27.1 C
Delhi
Friday, May 3, 2024
spot_img
spot_img

ਵਿਜੀਲੈਂਸ ਬਿਉਰੋ ਨੇ ਮਾਲ ਰਿਕਾਰਡ ਹੇਰਾਫ਼ੇਰੀ ਕਰਕੇ ਸ਼ਾਮਲਾਟ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਲੋੜੀਂਦੇ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਯੈੱਸ ਪੰਜਾਬ
ਚੰਡੀਗੜ੍ਹ, 1 ਸਤੰਬਰ, 2022:
ਕਰੋੜਾਂ ਰੁਪਏ ਦੀ ਜ਼ਮੀਨ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਹੜੱਪਣ ਵਾਲੇ ਭੂ-ਮਾਫੀਆ ਖਿਲਾਫ ਸ਼ਿਕੰਜਾ ਕੱਸਦਿਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਚਕੂਲਾ ਜ਼ਿਲੇ ਦੇ ਪਿੰਡ ਕੋਨਾ ਵਾਸੀ ਪਰਵੀਨ ਕੁਮਾਰ ਅਤੇ ਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਜੋ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਪਿੰਡ ਮਾਜਰੀਆਂ ਦੀ ਲਗਭਗ 558 ਏਕੜ (4624 ਕਨਾਲਾਂ) ਸ਼ਾਮਲਾਟ ਜ਼ਮੀਨ ਦੇ ਇੰਤਕਾਲ ਸਬੰਧੀ ਮਾਲ ਰਿਕਾਰਡ ਨਾਲ ਛੇੜਛਾੜ ਕਰਨ ਦੇ ਦੋਸ਼ ‘ਚ ਹੋਰਨਾਂ ਸਮੇਤ ਸ਼ਾਮਲ ਸਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਬਿਓਰੋ ਵੱਲੋਂ ਪਿੰਡ ਮਾਜਰੀਆਂ, ਸਬ ਤਹਿਸੀਲ ਮਾਜਰੀ, ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਮਾਲ ਰਿਕਾਰਡ ਨਾਲ ਕੀਤੀ ਛੇੜਛਾੜ ਸਬੰਧੀ 2019 ਵਿੱਚ ਮੋਹਾਲੀ ਵਿਖੇ ਦਰਜ ਸ਼ਿਕਾਇਤ ਨੰ. 370 ਦੀ ਪੜਤਾਲ ਉਪਰੰਤ ਪਹਿਲਾਂ ਹੀ ਸਬ ਤਹਿਸੀਲ ਮਾਜਰੀ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ/ਪ੍ਰਾਪਰਟੀ ਡੀਲਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471, 477-ਏ, 201, 120-ਬੀ ਤਹਿਤ ਐਫ.ਆਈ.ਆਰ. ਨੰਬਰ 06 ਮਿਤੀ 08-05-2021 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਫੇਜ਼-1, ਐਸ.ਏ.ਐਸ.ਨਗਰ ਵਿਖੇ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਹੋਇਆ ਹੈ।

ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਵੀਰ ਸਿੰਘ ਵਾਸੀ ਪਿੰਡ ਕੋਨਾ, ਜ਼ਿਲ੍ਹਾ ਪੰਚਕੂਲਾ ਨੇ ਪਿੰਡ ਮਜਾਰੀਆਂ ਦੀ 17 ਏਕੜ (136 ਕਨਾਲ) ਜ਼ਮੀਨ ਧੋਖੇ ਨਾਲ ਆਪਣੇ ਨਾਂ ਕਰਵਾ ਲਈ ਅਤੇ ਇਸ ਜ਼ਮੀਨ ਨੂੰ ਅੱਗੇ ਜਨਰਲ ਪਾਵਰ ਆਫ਼ ਅਟਾਰਨੀ (ਜੀ.ਪੀ.ਏ.) ਰਾਹੀਂ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ। ਇਸੇ ਤਰ੍ਹਾਂ ਦੂਜੇ ਦੋਸ਼ੀ ਪਰਵੀਨ ਕੁਮਾਰ ਵਾਸੀ ਪਿੰਡ ਕੋਨਾ, ਜ਼ਿਲ੍ਹਾ ਪੰਚਕੂਲਾ ਨੇ 80 ਕਨਾਲ ਜ਼ਮੀਨ ਦੀ ਜੀ.ਪੀ.ਏ. ਫ਼ਰਜ਼ੀ ਵਿਅਕਤੀ ਕਮਲਜੀਤ ਸਿੰਘ ਪੁੱਤਰ ਅਮਰੀਕ ਸਿੰਘ ਦੇ ਨਾਂਅ ‘ਤੇ ਬਣਾਈ, ਜਿਸ ਬਾਰੇ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਅਤੇ ਇਸ ਨੂੰ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਵੇਚ ਦਿੱਤਾ।

ਉਹਨਾਂ ਦੱਸਿਆ ਕਿ ਉਕਤ ਮਾਮਲੇ ਦੀ ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਇੰਤਕਾਲ ਸਬੰਧੀ ਮਾਲ ਰਿਕਾਰਡ ਵਿੱਚ ਨੰ. 3159 ਮਿਤੀ 21.05.2004 ਤਹਿਤ ਛੇੜਛਾੜ ਕੀਤੀ ਗਈ ਸੀ, ਜਿਸ ਨੂੰ ਪਿੰਡ ਮਾਜਰੀਆਂ ਦੇ ਵਸਨੀਕਾਂ ਵੱਲੋਂ ਆਪਣੀ ਜ਼ਮੀਨ ਦੀ ਵੰਡ ਲਈ ਦਰਜ਼ ਕਰਵਾਇਆ ਗਿਆ ਸੀ ਅਤੇ ਉਹ ਤਤਕਾਲੀ ਕੰਸੌਲੀਡੇਸ਼ਨ ਅਫਸਰ, ਮੋਹਾਲੀ ਵੱਲੋਂ ਕੀਤੇ ਇੰਤਕਾਲ ਨੰ. 2026 ਮਿਤੀ 07.05.1991 ਅਨੁਸਾਰ ਅਸਲ ਮਾਲਕ ਸਨ। ਪਰ ਦੋਸ਼ੀ ਪ੍ਰਾਪਰਟੀ ਡੀਲਰਾਂ ਨੇ ਮਾਲ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਧੋਖੇ ਨਾਲ ਪਿੰਡ ਦੀ ਜ਼ਮੀਨ ਦਾ ਇੰਤਕਾਲ ਬਦਲ ਦਿੱਤਾ ਜਿਸ ਵਿੱਚ 14 ਵਿਅਕਤੀਆਂ ਨੂੰ ਪਿੰਡ ਮਾਜਰੀਆਂ ਦੀ 558 ਏਕੜ (4464 ਕਨਾਲ) ਜ਼ਮੀਨ ਦੇ ਮਾਲਕ ਦਿਖਾਇਆ ਗਿਆ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ 14 ਵਿਅਕਤੀਆਂ ਵਿਚੋਂ 12 ਬਿਲਕੁਲ ਫ਼ਰਜੀ ਸਨ। ਉਹ ਨਾ ਤਾਂ ਉਪਰੋਕਤ ਜ਼ਮੀਨ ਦੇ ਮਾਲਕ ਤੇ ਨਾ ਪਿੰਡ ਮਾਜਰੀਆਂ ਦੇ ਵਸਨੀਕ ਸਨ ਅਤੇ ਨਾ ਹੀ ਉਪਰੋਕਤ ਜ਼ਮੀਨ ਦੇ ਕਾਸ਼ਤਕਾਰ ਹਨ। ਬਾਕੀ 2 ਵਿਅਕਤੀ ਪਿੰਡ ਮਾਜਰੀਆਂ ਦੇ ਵਸਨੀਕ ਹਨ ਅਤੇ ਥੋੜੀ ਜ਼ਮੀਨ ਦੇ ਮਾਲਕ ਹਨ ਪਰ ਮੁਲਜ਼ਮ ਮਾਲ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਜ਼ਮੀਨ ਵਿੱਚ ਵਾਧਾ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਮਿਤੀ 18.06.2014 ਅਤੇ 19.06.2014 ਨੂੰ ਲਗਭਗ 578 ਏਕੜ (4624 ਕਨਾਲ) ਜ਼ਮੀਨ ਧੋਖੇ ਨਾਲ ਅਜਿਹੇ ਵਿਅਕਤੀਆਂ ਦੇ ਨਾਂ ਤਬਦੀਲ ਕੀਤੀ ਗਈ ਸੀ ਜੋ ਅਸਲ ਵਿੱਚ ਜ਼ਮੀਨ ਦੇ ਮਾਲਕ ਹੀ ਨਹੀਂ ਸਨ।

ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਕੁੱਝ ਮਾਲ ਅਧਿਕਾਰੀਆਂ ਅਤੇ ਨਿੱਜੀ ਵਿਅਕਤੀਆਂ/ਪ੍ਰਾਪਰਟੀ ਡੀਲਰਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਹਨਾਂ ਅੱਗੇ ਕਿਹਾ ਕਿ ਉਕਤ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਸਬੰਧੀ ਅਗਲੇਰੀ ਪੁੱਛਗਿੱਛ ਲਈ ਇਨ੍ਹਾਂ ਦਾ ਪੁਲੀਸ ਰਿਮਾਂਡ ਲਿਆ ਜਾਵੇਗਾ। ਇਸ ਮਾਮਲੇ ਦੇ ਹੋਰ ਤਫਤੀਸ਼ ਜਾਰੀ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION