40.6 C
Delhi
Sunday, June 2, 2024
spot_img
spot_img
spot_img

ਮਾਤ ਭਾਸ਼ਾ ਦੀ ਵਰਤੋਂ ਲੋਕਾਂ ਦਾ ਬੁਨਿਆਦੀ ਅਤੇ ਜਨਮ ਸਿੱਧ ਅਧਿਕਾਰ: ਮਿੱਤਰ ਸੈਨ ਮੀਤ

ਯੈੱਸ ਪੰਜਾਬ
ਚੰਡੀਗੜ੍ਹ, 22 ਜਨਵਰੀ, 2021 –
ਸੰਸਾਰ ਭਰ ਦੇ ਭਾਸ਼ਾ ਵਿਗਿਆਨੀ ਸਾਰੀਆਂ ਭਾਸ਼ਾਵਾਂ ਦੀ ਸਮਾਨਤਾ ਲਈ ਸੰਘਰਸ਼ ਕਰ ਰਹੇ ਹਨ। ਦੂਜੇ ਪਾਸੇ ਪੰਜਾਬੀ ਸੂਬੇ ਦੀ ਸਥਾਪਨਾ ਹੋ ਜਾਣ ਬਾਅਦ ਵੀ ਪੰਜਾਬ ਦੀਆਂ ਸਰਕਾਰਾਂ ਹੀ ਮਾਂ ਬੋਲੀ ਨੂੰ ਨਜ਼ਰ ਅੰਦਾਜ਼ ਕਰਦੀਆਂ ਆ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉੱਘੇ ਨਾਵਲਕਾਰ ਅਤੇ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਦੇ ਮੁਖੀ ਸ੍ਰੀ ਮਿੱਤਰ ਸੈਨ ਮੀਤ ਸਾਬਕਾ ਅਟਾਰਿਨੀ ਨੇ ਸ਼ੁਭ ਕਰਮਨ ਭਵਨ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਸਥਾਨਕ ਇਕਾਈ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਨਾਲ ਮਿਲਣੀ ਦੌਰਾਨ ਕੀਤਾ।

ਉਹਨਾਂ ਕਿਹਾ ਕਿ ਲੋਕਾਂ ਦਾ ਬੁਨਿਆਦੀ ਅਤੇ ਜਨਮ ਸਿੱਧ ਅਧਿਕਾਰ ਹੈ ਕਿ ਉਹ ਕਾਰਜਪਾਲਕਾ, ਨਿਆਂਪਾਲਕਾ ਅਤੇ ਵਿਧਾਨ ਪਾਲਕਾ ਆਦਿ ਹਰ ਥਾਂ ਮਾਤਾ ਭਾਸ਼ਾ ਵਿਚ ਕੰਮ ਕਰਨ ਅਤੇ ਕਰਵਾਉਣ। ਸੰਵਿਧਾਨ ਵੱਖ ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਕੇਂਦਰ ਸਰਕਾਰ ਵਲੋਂ ਸੰਨ 1963 ਵਿਚ ਰਾਜ ਭਾਸ਼ਾ ਐਕਟ ਬਣਾ ਕੇ ਇਹਨਾਂ ਵਿਵਸਥਾਵਾਂ ਨੂੰ ਹੋਰ ਪੱਕਾ ਕੀਤਾ ਹੈ।

ਸ: ਹਰਬਖਸ਼ ਸਿੰਘ ਗਰੇਵਾਲ ਕੇਂਦਰੀ ਸੰਚਾਲਕ ਭਾਈਚਾਰਾ ਨੇ ਦੱਸਿਆ ਕਿ ਭਾਈਚਾਰੇ ਨੇ ਭਾਸ਼ਾ ਵਿਭਾਗ, ਪੰਜਾਬ ਰਾਜ ਬਿਜਲੀ ਬੋਰਡ ਅਤੇ ਸਿੱਖਿਆ ਵਿਭਾਗ ਨੂੰ ਕਾਨੂੰਨੀ ਨੋਟਿਸ ਭੇਜੇ ਹਨ। ਕਿਉਂਕਿ ਪੰਜਾਬ ਰਾਜ ਭਾਸ਼ਾ ਐਕਟ 1967 ਅਨੁਸਾਰ ਡਾਇਰੈਕਟਰ ਭਾਸ਼ਾ ਵਿਭਾਗ ਦੀ ਜ਼ਿੰਮੇਵਾਰੀ ਹੈ ਕਿ ਉਹ ਲਗਾਤਾਰ ਪੰਜਾਬ ਸਰਕਾਰ ਦੇ ਦਫ਼ਤਰਾਂ ਵਿਚ ਜਾ ਕੇ ਪੜਤਾਲ ਕਰੇ ਅਤੇ ਕੰਮ-ਕਾਜ ਨੂੰ ਪੰਜਾਬੀ ਵਿਚ ਕਰਨਾ ਯਕੀਨੀ ਬਣਾਵੇ।

ਜਿਹੜੇ ਅਧਿਕਾਰੀ ਜਾਂ ਕਰਮਚਾਰੀ ਕੁਤਾਹੀ ਕਰਦੇ ਹਨ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਦੀ ਜ਼ਿੰਮੇਵਾਰੀ ਵੀ ਭਾਸ਼ਾ ਵਿਭਾਗ ਦੀ ਹੈ। ਨਤੀਜੇ ਵਜੋਂ ਬਿਜਲੀ ਬੋਰਡ ਵੀ ਮੋੜਾ ਕੱਟ ਰਿਹਾ ਹੈ ਅਤੇ ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਚਿੱਠੀ ਪੱਤਰ ਪੰਜਾਬੀ ਵਿਚ ਕਰਨਾ ਸ਼ੁਰੂ ਕਰ ਦਿੱਤਾ ਹੈ।

ਸ: ਮਹਿੰਦਰ ਸਿੰਘ ਸੇਖੋਂ ਸਹਿ ਸੰਚਾਲਕ ਭਾਈਚਾਰਾ ਨੇ ਕਿਹਾ ਕਿ ਹੁਣੇ 17 ਜਨਵਰੀ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਦੇ ਤਹਿਤ ਵਿਕਲਪੀ ਵਿਸ਼ੇ ਦਾ ਇਮਤਿਹਾਨ ਸੀ। ਪੰਜਾਬੀ ਸਾਹਿਤ ਵਿਸ਼ੇ ਦੇ ਪ੍ਰਸ਼ਨ ਪੱਤਰ ਵਿਚ ਸ਼ਬਦ ਜੋੜਾਂ ਦੀਆਂ ਅਨੇਕ ਗ਼ਲਤੀਆਂ ਸਨ। ਜਿੱਥੇ ਪ੍ਰੀਖਿਆਰਥੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਪ੍ਰਬੰਧਕਾਂ ਦੁਆਰਾ ਪੰਜਾਬੀ ਭਾਸ਼ਾ ਪ੍ਰਤੀ ਕੀਤੀ ਗਈ ਅਣਗਹਿਲੀ ਵੀ ਸਪੱਸ਼ਟ ਹੁੰਦੀ ਹੈ।

ਸ: ਰਘਬੀਰ ਸਿੰਘ ਟੇਰਕਿਆਨਾ ਐਡਵੋਕੇਟ ਜ਼ਿਲ੍ਹਾ ਲੇਖਕ ਸਭਾ ਦੇ ਮੁਖੀ ਨੇ ਸ੍ਰੀ ਮਿੱਤਰ ਸੈਨ ਮੀਤ ਦੇ ਨਾਵਲਾਂ ਦਾ ਹਵਾਲਾ ਦੇਂਦਿਆਂ ਕਿਹਾ ਕਿ ਹਰ ਨਾਵਲ ਜਿੱਥੇ ਹਰ ਰੂਹ ਨੂੰ ਟੁਬੰਦਾ ਹੈ ਉੱਥੇ ਭ੍ਰਿਸ਼ਟ ਤੇ ਨਿਰਦਈ ਵਰਤਾਰੇ ਦੇ ਹਰ ਪਾਜ ਨੂੰ ਬੜੀ ਬੇਬਾਕੀ ਨਾਲ ਉਘਾੜਦਾ ਹੈ। ਨਾਵਲਾਂ ਦੇ ਮਿਆਰ ਦੀ ਮਿਸਾਲ ਹੈ ਕਿ ਕਾਲਜਾਂ ਯੂਨੀਵਰਸਿਟੀਆਂ ਅਤੇ ਪੁਲਿਸ ਟ੍ਰੇਨਿੰਗ ਸੈਂਟਰਾਂ ਵਿਚ ਪੜ੍ਹੇ ਪੜ੍ਹਾਏ ਜਾਂਦੇ ਹਨ।

ਡਾ: ਪਰਮਿੰਦਰ ਸਿੰਘ ਖਾਨਪੁਰ ਸਹੋਤਾ ਨੇ ਜੀ ਆਇਆਂ ਆਖਦਿਆਂ ਇਸ ਮਿਲਣੀ ਨੂੰ ਹੁਸ਼ਿਆਰਪੁਰ ਲਈ ਮਾਣ ਕਰਾਰ ਦਿੱਤਾ। ਹੁਸ਼ਿਆਰਪੁਰ ਇਕਾਈ ਦੇ ਸੰਯੋਜਕ ਰਸ਼ਪਾਲ ਸਿੰਘ ਮੁਖੀ ਸ਼ੁਭ ਕਰਮਨ ਸੁਸਾਇਟੀ ਨੇ ਸ੍ਰੀ ਮਿੱਤਰ ਸੈਨ ਮੀਤ ਜੀ ਦੇ ਉਪਰਾਲਿਆਂ ਦੇ ਪ੍ਰਚਾਰ-ਪ੍ਰਸਾਰ ਲਈ ਭਰੋਸਾ ਦਿੱਤਾ। ਪ੍ਰਿੰਸੀਪਲ ਕਿਰਨਪ੍ਰੀਤ ਕੌਰ ਧਾਮੀ ਨੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

ਇਸ ਮੌਕੇ ਸ਼ੁਭ ਕਰਮਨ ਸੁਸਾਇਟੀ ਦੇ ਅਹੁਦੇਦਾਰ ਇੰਜ: ਹਰਜੀਤਪਾਲ ਸਿੰਘ, ਇੰਜ: ਗੁਲਜ਼ਾਰ ਸਿੰਘ ਤੋਂ ਇਲਾਵਾ ਪ੍ਰਿੰ: ਵਿਜੈ ਕੁਮਾਰ ਕਲਸੀ, ਇੰਜ: ਐਸ. ਪੀ. ਸ਼ਰਮਾ, ਮਾਸਟਰ ਗੁਰਬਖਸ਼ ਸਿੰਘ, ਹੈਡ ਟੀਚਰ ਅਵਨਿੰਦਰ ਕੌਰ, ਗੁਰਪਾਲ ਸਿੰਘ, ਇਸ਼ਟਪ੍ਰੀਤ ਸਿੰਘ ਅਤੇ ਪ੍ਰਿੰ: ਗੁਰਦੇਵ ਸਿੰਘ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION