36.7 C
Delhi
Friday, April 26, 2024
spot_img
spot_img

ਲਗਾਤਾਰ ਹਾਰਦੇ ਰਹੇ ਢੀਂਡਸਾ, ਪਾਰਟੀ ਨੇ ਫ਼ਿਰ ਵੀ ਮਾਣ ਦਿੱਤਾ, ਹੁਣ ਮਾਰ ਰਹੇ ਪਿੱਠ ’ਚ ਛੁਰਾ: ਸੁਖ਼ਬੀਰ ਬਾਦਲ

ਮੁਕਤਸਰ,14 ਜਨਵਰੀ, 2020 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਾਂਸਦ ਸੁਖਦੇਵ ਸਿੰਘ ਢੀਂਡਸਾ ਵਰਗਿਆਂ ਨੂੰ, ਜਿਹੜੇ ਇੰਨਾ ਮਾਣ-ਸਨਮਾਨ ਦਿਵਾਉਣ ਵਾਲੀ ਆਪਣੀ ਮਾਂ-ਪਾਰਟੀ ਦੀ ਪਿੱਠ ਵਿਚ ਛੁਰਾ ਮਾਰ ਰਹੇ ਹਨ, ਨੂੰ ਕਦੇ ਵੀ ਟਕਸਾਲੀ ਨਹੀ ਸੱਦਿਆ ਜਾ ਸਕਦਾ, ਕਿਉਂਕਿ ਉਹ ਪੰਥ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇੱਥੇ ‘ਕੌਮ’ ਲਈ ਆਪਾ ਵਾਰਨ ਵਾਲੇ 40 ਮੁਕਤਿਆਂ ਨੂੰ ਸ਼ਰਧਾਂਜ਼ਲੀਆਂ ਭੇਂਟ ਕਰਨ ਮਗਰੋਂ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਟਕਸਾਲੀ ਉਹ ਹੁੰਦਾ ਹੈ, ਜਿਹੜਾ ਪਾਰਟੀ ਪ੍ਰਤੀ ਵਫਾਦਾਰ ਹੁੰਦਾ ਹੈ ਅਤੇ ਕਦੇ ਵੀ ਪਾਰਟੀ ਦੀ ਅਵੱਗਿਆ ਨਹੀਂ ਕਰਦਾ।

ਉਹਨਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਪਿਛਲੇ 35 ਸਾਲਾਂ ਵਿਚ ਸਿਰਫ ਇੱਕ ਚੋਣ ਜਿੱਤੇ ਸਨ, ਪਰ ਇਸ ਦੇ ਬਾਵਜੂਦ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਸਟੇਟ ਬੋਰਡ ਦਾ ਚੇਅਰਮੈਨ ਬਣਾ ਕੇ ਜਾਂ ਰਾਜ ਸਭਾ ਮੈਂਬਰ ਬਣਾ ਕੇ ਪੂਰਾ ਮਾਣ ਸਨਮਾਨ ਦਿੱਤਾ ਸੀ। ਇਹ ਤਦ ਵੀ ਵਾਪਰਿਆ ਸੀ ਜਦੋਂ ਢੀਂਡਸਾ ਤਿੰਨ ਲੱਖ ਵੋਟਾਂ ਦੇ ਫਰਕ ਨਾਲ ਹਾਰੇ ਸਨ। ਉਸ ਸਮੇਂ ਢੀਂਡਸੇ ਨੂੰ ਅਕਾਲੀ ਦਲ ਅਤੇ ਸਰਦਾਰ ਬਾਦਲ ਮਾੜੇ ਨਹੀਂ ਸਨ ਲੱਗਦੇ।

ਇਹ ਟਿੱਪਣੀ ਕਰਦਿਆਂ ਕਿ ਢੀਂਡਸਾ ਅਕਾਲੀ ਦਲ ਦੀ ਪੰਥ ਅਤੇ ਪੰਜਾਬ ਨੂੰ ਦੇਣ ਬਾਰੇ ਇਹ ਕਹਿਕੇ ਸੁਆਲ ਉਠਾ ਰਿਹਾ ਹੈ ਕਿ ਉਹ ਅਕਾਲੀ ਦਲ ਨੂੰ ਬਾਦਲਾਂ ਤੋਂ ਮੁਕਤ ਕਰਨਾ ਚਾਹੁੰਦਾ ਹੈ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਰਦਾਰ ਬਾਦਲ ਲੋਕਾਂ ਦੀ ਸੇਵਾ ਲਈ ਜਾਣੇ ਜਾਂਦੇ ਹਨ। ਬਾਦਲ ਸਾਹਿਬ ਨੇ ਹਮੇਸ਼ਾਂ ਸਭ ਤੋਂ ਮੂਹਰੇ ਹੋ ਕੇ ਅਗਵਾਈ ਕੀਤੀ ਹੈ। ਉਹ ਸਭ ਤੋਂ ਪਹਿਲਾਂ ਜੇਲ੍ਹ ਜਾਂਦੇ ਸਨ ਅਤੇ ਸਭ ਤੋਂ ਬਾਅਦ ਰਿਹਾ ਹੁੰਦੇ ਸਨ।

ਇਹ ਟਿੱਪਣੀ ਕਰਦਿਆਂ ਕਿ ਜਨਤਕ ਸੇਵਾ ਦੇ ਖੇਤਰ ਵਿਚ ਆਪਣੇ ਆਗੂਆਂ ਦੀ ਕਿਸਮਤ ਦਾ ਫੈਸਲਾ ਲੋਕ ਕਰਦੇ ਹਨ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕਾਂ ਨੇ ਅਨੇਕਾਂ ਵਾਰ ਬਾਦਲ ਸਾਹਿਬ ਵਿਚ ਆਪਣਾ ਭਰੋਸਾ ਜਤਾਇਆ ਹੈ ਅਤੇ ਉਹ 1965 ਤੋਂ ਲਗਾਤਾਰ ਚੋਣਾਂ ਜਿੱਤਦੇ ਆ ਰਹੇ ਹਨ। ਇਸ ਦੇ ਉਲਟ ਜਿਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ, ਉਹਨਾਂ ਨੂੰ ਵਾਰ ਵਾਰ ਚੋਣਾਂ ਵਿਚ ਹਾਰ ਦਾ ਮੂੰਹ ਵੇਖਣਾ ਪੈਂਦਾ ਹੈ।

ਸਾਬਕਾ ਮੰਤਰੀ ਪਰਮਿੰਦਰ ਢੀਂਡਸਾ ਬਾਰੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਹ ਉਹਨਾਂ ਲਈ ਛੋਟੇ ਭਰਾ ਵਾਂਗ ਸੀ। ਉਹਨਾਂ ਕਿਹਾ ਕਿ ਮੈ ਹਮੇਸ਼ਾਂ ਨੂੰ ਉਸ ਮਾਣ ਸਨਮਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹ ਮੇਰੇ ਕੋਲ ਆਪਣਾ ਹਲਕਾ ਬਦਲਣ ਲਈ ਆਇਆ। ਮੈਂ ਸਹਿਮਤ ਹੋ ਗਿਆ। ਸਰਦਾਰ ਸੁਖਦੇਵ ਢੀੰਡਸਾ ਨੇ ਆਪਣੇ ਜਵਾਈ ਨੂੰ ਮੁਹਾਲੀ ਤੋਂ ਟਿਕਟ ਦੇਣ ਦੀ ਬੇਨਤੀ ਕੀਤੀ, ਮੈ ਉਹ ਵੀ ਮੰਨ ਲਈ। ਮੈਂ ਬਹੁਤ ਦੁੱਖ ਹੁੰਦਾ ਹੈ ਕਿ ਉਹ ਹੁਣ ਮੈਨੂੰ ਤਾਨਾਸ਼ਾਹ ਕਹਿ ਰਹੇ ਹਨ। ਪਹਿਲਾਂ ਉਹ ਇਹ ਨਹੀ ਕਹਿੰਦੇ ਸਨ।

ਆਪਣੇ ਵਿਵਹਾਰ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਰਦਾਰ ਸੁਖਦੇਵ ਢੀਂਡਸਾ ਮੇਰੇ ਪਿਓ ਸਮਾਨ ਹਨ। ਮੈਂ ਉਹਨਾਂ ਦੇ ਪੈਰ ਛੂਹਦਾਂ ਹਾਂ। ਮੈਂ ਉਹਨਾਂ ਦੀ ਗੋਦੀ ਵਿਚ ਖੇਡਿਆ ਹਾਂ। 35 ਸਾਲਾਂ ਤੋਂ ਸਿਆਸਤ ਵਿਚ ਹੋਣ ਕਰਕੇ ਮੈਂ ਇਹ ਵੀ ਜਾਣਦਾ ਹਾਂ ਕਿ ਬਾਦਲ ਸਾਹਿਬ ਨੇ ਕਦੇ ਵੀ ਸਰਦਾਰ ਢੀਂਡਸਾ ਨੂੰ ਕਿਸੇ ਗੱਲ ਉੱਤੇ ਨਾਂਹ ਨਹੀਂ ਆਖੀ। ਇਸ ਦੇ ਬਾਵਜੂਦ ਸਰਦਾਰ ਢੀਂਡਸਾ ਨੇ ਹੁਣ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਆਪਣਾ ਮਕਸਦ ਬਣਾ ਲਿਆ ਹੈ। ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੀ ਹਾਰ ਜਾਂ ਜਿੱਤ ਤੁਹਾਡੀ ਇੱਛਾ ਮੁਤਾਬਿਕ ਨਹੀਂ, ਸਗੋਂ ਲੋਕਾਂ ਦੀ ਇੱਛਾ ਅਨੁਸਾਰ ਹੋਵੇਗੀ।

ਸਿੱਖ ਸੰਸਥਾਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਾਡੇ ਵਿਰੋਧੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਮੁਕਤ ਕਰਵਾਉਣ ਦੀਆਂ ਗੱਲਾਂ ਕਰ ਰਹੇ ਹਨ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਕਾਲੀ ਦਲ ਇੱਕ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਜਥੇਬੰਦੀ ਹੈ। ਜ਼ਿਲ੍ਹਾ ਪ੍ਰਸਾਸ਼ਨ ਵੋਟਾਂ ਬਣਾਉਂਦਾ ਹੈ, ਜੋ ਕਿ ਸਰਕਾਰੀ ਨਿਗਰਾਨੀ ਹੇਠ ਪਾਈਆਂ ਜਾਂਦੀਆਂ ਹਨ। ਸਾਡਾ ਵਿਰੋਧ ਕਰਨ ਵਾਲੇ ਹਮੇਸ਼ਾਂ ਸ਼੍ਰੋਮਣੀ ਕਮੇਟੀ ਚੋਣਾਂ ‘ਚ ਆਪਣੀ ਕਿਸਮਤ ਅਜ਼ਮਾਉਂਦੇ ਹਨ ਅਤੇ ਸੰਗਤ ਵੱਲੋਂ ਵਾਰ ਵਾਰ ਨਕਾਰੇ ਜਾਂਦੇ ਹਨ।

ਪੰਜਾਬ ਦੇ ਭਖ਼ਦੇ ਮਸਲਿਆਂ ਬਾਰੇ ਬੋਲਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬਿਜਲੀ ਦਰਾਂ ‘ਚ ਅਸਹਿ ਵਾਧਾ ਕਰਕੇ ਲੋਕਾਂ ਉਤੇ ਬੋਝ ਪਾ ਦਿੱਤਾ ਗਿਆ ਹੈ, ਜਿਸ ਨੇ ਸਮਾਜ ਦੇ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਸੂਬੇ ਅੰਦਰ ਉਦਯੋਗ ਚਲਾਉਣਾ ਮੁਸ਼ਕਿਲ ਹੋ ਗਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਰਾਹਤ ਦੇਣ ਦੀ ਬਜਾਇ ਕਾਂਗਰਸ ਸਰਕਾਰ ਨੇ ਉਹਨਾਂ ਉੱਤੇ 22 ਹਜ਼ਾਰ ਕਰੋੜ ਰੁਪਏ ਦਾ ਬੋਝ ਪਾ ਦਿੱਤਾ ਹੈ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਾਣ ਬੁੱਝ ਕੇ ਕੋਲਾ ਧੁਆਈ ਦੇ ਖਰਚਿਆਂ ਸੰਬੰਧੀ ਸੁਪਰੀਮ ਕੋਰਟ ਵਿਚ ਸਰਕਾਰੀ ਪੱਖ ਕਮਜ਼ੋਰ ਰੱਖਿਆ, ਜਿਸ ਨਾਲ ਪ੍ਰਾਈਵੇਟ ਪਲਾਂਟਾਂ ਨੂੰ 1400 ਕਰੋੜ ਰੁਪਏ ਦਾ ਲਾਭ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਇੱਕ ਕੋਲੇ ਦੀ ਖਾਣ ਨੂੰ ਕੀਤੇ 1602 ਕਰੋੜ ਰੁਪਏ ਦੇ ਜੁਰਮਾਨੇ ਖ਼ਿਲਾਫ ਢਾਈ ਸਾਲ ਤੱਕ ਹਾਈ ਕੋਰਟ ਵਿਚ ਕੋਈ ਅਪੀਲ ਨਹੀਂ ਪਾਈ ਅਤੇ ਹੁਣ ਹਾਈਕੋਰਟ ਨੇ ਇਸ ਖ਼ਿਲਾਫ ਫੈਸਲਾ ਸੁਣਾ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਦੋਵੇਂ ਘੁਟਾਲਿਆਂ ਵਿਚ ਸੁਤੰਤਰ ਜਾਂਚ ਦੀ ਮੰਗ ਕਰਦੇ ਹਾਂ।

ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਾਇਆ ਕਿ ਸਰਕਾਰ ਨੇ ਇਸ਼ਤਿਹਾਰਾਂ ਰਾਹੀਂ 10 ਲੱਖ ਨੌਕਰੀਆਂ ਪੈਦਾ ਕਰਨ ਦਾ ਝੂਠਾ ਦਾਅਵਾ ਕੀਤਾ ਹੈ। ਇਹ ਟਿੱਪਣੀ ਕਰਦਿਆਂ ਕਿ ਕਾਂਗਰਸੀ ਹਕੂਮਤ ਦੌਰਾਨ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਮੰਤਰੀ ਅਤੇ ਵਿਧਾਇਕ ਆਪਣੇ ਸਿਆਸੀ ਵਿਰੋਧੀਆਂ ਅਤੇ ਆਮ ਲੋਕਾਂ ਨੂੰ ਡਰਾਉਣ ਲਈ ਗੈਂਗਸਟਰਾਂ ਦਾ ਇਸਤੇਮਾਲ ਕਰ ਰਹੇ ਹਨ। ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਸੂਬੇ ਅੰਦਰ ਕੋਈ ਵਿਕਾਸ ਕਾਰਜ ਨਹੀਂ ਹੋ ਰਿਹਾ ਹੈ।

ਇਸ ਮੌਕੇ ਉੱਤੇ ਬੋਲਦਿਆਂ ਸਾਂਸਦ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਪੰਜਾਬੀਆਂ ਦੇ ਵਿਕਾਸ ਵਿਚ ਪਾਇਆ ਯੋਗਦਾਨ ਬੇਮਿਸਾਲ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਸਰਪ੍ਰਸਤ ਵਾਰ ਵਾਰ ਜੇਲ੍ਹ ਗਏ , ਪਰ ਕਦੇ ਵੀ ਡੋਲੇ ਨਹੀਂ ਅਤੇ ਉਹਨਾਂ ਨੇ ਪੂਰੀ ਲਗਨ ਨਾਲ ਪੰਜਾਬ ਅਤੇ ਪੰਥ ਦੀ ਸੇਵਾ ਕੀਤੀ ਹੈ।

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰਾਂ ਪਿੰਡਾਂ ਦੀਆਂ ਸਰਕਾਰਾਂ ਵਜੋਂ ਜਾਣੀਆਂ ਜਾਂਦੀਆਂ ਹਨ, ਕਿਉਂਕਿ ਉਹਨਾਂ ਨੇ ਹਮੇਸ਼ਾਂ ਸਭ ਤੋਂ ਵੱਧ ਪੇਂਡੂ ਇਲਾਕਿਆਂ ਦਾ ਵਿਕਾਸ ਕੀਤਾ ਹੈ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਨਾ ਸਿਰਫ ਲੋਕਾਂ ਨੂੰ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਦੇ ਲਾਭ ਦਿੱਤੇ ਹਨ, ਸਗੋਂ ਉਹਨਾਂ ਨੇ ਸਿੱਖ ਵਿਰਾਸਤ ਅਤੇ ਕਦਰਾਂ-ਕੀਮਤਾਂ ਦੀ ਵੀ ਸਾਂਭ-ਸੰਭਾਲ ਕੀਤੀ ਹੈ।

ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਾਰੀਆਂ ਸਮਾਜ ਭਲਾਈ ਸਕੀਮਾਂ ਆਟਾ ਦਾਲ ਸਕੀਮ, ਸ਼ਗਨ ਸਕੀਮ ਅਤੇ ਬੁਢਾਪਾ ਪੈਨਸ਼ਨ ਸਕੀਮ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਨ।

ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਦੀ ਜਾਂਚ ਕਰਵਾਉਣ ਕਿ ਇੱਕ ਪਾਕਿਸਤਾਨੀ ਨਾਗਰਿਕ ਕਿਉਂ ਸੂਬੇ ਦੇ ਸਾਰੇ ਸਿਆਸੀ ਫੈਸਲੇ ਲੈ ਰਹੀ ਹੈ? ਉਹਨਾਂ ਕਿਹਾ ਕਿ ਸਾਂਸਦ ਨੇ ਪ੍ਰੀਨੀਤ ਕੌਰ ਨੇ ਵੀ ਇਸ ਸੰਬੰਧੀ ਸਾਬਕਾ ਪ੍ਰਧਾਨ ਮੰਤਰ ਮਨਮੋਹਨ ਸਿੰਘ ਕੋਲ ਸ਼ਿਕਾਇਤ ਕੀਤੀ ਸੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ, ਪ੍ਰੋਫੈਸਰ ਰਜਿੰਦਰ ਭੰਡਾਰੀ, ਕੰਵਰਦੀਪ ਬਰਕੰਦੀ, ਪਰਮਬੰਸ ਸਿੰਘ ਰੋਮਾਣਾ, ਮੰਤਰ ਸਿੰਘ ਬਰਾੜ, ਹਰਪ੍ਰੀਤ ਸਿੰਘ ਅਤੇ ਵਰਦੇਵ ਮਾਨ ਵੀ ਹਾਜ਼ਿਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION