ਯੈੱਸ ਪੰਜਾਬ
ਕਪੂਰਥਲਾ, 10 ਨਵੰਬਰ, 2020 –
ਸੀਨੀਅਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਕਪੂਰਥਲਾ ਸ਼ਹਿਰ ਅੰਦਰ ਵੱਖ-ਵੱਖ ਗਲੀਆਂ ਨੂੰ ਕੰਕਰੀਟ ਨਾਲ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਨਾਂ ਸਾਰੇ ਪ੍ਰਾਜੈਕਟਾਂ ਉੱਪਰ ਲਗਭਗ 2.35 ਕਰੋੜ ਰੁਪੈ ਦੀ ਲਾਗਤ ਆਵੇਗੀ।
ਅੱਜ ਉਨਾਂ ਵਲੋਂ ਦੰਦੂਪੁਰ ਰੋਡ ਵਿਖੇ ਗਲੀਆਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ, ਜਿਸ ਉੱਪਰ 60.64ਲੱਖ ਰੁਪੈ ਦੀ ਲਾਗਤ ਆਵੇਗੀ ਜਦਕਿ ਇਸ ਤੋਂ ਇਲਾਵਾ ਮਾਡਲ ਟਾਊਨ ਰੋਡ ਵਿਖੇ ਸੜਕ ਦੇ ਨਿਰਮਾਣ ਦੇ ਪ੍ਰਾਜੈਕਟ ਉੱਪਰ 43.02 ਲੱਖ ਰੁਪੈ ਦੀ ਲਾਗਤ ਆਵੇਗੀ।
ਇਸ ਤੋਂ ਇਲਾਵਾ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਰਮਣੀਕ ਚੌਂਕ ਤੋਂ ਮਾਰਕਫੈਡ ਚੌਂਕ ਤੱਕ ਸੜਕ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ ਗਿਆ ਜਿਸ ਉੱਪਰ 74.36 ਲੱਖ ਰੁਪੈ ਦਾ ਖਰਚ ਹੋਵੇਗਾ ਜਦਕਿ ਜੇਲ ਰੋਡ ਉੱਪਰ ਬਣਨ ਵਾਲੀਆਂ ਗਲੀਆਂ ਉੱਪਰ 57.47 ਲੱਖ ਰੁਪੈ ਦੀ ਲਾਗਤ ਆਵੇਗੀ।
ਉਦਘਾਟਨੀ ਸਮਾਗਮਾਂ ਦੌਰਾਨ ਰਾਣਾ ਗੁਰਜੀਤ ਸਿੰਘ ਵਲੋਂ ਕਾਂਗਰਸੀ ਵਰਕਰਾਂ ਤੇ ਸਥਾਨਕ ਨਿਵਾਸੀ ਔਰਤਾਂ ਨੂੰ ਮਾਣ ਸਤਿਕਾਰ ਦੇ ਵਜੋਂ ਉਨਾਂ ਕੋਲੋਂ ਰਿਬਨ ਕਟਵਾਕੇ ਕੰਮ ਦੀ ਰਸਮੀ ਸ਼ੁਰੂਆਤ ਕਰਵਾਈ ਗਈ।
ਉਨਾਂ ਕਿਹਾ ਕਿ ਬੀਤੇ ਕੱਲ ਤੇ ਅੱਜ ਜਿਨਾਂ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ,ਇਨਾਂ ਉੱਪਰ 4 ਕਰੋੜ 35 ਲੱਖ ਰੁਪੈ ਦੀ ਲਾਗਤ ਆਵੇਗੀ ਅਤੇ ਇਸ ਸਾਲ ਦੇ ਅੰਤ ਤੱਕ ਇਨਾਂ ਕੰਮਾਂ ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਵਿਕਾਸ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਣਾ ਯਕੀਨੀ ਬਣਾਉਣ ਲਈ ਉਹ ਖੁਦ ਵਿਕਾਸ ਕੰਮਾਂ ਦੀ ਪੰਦਰਵਾੜਾ ਸਮੀਖਿਆ ਕਰਨ। ਉਨਾਂ ਸਥਾਨਕ ਕੌਂਸਲਰਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਆਪੋ ਆਪਣੇ ਵਾਰਡ ਵਿਚ ਕੰਮ ਦੀ ਗੁਣਵੱਤਾ ਲਈ ਨਿਗਰਾਨ ਦੀ ਭੂਮਿਕਾ ਨਿਭਾਉਣ।
ਇਸ ਮੌਕੇ ਮੁੱਖ ਤੌਰ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਨਰਿੰਦਰ ਮਨਸੂ, ਵਿਕਾਸ ਸ਼ਰਮਾ, ਮਾਸਟਰ ਵਿਨੋਦ ਸੂਦ, ਕਰਨ ਮਹਾਜਨ, ਸੁਭਾਸ ਭਾਰਗਵ, ਡਾ, ਰਣਵੀਰ ਕੌਸਲ, ਸੁਰਿੰਦਰ ਪਾਲ ਸਰਪੰਚ, ਕੁਲਦੀਪ ਸ਼ਰਮਾ, ਨਰੇਣ ਵਸ਼ਿਸ਼ਟ, ਸੁਨੀਲ ਅਗਰਵਾਲ, ਰਜਿੰਦਰ ਸ਼ਰਮਾ, ਗੁਰਦੀਪ ਸਿੰਘ, ਵਿਨੋਦ ਕਪੂਰ, ਛੱਜਾ ਸਿੰਘ, ਜਸਵੀਰ ਨਾਰਵੇ, ਨਿਰਮਲ ਸਿੰਘ ਪੱਤੜ , ਜਤਿਨ ਸ਼ਰਮਾ ਹਾਜ਼ਰ ਸਨ।