ਯੈੱਸ ਪੰਜਾਬ
ਅੰਮ੍ਰਿਤਸਰ, 3 ਅਕਤੂਬਰ, 2021:
ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਕਿਸਾਨਾਂ ’ਤੇ ਗੱਡੀ ਚੜ੍ਹਾਅ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਹੱਕੀ ਮੰਗਾਂ ਕਰ ਰਹੇ ਕਿਸਾਨਾਂ ’ਤੇ ਤਸ਼ੱਦਦ ਅਤੇ ਅਣਮਨੁੱਖੀ ਤਰੀਕੇ ਨਾਲ ਉਨ੍ਹਾਂ ਦਾ ਕੀਤਾ ਗਿਆ ਕਤਲ ਲੋਕਤੰਤਰ ’ਤੇ ਵੱਡਾ ਸਵਾਲ ਹੈ, ਜਿਸ ਦੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਆਖਿਆ ਕਿ ਆਪਣੀ ਹੋਂਦ ਦੀ ਲੜਾਈ ਲੜ ਰਹੇ ਕਿਸਾਨਾਂ ’ਤੇ ਅਜਿਹੇ ਮਾਰੂ ਹਮਲੇ ਕੀਤੇ ਜਾ ਰਹੇ ਹਨ। ਯੂਪੀ ਦੇ ਲਖੀਮਪੁਰ ਖੀਰ ਵਿਚ ਤਾਂ ਕਿਸਾਨੀ ਤਸ਼ੱਦਦ ਦੀ ਸਿਖਰ ਹੀ ਕਰ ਦਿੱਤੀ ਗਈ ਹੈ, ਜਿਸ ਵਿਚ 3 ਕਿਸਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਉਨ੍ਹਾਂ ਭਾਰਤ ਸਰਕਾਰ ’ਤੇ ਸਵਾਲ ਕੀਤਾ ਕਿ ਆਪਣੇ ਹੀ ਦੇਸ਼ ਦੇ ਅੰਨਦਾਤਾ ਕਿਸਾਨਾਂ ਨਾਲ ਅਜਿਹਾ ਵਿਵਹਾਰ ਕਰਨਾ ਕਿ ਦੁਸ਼ਮਣ ਤੋਂ ਵੀ ਮਾੜਾ ਸਲੂਕ ਨਹੀਂ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੰਗ ਕੀਤੀ ਕਿ ਦੋਸ਼ੀ ਵਿਅਕਤੀਆਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਣਾ ਅਤੇ ਇਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਲੋਕਤੰਤਰ ਦੇ ਦਾਇਰੇ ਵਿਚ ਰਹਿ ਕੇ ਆਪਣੇ ਹੱਕ ਮੰਗਣਾਂ ਹਰਇਕ ਦਾ ਅਧਿਕਾਰ ਹੈ, ਜਿਸ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਲਖੀਮਪੁਰ ਖੀਰੀ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਪਰਿਵਾਰਾਂ ਨਾਲ ਹਰ ਤਰ੍ਹਾਂ ਖੜ੍ਹਨ ਦੀ ਗੱਲ ਆਖੀ।
ਸਾਬਕਾ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਜੋਧਪੁਰੀ ਦੇ ਅਕਾਲ ਚਲਾਣੇ ’ਤੇ ਬੀਬੀ ਜਗੀਰ ਕੌਰ ਨੇ ਦੁੱਖ ਪ੍ਰਗਟਾਇਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਸੁਰਿੰਦਰ ਸਿੰਘ ਜੋਧਪੁਰੀ ਦੇ ਅਕਾਲ ਚਲਾਣਾ ਕਰ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਈ ਸੁਰਿੰਦਰ ਸਿੰਘ ਜੋਧਪੁਰੀ ਨੇ ਲੰਮਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਭਾਈ ਸੁਰਿੰਦਰ ਸਿੰਘ ਪਿਛਲੇ ਕਾਫੀ ਸਮੇਂ ਤੋਂ ਜੇਰੇ ਇਲਾਜ਼ ਸਨ, ਜਿਨ੍ਹਾਂ ਦੇ ਅੱਜ ਚਲਾਣਾ ਕਰ ਜਾਣ ਨਾਲ ਪੰਥ ਨੂੰ ਵੱਡਾ ਘਾਟਾ ਪਿਆ ਹੈ।
ਉਨ੍ਹਾਂ ਭਾਈ ਜੋਧਪੁਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਰਮਾਤਮਾ ਦੇ ਚਰਣਾਂ ਵਿਚ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਪ੍ਰਦਾਨ ਕਰਨ। ਇਸੇ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਭਾਈ ਸੁਰਿੰਦਰ ਸਿੰਘ ਜੋਧਪੁਰੀ ਦੇ ਅਕਾਲ ਚਲਾਣੇ ਤੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਈ ਜੋਧਪੁਰੀ ਦੇ ਚਲਾਣੇ ਨਾਲ ਪੰਥ ਇਕ ਚੰਗੇ ਰਾਗੀ ਤੋਂ ਵਾਂਝਾ ਹੋ ਗਿਆ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ