਹੋਰ ਸਮਾਜ ਸੇਵੀ ਸੰਗਠਨਾਂ ਦੇ ਸੀ.ਐਸ.ਆਰ ਫੰਡ, ਵੱਖ ਵੱਖ ਆਗੂਆਂ, ਗ੍ਰਾਮ ਪੰਚਾਇਤਾਂ, ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਸੰਭਵ ਹੋ ਸਕਿਆ ਹੈ।

ਉਨਾਂ ਦੱਸਿਆ ਕਿ ਹਲਕਾ ਸੰਗਰੂਰ ਦੇ 102 ਸਰਕਾਰੀ ਪ੍ਰਾਇਮਰੀ ਸਕੂਲ, 27 ਸਰਕਾਰੀ ਮਿਡਲ ਸਕੂਲ, 8 ਸਰਕਾਰੀ ਹਾਈ ਸਕੂਲ ਅਤੇ 19 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਸਕੂਲ ਵਜੋਂ ਵਿਕਸਤ ਕੀਤੇ ਗਏ ਹਨ, ਜੋ ਕਿ ਸਰਕਾਰ ਦੀਆਂ ਪ੍ਰਾਪਤੀਆਂ ਵਜੋਂ ਇੱਕ ਮੀਲ ਪੱਥਰ ਹੈ।

ਇਸ ਮੌਕੇ ਸਥਾਨਕ ਨਿਵਾਸੀਆਂ ਨੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਕਰਕੇ ਕੈਬਨਿਟ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਸਿੱਖਿਆ ਸਮੇਤ ਹਲਕਾ ਸੰਗਰੂਰ ਦੇ ਹੋਰ ਖੇਤਰਾਂ ਵਿੱਚ ਕਰਵਾਏ ਜਾ ਰਹੇ ਸਰਵ ਪੱਖੀ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ।

ਇਸ ਮੌਕੇ ਡੀ.ਈ.ਓ ਐਲੀਮੈਂਟਰੀ ਸਿੱਖਿਆ ਧਰਮਪਾਲ, ਡਿਪਟੀ ਡੀ.ਈ.ਓ ਦਿਆਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਭਰੂਰ, ਕੁਲਦੀਪ ਸਿੰਘ ਖੇੜੀ, ਤਰਵਿੰਦਰ ਕੌਰ, ਬਲਾਕ ਨੌਡਲ ਅਫ਼ਸਰ ਸ੍ਰੀ ਪ੍ਰੀਤਇੰਦਰ ਘਈ ਸਮੇਤ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION