ਅੱਜ-ਨਾਮਾ
ਖੁਸ਼ ਨਹੀਂ ਲੀਡਰ ਪੰਜਾਬ ਦੇ ਕਾਂਗਰਸੀਏ,
ਜਦ ਵੀ ਮਿਲਣ ਤੇ ਦੁੱਖ ਗਿਣਾਉਣ ਬੇਲੀ।
ਕਹਿੰਦੇ ਸਰਕਾਰ ਹੈ ਸਾਡੀ ਪੰਜਾਬ ਅੰਦਰ,
ਅਕਾਲੀ ਆਉਣ ਤੇ ਕੰਮ ਕਰਾਉਣ ਬੇਲੀ।
ਮਿਲਦੇ ਅਫਸਰ ਹਨ ਝੱਟ ਅਕਾਲੀਆਂ ਨੂੰ,
ਦੱਸਿਆ ਕੰਮ ਵੀ ਝੱਟ ਭੁਗਤਾਉਣ ਬੇਲੀ।
ਸਾਨੂੰ ਦਫਤਰ ਦੇ ਬਾਹਰ ਬਿਠਾਈ ਰੱਖਣ,
ਲਾਰਾ ਲਾਉਣ ਤੇ ਪਿੱਛੋਂ ਟਰਕਾਉਣ ਬੇਲੀ।
ਕਹਿੰਦੇ ਕੈਪਟਨ ਨੂੰ ਸਾਡੜਾ ਮਿਲਣ ਔਖਾ,
ਉਹਦੇ ਕੋਲ ਨਹੀਂ ਮਿਲਣ ਦਾ ਸਮਾਂ ਬੇਲੀ।
ਇਹੋ ਈ ਹਾਲ ਜਾਂ ਰਿਹਾ ਤਾਂ ਸਮਝ ਛੱਡੋ,
ਕਿਸ਼ਤੀ ਪਾਰਟੀ ਦੀ ਡੁੱਬਦੀ ਜਮਾਂ ਬੇਲੀ।
-ਤੀਸ ਮਾਰ ਖਾਂ
ਨਵੰਬਰ 24, 2019