30.6 C
Delhi
Friday, April 26, 2024
spot_img
spot_img

‘ਮੇਰੇ ਵਾਅਦੇ ਵਾਅਦੇ, ਤੁਹਾਡੇ ਵਾਅਦੇ ਲੌਲੀਪੌਪ’ – ਕੀ ਹੈ ਪੰਜਾਬ ਅਤੇ ਕਾਂਗਰਸ ਦੀ ਸਿਆਸਤ ਦਾ ਅੱਜ ਦਾ ਸਭ ਤੋਂ ਵੱਡਾ ਸਵਾਲ?

ਯੈੱਸ ਪੰਜਾਬ
ਚੰਡੀਗੜ੍ਹ, 3 ਜਨਵਰੀ, 2022:
ਪੰਜਾਬ ਦੀ ਸਿਆਸਤ ਦਾ ਅਤੇ ਕਾਂਗਰਸ ਦੀ ਅੰਦਰੂਨੀ ਸਿਆਸਤ ਦਾ ਸੋਮਵਾਰ, 3 ਜਨਵਰੀ ਦਾ ਸਭ ਤੋਂ ਵੱਡਾ ਸਵਾਲ ਸਿਆਸਤਦਾਨਾਂ ਅਤੇ ਆਮ ਲੋਕਾਂ ਦੇ ਸਾਹਮਣੇ ਮੂੰਹ ਅੱਡੀ ਖੜ੍ਹਾ ਹੈ।

ਇਹ ਸਵਾਲ ਹੈ ਕਿ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਵੱਲੋਂ ਔਰਤਾਂ ਅਤੇ ਬੱਚੀਆਂ ਲਈ ਕੀਤੇ ਗਏ ਕਈ ਅਹਿਮ ਐਲਾਨ ਕੀ ਸ: ਨਵਜੋਤ ਸਿੰਘ ਸਿੱਧੂ ਦੇ ਖ਼ੁਦ ਦੇ ਨਿੱਜੀ ਐਲਾਨ ਹਨ ਜਾਂ ਫ਼ਿਰ ਇਹ ਕਾਂਗਰਸ ਪਾਰਟੀ ਦੇ ਐਲਾਨ ਅਤੇ ਵਾਅਦੇ ਹਨ।

ਇਸ ਸਵਾਲ ਦਾ ਜਵਾਬ ਅਜੇ ਤਕ ਨਾਦਾਰਦ ਹੈ ਜਾਂ ਫ਼ਿਰ ਕਹਿ ਲਈਏ ਕਿ ਇਸ ਬਾਰੇ ਸਥਿਤੀ ਅਜੇ ਕੋਈ ਸਪਸ਼ਟ ਨਹੀਂ ਹੈ। ਇਹ ਵੀ ਸ: ਨਵਜੋਤ ਸਿੰਘ ਸਿੱਧੂ ਦੀ ਸ਼ਖਸੀਅਤ ਦਾ ‘ਕਰੈਡਿਬਿਲਿਟੀ ਕ੍ਰਾਈਸਿਸ’ ਹੀ ਹੈ ਕਿ ਇਹ ਸਵਾਲ ਉੱਠਿਆ ਹੈ।

ਜਦੋਂ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਕੋਈ ਐਲਾਨ ਕਰਦੇ ਹਨ, ਗਾਰੰਟੀਆਂ ਦਿੰਦੇ ਹਨ ਜਾਂ ਫ਼ਿਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਕੋਈ ਵਾਅਦੇ ਕਰਦੇ ਹਨ ਤਾਂ ਘੱਟੋ ਘੱਟ ਇਹ ਸਵਾਲ ਤਾਂ ਨਹੀਂ ਖੜ੍ਹਦਾ ਕਿ ਕੀ ਇਹ ਐਲਾਨ ‘ਆਮ ਆਦਮੀ ਪਾਰਟੀ’ ਜਾਂ ਫ਼ਿਰ ‘ਸ਼੍ਰੋਮਣੀ ਅਕਾਲੀ ਦਲ ਦੇ ਹਨ ਜਾਂ ਨਹੀਂ।

ਇਸ ਤਰ੍ਹਾਂ ਦਾ ਸੰਕਟ ਪਹਿਲਾਂ ਰਹੇ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਲਈ ਵੀ ਕਦੇ ਨਹੀਂ ਆਇਆ ਕਿਉਂਕਿ ਉਹਨਾਂ ਬਾਰੇ ਇਹ ਸਪਸ਼ਟ ਹੁੰਦਾ ਸੀ ਕਿ ਉਹ ਜੋ ਕਹਿ ਰਹੇ ਹਨ, ਉਹ ਹਾਈਕਮਾਨ ਦੀ ਪ੍ਰਵਾਨਗੀ ਨਾਲ ਅਤੇ ਦੂਜੇ ਆਗੂਆਂ ਨੂੰ ਨਾਲ ਲੈ ਕੇ ਜਾਂ ਭਰੋਸੇ ਵਿੱਚ ਲੈ ਕੇ ਹੀ ਕਹਿ ਰਹੇ ਹਨ ਪਰ ਸ: ਸਿੱਧੂ ਵੱਲੋਂ ਪਿਛਲੇ ਦਿਨਾਂ ਵਿੱਚ ਜਿਸ ਤਰ੍ਹਾਂ ਪਾਰਟੀ ਉਮੀਦਵਾਰਾਂ ਨੂੰ ਸਟੇਜਾਂ ਤੋਂ ਪੇਸ਼ ਕਰਕੇ ਉਨ੍ਹਾਂ ਨੂੰ ਜਿਤਾਉਣ ਦੇ ਦਾਅਵਿਆਂ ਨੂੰ ਕਾਂਗਰਸ ਦੇ ਸਭਿਆਚਾਰ ਦੇ ਉਲਟ ਦੱਸਿਆ ਗਿਆ ਅਤੇ ਜਿਵੇਂ ਅੱਜ ਕੀਤੇ ਗਏ ਐਲਾਨਾਂ ਤੋਂ ਬਾਅਦ ਵਿਰੋਧੀਆਂ ਦੀ ਅਲੋਚਨਾ ਅਤੇ ਕਾਂਗਰਸ ਦੀ ਚੁੱਪ ਸਾਹਮਣੇ ਆਈ ਹੈ, ਉਸ ਨੇ ਕਈ ਖ਼ਦਸ਼ੇ ਅਤੇ ਸਵਾਲ ਖੜ੍ਹੇ ਕੀਤੇ ਹਨ।

ਸ: ਸਿੱਧੂ ਦੇ ਐਲਾਨਾਂ ਤੋਂ ਬਾਅਦ ਵਿਰੋਧੀਆਂ ਨੇ ਤਾਂ ਸਵਾਲਾਂ ਦੀ ਝੜੀ ਲਗਾਈ ਹੀ ਹੈ, ਇਕ ਕੈਬਨਿਟ ਮੰਤਰੀ ਵੀ ਬੋਲੇ ਹਨ। ਰਾਣਾ ਗੁਰਜੀਤ ਸਿੰਘ ਦੀ ਗੱਲ ’ਤੇ ਜਾਈਏ ਤਾਂ ਇਹ ਕਾਂਗਰਸ ਦੇ ਨਹੀਂ ਸਗੋਂ ਪ੍ਰਦੇਸ਼ ਪਧਾਨ ਦੇ ਨਿੱਜੀ ਹੈਸੀਅਤ ਵਿੱਚ ਕੀਤੇ ਗਏ ਐਲਾਨ ਹਨ।

ਉਂਜ ਸਿਆਸੀ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਕਾਂਗਰਸ ਪਾਰਟੀ ਵਿੱਚ ਐਲਾਨ ਇਸ ਤਰ੍ਹਾਂ ਨਹੀਂ ਹੁੰਦੇ। ਬਕਾਇਦਾ ਮੈਨੀਫ਼ੈਸਟੋ ਬਣਦਾ ਹੈ ਜਿਸ ਲਈ ਇਕ ਵੱਖਰੀ ਕਮੇਟੀ ਹੁੰਦੀ ਹੈ ਜਿਹੜੀ ਇਸ ਵਾਰ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਬਣਾਈ ਗਈ ਹੈ ਅਤੇ ਸੂਚਨਾ ਅਨੁਸਾਰ ਅਜੇ ਕੋਈ ਮੈਨੀਫ਼ੈਸਟੋ ਫ਼ਾਈਨਲ ਕਰਨਾ ਤਾਂ ਦੂਰ ਮੁੱਢਲੇ ਤੌਰ ’ਤੇ ਬਣਿਆ ਵੀ ਨਹੀਂ।

ਇਕ ਸੀਨੀਅਰ ਆਗੂ ਦਾ ਕਹਿਣਾ ਹੈ ਕਿ ਸ: ਸਿੱਧੂ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਕਾਂਗਰਸ ਪਾਰਟੀ ਦੇ ਇਸ ਤਰ੍ਹਾਂ ਦੇ ਐਲਾਨ ਜਾਂ ਤਾਂ ਦਿੱਲੀ ਤੋਂ ਮੈਨੀਫ਼ੈਸਟੋ ਜਾਰੀ ਕਰਕੇ ਹੁੰਦੇ ਹਨ ਜਾਂ ਫ਼ਿਰ ਚੰਡੀਗੜ੍ਹ ਤੋਂ ਅਤੇ ਮੈਨੀਫ਼ੈਸਟੋ ਵਾਲਾ ਇਹ ਡਾਕੂਮੈਂਟ ਇਕ ਦਮ ਹੀ ਪਿਟਾਰੇ ਵਾਂਗ ਖੋਲ੍ਹਿਆ ਅਤੇ ਛਪੇ ਅਤੇ ਡਿਜੀਟਲ ਰੂਪ ਵਿੱਚ ਜਾਰੀ ਕੀਤਾ ਜਾਂਦਾ ਹੈ ਨਾ ਕਿ ਕਿਸੇ ਹਲਕੇ ਦੇ ਪਿੰਡ ਦੀ ਸਟੇਜ ਤੋਂ ਪ੍ਰਧਾਨ ਵੱਲੋਂ ਇਕੱਲਿਆਂ ਹੀ ਪੜ੍ਹ ਦਿੱਤਾ ਜਾਂਦਾ ਹੈ।

ਭਾਵੇਂ ਖ਼ੁਦ ਸ: ਸਿੱਧੂ ਨੇ ਅੱਜ ਭਦੌੜ ਹਲਕੇ ਵਿੱਚ ਰੈਲੀ ਦੀ ਸਟੇਜ ਤੋਂ ਇਹ ਐਲਾਨ ਕਰਦਿਆਂ ਦਾਅਵਾ ਕੀਤਾ ਸੀ ਕਿ ਉਹ ਇਹ ਐਲਾਨ ਕਾਂਗਰਸ ਵੱਲੋਂ, ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ ਅਤੇ ਸ੍ਰੀਮਤੀ ਪ੍ਰਿਅੰਕਾ ਗਾਂਧੀ ਵੱਲੋਂ ਕਰ ਰਹੇ ਹਨ ਪਰ ਕਾਂਗਰਸ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਐਲਾਨਾਂ ਨਾਲ ਕਾਂਗਰਸ ਦੇ ਸਾਰੇ ਵੱਡੇ ਆਗੂ ਹੱਕੇ ਬੱਕੇ ਰਹਿ ਗਏ ਹਨ ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਐਲਾਨਾਂ ਦੀ ਹਾਈਕਮਾਨ ਵੱਲੋਂ ਪ੍ਰਵਾਨਗੀ ਬਾਰੇ ਕੋਈ ਸੂਚਨਾ ਨਹੀਂ ਹੈ।

ਆਉਂਦੇ ਦਿਨਾਂ ਵਿੱਚ ਕਾਂਗਰਸ ਦੇ ਅੰਦਰ ਇਹ ਵੱਡਾ ਮੁੱਦਾ ਬਣਨ ਵਾਲਾ ਹੈ ਕਿਉਂਕਿ ਸ: ਸਿੱਧੂ ਵੱਲੋਂ ਕੀਤੇ ਐਲਾਨਾਂ ਨੂੰ ਕਾਂਗਰਸ ਦੇ ਕਈ ਵੱਡੇ ਆਗੂ ਖ਼ੁਦ ਹੀ ਗੈਰ-ਵਿਹਾਰਕ ਮੰਨ ਰਹੇ ਹਨ।

ਇਸ ਤੋਂ ਇਲਾਵਾ ਵਿਰੋਧੀ ਧਿਰਾਂ ਅਤੇ ਕਾਂਗਰਸ ਦੇ ਅੰਦਰ ਇਸ ਗੱਲ ’ਤੇ ਵੀ ਸਵਾਲ ਉੱਠ ਰਹੇ ਹਨ ਕਿ ਸ: ਸਿੱਧੂ ਦੂਜੀਆਂ ਪਾਰਟੀਆਂ ਅਤੇ ਧਿਰਾਂ ਦੀ ਤਾਂ ਗੱਲ ਛੱਡੋ ਕਈ ਵਾਰ ਆਪਣੇ ਮੁੱਖ ਮੰਤਰੀ ਵੱਲੋਂ ਆਖ਼ੀਆਂ ਗੱਲਾਂ ਨੂੰ ਵੀ ‘ਲੌਲੀਪੌਪ’ ਦੱਸ ਕੇ ਜਨਤਕ ਤੌਰ ’ਤੇ ਛੁਟਿਆਉਂਦੇ ਨਜ਼ਰ ਆਉਂਦੇ ਹਨ ਪਰ ਹੁਣ ਆਪ ਐਲਾਨ ਕਰਕੇ ਕਹਿ ਰਹੇ ਹਨ ਕਿ ਮੇਰੀ ਜ਼ੁਬਾਨ ’ਤੇ ਵਿਸ਼ਵਾਸ ਕਰੋ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ‘ਮੇਰੇ ਵਾਅਦੇ ਵਾਅਦੇ ਤੁਹਾਡੇ ਵਾਅਦੇ ਲੌਲੀਪੌਪ’ ਵਾਲੀ ਕਹਾਣੀ ਕਿਸੇ ਨੂੰ ਪਚਣ ਵਾਲੀ ਨਹੀਂ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION