25.1 C
Delhi
Friday, May 3, 2024
spot_img
spot_img

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਕੀਲ ਭਾਈਚਾਰੇ ਨੂੰ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਆਵਾਜ਼ ਬਣਨ ਦਾ ਸੱਦਾ

ਯੈੱਸ ਪੰਜਾਬ
ਚੰਡੀਗੜ੍ਹ, 17 ਦਸੰਬਰ, 2022:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਕੀਲ ਭਾਈਚਾਰੇ ਨੂੰ ਬੇਸਹਾਰਾ ਅਤੇ ਲੋੜਵੰਦ ਲੋਕਾਂ ਨੂੰ ਪਹਿਲ ਦੇ ਆਧਾਰ ਉਤੇ ਇਨਸਾਫ ਦਿਵਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਸਮਾਜ ਦੇ ਭਲੇ ਲਈ ਸਰਗਰਮ ਭੂਮਿਕਾ ਅਦਾ ਕਰਨੀ ਚਾਹੀਦੀ ਹੈ।

ਅੱਜ ਇੱਥੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਨਵੇਂ ਵਕੀਲਾਂ ਨੂੰ ਲਾਇਸੰਸ ਵੰਡਣ ਅਤੇ ਬਾਰ ਕੌਂਸਲ ਦੀਆਂ ਆਨਲਾਈਨ ਸੇਵਾਵਾਂ ਦੀ ਸ਼ੁਰੂਆਤ ਕਰਨ ਮੌਕੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਨੌਜਵਾਨ ਵਕੀਲਾਂ ਨੂੰ ਵਡੇਰੇ ਜਨਤਕ ਹਿੱਤਾਂ ਲਈ ਆਪਣੀ ਜ਼ਿੰਮੇਵਾਰੀ ਪੇਸ਼ੇਵਰ ਵਚਨਬੱਧਤਾ, ਸਮਰਪਣ ਭਾਵਨਾ ਤੇ ਸੰਜੀਦਗੀ ਨਾਲ ਨਿਭਾਉਣੀ ਲਈ ਆਖਿਆ।

ਉਨ੍ਹਾਂ ਕਿਹਾ ਕਿ ਸਮਰਪਿਤ ਹੋ ਕੇ ਕੰਮ ਕਰਨ ਵਾਲੇ ਵਕੀਲ ਨਾ ਸਿਰਫ ਆਪਣਾ ਨਾਮ ਰੌਸ਼ਨ ਕਰਦੇ ਹਨ ਸਗੋਂ ਅਦਾਲਤਾਂ ਵਿਚ ਲੋੜਵੰਦ ਲੋਕਾਂ ਨੂੰ ਇਨਸਾਫ ਦਿਵਾ ਕੇ ਉਨ੍ਹਾਂ ਦੇ ਚਿਹਰਿਆਂ ਉਤੇ ਮੁਸਕਰਾਹਟ ਵੀ ਲਿਆਉਂਦੇ ਹਨ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਮਿਆਰੀ ਸਿੱਖਿਆ, ਬਿਹਤਰ ਸਿਹਤ ਸੇਵਾਵਾਂ ਅਤੇ ਲੋੜਵੰਦ ਨੂੰ ਇਨਸਾਫ਼ ਦਿਵਾਉਣਾ ਉਨ੍ਹਾਂ ਦੀ ਸਰਕਾਰ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਇਸ ਸਬੰਧੀ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ।

ਉਨ੍ਹਾਂ ਨੇ ਵਕੀਲਾਂ ਨੂੰ ਮੁਖਾਤਬ ਹੁੰਦਿਆਂ ਕਿਹਾ, “ਤਰੱਕੀ ਕਦੇ ਵੀ ਰਾਤੋ-ਰਾਤ ਨਹੀਂ ਮਿਲਦੀ, ਸਫਲਤਾ ਦਾ ਇਕਮਾਤਰ ਢੰਗ-ਤਰੀਕਾ ਸਖ਼ਤ ਮਿਹਨਤ ਅਤੇ ਲਗਨ ਹੀ ਹੈ ਜੋ ਇਨਸਾਨ ਨੂੰ ਉਸ ਦੀ ਮੰਜ਼ਿਲ ਉਤੇ ਪਹੁੰਚਾ ਦਿੰਦਾ ਹੈ। ਤੁਸੀਂ ਵੀ ਵਕਾਲਤ ਸ਼ੁਰੂ ਕਰਨ ਜਾ ਰਹੇ ਹੋ ਜੋ ਬਹੁਤ ਜ਼ਿੰਮੇਵਾਰੀ ਵਾਲਾ ਪੇਸ਼ਾ ਹੈ। ਉਮੀਦ ਹੈ ਕਿ ਤੁਸੀਂ ਲੋੜਵੰਦ ਵਿਅਕਤੀ ਨੂੰ ਸੇਵਾ-ਭਾਵਨਾ ਨਾਲ ਇਨਸਾਫ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰੋਗੇ।”

ਲਾਇਸੰਸ ਪ੍ਰਾਪਤ ਕਰਨ ਵਾਲੇ ਨਵੇਂ ਵਕੀਲਾਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਜਿਸ ਤਰ੍ਹਾਂ ਨਵੇਂ ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀ ਤਜਰਬਾ ਹਾਸਲ ਕਰਨ ਲਈ ਆਪਣੇ ਕਰੀਅਰ ਦੀ ਸ਼ੁਰੂਆਤ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ਅਤੇ ਥਾਣਿਆਂ ਤੋਂ ਕਰਦੇ ਹਨ, ਓਸੇ ਤਰ੍ਹਾਂ ਨਵੇਂ ਵਕੀਲਾਂ ਨੂੰ ਵੀ ਸਰਕਾਰ ਦੇ ਮਹੱਤਵਪੂਰਨ ਕਾਨੂੰਨੀ ਮਾਮਲਿਆਂ ਵਿਚ ਟਰੇਨੀ ਦੇ ਤੌਰ ਉਤੇ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਉਹ ਸੀਨੀਅਰ ਵਕੀਲਾਂ ਵੱਲੋਂ ਉਭਾਰੇ ਜਾਂਦੇ ਨੁਕਤਿਆਂ ਬਾਰੇ ਆਪਣੇ ਪੇਸ਼ੇ ਦੀ ਸ਼ੁਰੂਆਤ ਵਿਚ ਹੀ ਤਜਰਬਾ ਹਾਸਲ ਕਰ ਸਕਣ।

ਬਾਰ ਕੌਂਸਲ ਵੱਲੋਂ ਉਠਾਈਆਂ ਵੱਖ-ਵੱਖ ਮੰਗਾਂ ਦੇ ਜਵਾਬ ਵਿਚ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜ਼ਿਲ੍ਹਾ ਪੱਧਰ ਉਤੇ ਵਕੀਲਾਂ ਲਈ ਚੈਂਬਰਾਂ ਦੀ ਵਿਵਸਥਾ, ਲਾਇਬ੍ਰਰੇਰੀਆਂ ਆਦਿ ਸਹੂਲਤਾਂ ਮੁਹੱਈਆ ਕਰਵਾਉਣ ਲਈ ਢੁਕਵਾਂ ਸਹਿਯੋਗ ਦੇਵੇਗੀ।

ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ, ਪੰਜਾਬ ਤੇ ਹਰਿਆਣਾ ਦੇ ਐਡਵੋਕੇਟ ਜਨਰਲ ਵਿਨੋਦ ਘਈ ਅਤੇ ਪੰਜਾਬ ਤੇ ਹਰਿਆਣਾ ਬਾਰ ਕੌਂਸਲ ਦੇ ਚੇਅਰਮੈਨ ਸੁਰਵੀਰ ਸਿੱਧੂ ਸਮੇਤ ਹੋਰ ਸ਼ਖਸੀਅਤਾਂ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION