35.6 C
Delhi
Sunday, April 28, 2024
spot_img
spot_img

ਯੂਕੇ ਦੀ ਸੰਸਦ ’ਚ ਕਿਸਾਨ ਅੰਦੋਲਨ ਦੌਰਾਨ ਜ਼ੋਰਦਾਰ ਆਵਾਜ਼ ਉਠਾਉਣ ਲਈ ਕਿਸਾਨ ਯੂਨੀਅਨਾਂ ਨੇ ਸੰਸਦ ਮੈਂਬਰ ਤਨਮਨਜੀਤ ਢੇਸੀ ਨੂੰ ਸਨਮਾਨਿਤ ਕੀਤਾ

ਯੈੱਸ ਪੰਜਾਬ
ਫਗਵਾੜਾ/ਜਲੰਧਰ, 8 ਅਪ੍ਰੈਲ, 2022:
ਬਰਤਾਨੀਆ ਦੀ ਸੰਸਦ ਵਿੱਚ ਬਹਿਸਾਂ ਅਤੇ ਸਵਾਲਾਂ ਦੌਰਾਨ ਦਿੱਲੀ ਦੀਆਂ ਬਰੂਹਾਂ ’ਤੇ ਚੱਲੇ ਕਿਸਾਨ ਅੰਦੋਲਨ ਬਾਰੇ ਜ਼ੋਰਦਾਰ ਢੰਗ ਨਾਲ ਆਵਾਜ਼ ਉਠਾਉਣ ਲਈ ਅੱਜ ਵੱਖ-ਵੱਖ ਕਿਸਾਨ ਯੂਨੀਅਨਾਂ ਨੇ ਪਿੰਡ ਮੌਲੀ, ਫਗਵਾੜਾ ਵਿੱਚ ਹਲਕਾ ਸਲੋਹ, ਯੂਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਨਮਾਨਿਤ ਵੀ ਕੀਤਾ।

ਭਾਰਤੀ ਕਿਸਾਨ ਯੂਨੀਅਨ (ਦੋਆਬਾ) ਵੱਲੋਂ ਕਰਵਾਏ ਗਏ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸਮਰਥਕ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਜਿੰਨਾਂ ਨੇ ਬੋਲਦਿਆਂ ਵਿਸ਼ਵ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ।

ਮੁੱਖ ਮਹਿਮਾਨ ਯੂਕੇ ਦੇ ਐਮਪੀ ਢੇਸੀ ਨੇ ਭਾਰਤੀ ਕਿਸਾਨਾਂ ਲਈ ਐਨਆਰਆਈ ਭਾਈਚਾਰੇ ਵੱਲੋਂ ਕੀਤੀ ਗਈ ਹਰ ਤਰਾਂ ਦੀ ਸਹਾਇਤਾ ਅਤੇ ਦੇਸ਼ ਵਿੱਚੋਂ ਕਈ ਸਰੋਤਾਂ ਤੋਂ ਪ੍ਰਾਪਤ ਹੰੁਦੀ ਰੋਜਾਨਾ ਜਾਣਕਾਰੀ, ਖਾਸ ਤੌਰ ’ਤੇ ਆਦਮਪੁਰ ਤੋਂ ਉਨਾਂ ਦੇ ਚਾਚਾ ਪਰਮਜੀਤ ਸਿੰਘ ਰਾਏਪੁਰ ਮੈਂਬਰ ਐਸਜੀਪੀਸੀ ਵੱਲੋਂ ਕੀਤੇ ਉਪਰਾਲਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਢੇਸੀ ਨੇ ਖੁਲਾਸਾ ਕੀਤਾ ਕਿ ਉਸਨੇ ਪਹਿਲਕਦਮੀ ਕਰਦਿਆਂ ਯੂਕੇ ਦੇ ਵਿਦੇਸ਼ ਮੰਤਰੀ ਲਈ ਇੱਕ ਪੱਤਰ ਤਿਆਰ ਕਰਕੇ ਉਸ ’ਤੇ 36 ਸੰਸਦ ਮੈਂਬਰਾਂ ਦੁਆਰਾ ਦਸਤਖਤ ਕਰਵਾਏ ਗਏ ਸਨ ਤਾਂ ਜੋ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਭਾਰਤੀ ਵਿਦੇਸ਼ ਮੰਤਰੀ ਕੋਲ ਉਠਾਇਆ ਜਾ ਸਕੇ, ਜੋ ਕਿ ਉਨਾਂ ਨੇ ਸਹੀ ਢੰਗ ਨਾਲ ਕੀਤਾ ਵੀ ਸੀ।

ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਵੀ ਇਸ ਅੰਦੋਲਨ ਬਾਰੇ ਇੱਕ ਪੱਤਰ ਲਿਖਿਆ ਸੀ ਜਿਸ ਉਪਰ 100 ਤੋਂ ਵੱਧ ਬਰਤਾਨਵੀ ਸੰਸਦ ਮੈਂਬਰਾਂ ਵੱਲੋਂ ਦਸਤਖਤ ਕੀਤੇ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜਦੋਂ ਅੱਥਰੂ ਗੈਸ ਅਤੇ ਲਾਠੀਚਾਰਜ ਦੀ ਫੁਟੇਜ ਵਾਇਰਲ ਹੋ ਗਈ ਸੀ ਤਾਂ ਪੁਲਿਸ ਵੱਲੋਂ ਕਿਸਾਨਾਂ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ।

ਆਪਣੇ ਸੰਬੋਧਨ ਵਿੱਚ ਢੇਸੀ ਨੇ ਵੱਖ-ਵੱਖ ਪ੍ਰਵਾਸੀ ਭਾਰਤੀਆਂ ਦੇ ਮੁੱਦੇ ਵੀ ਉਠਾਏ, ਜਿਵੇਂ ਕਿ ਯੂਕੇ ਤੋਂ ਅੰਮਿ੍ਰਤਸਰ ਅਤੇ ਚੰਡੀਗੜ ਲਈ ਹੋਰ ਸਿੱਧੀਆਂ ਉਡਾਣਾਂ ਦੀ ਲੋੜ ਹੈ। ਯੂਕੇ ਦੇ ਐਮਪੀ ਨੇ ਹੋਰ ਚੱਲ ਰਹੇ ਕੰਮਾਂ ਨੂੰ ਵੀ ਉਜਾਗਰ ਕੀਤਾ ਜਿੰਨਾਂ ਵਿੱਚ ਉਹ ਸਰਗਰਮ ਅਗਵਾਈ ਕਰ ਰਿਹਾ ਹੈ, ਉਨਾਂ ਵਿੱਚ ਵਿਸ਼ਵ ਯੁੱਧਾਂ ਦੌਰਾਨ ਸੇਵਾ ਕਰਨ ਵਾਲੇ ਸਿੱਖ ਸੈਨਿਕਾਂ ਲਈ ਕੇਂਦਰੀ ਲੰਦਨ ਵਿੱਚ ਇੱਕ ਯਾਦਗਾਰ ਬਣਾਉਣਾ ਅਤੇ ਪਿਛਲੇ ਸੱਤ ਸਾਲਾਂ ਤੋਂ ਯੂਕੇ ਗੱਤਕਾ ਚੈਂਪੀਅਨਸ਼ਿਪਾਂ ਦਾ ਸਾਲਾਨਾ ਆਯੋਜਨ ਕਰਕੇ ਜੰਗਜੂ ਕਲਾ ਗੱਤਕੇ ਨੂੰ ਉਤਸ਼ਾਹਿਤ ਕਰਨਾ ਸ਼ਾਮਲ ਹੈ।

ਇਸ ਮੌਕੇ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਕਿਰਪਾਲ ਸਿੰਘ ਮੂਸਾਪੁਰ ਸਮੇਤ ਬੀਕੇਯੂ ਦੇ ਆਗੂਆਂ ਨੇ ਢੇਸੀ ਦਾ ਕਿਸਾਨੀ ਮਸਲੇ ਉਠਾਉਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਐਨ.ਆਰ.ਆਈਜ਼ ਅਤੇ ਵਿਸਵ ਭਰ ਤੋਂ ਆਈਆਂ ਜੋਰਦਾਰ ਆਵਾਜਾਂ ਸਦਕਾ ਹੀ ਕਿਸਾਨ ਮੋਰਚੇ ਨੂੰ ਇਤਿਹਾਸਕ ਸਫਲਤਾ ਮਿਲੀ ਹੈ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਪਾਲ ਸਿੰਘ ਢੇਸੀ, ਕਿਸਾਨ ਆਗੂ ਕੁਲਦੀਪ ਸਿੰਘ ਸੰਘਾ, ਹਰਿੰਦਰ ਸਿੰਘ ਖਹਿਰਾ, ਹੁਸਨ ਲਾਲ ਸਰਪੰਚ, ਪਾਲਾ ਮੌਲੀ, ਹਰਬੰਸ ਸਿੰਘ ਹਰਦੋ ਫਰੋਲਾ ਅਤੇ ਡਾ: ਸੁੱਖੀ ਸਮੇਤ ਵੱਡੀ ਗਿਣਤੀ ਵਿੱਚ ਸਥਾਨਕ ਸਿਆਸੀ ਆਗੂ ਵੀ ਹਾਜਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION