ਯੈੱਸ ਪੰਜਾਬ
ਗੁਰੂਗ੍ਰਾਮ, 10 ਮਾਰਚ, 2023:
ਗੁਰੂਗ੍ਰਾਮ ਪੁਲਿਸ ਨੇ ਹਰਿਆਣਾ ਦੀ ਇਕ ਮਹਿਲਾ ਆਈ.ਏ.ਐੱਸ.ਅਧਿਕਾਰੀ ਨੂੰ ਫੋਨ ਕਰਕੇ ਉਹਨਾਂ ਤੋਂ 5 ਕਰੋੜ ਰੁਪਏ ਮੰਗਣ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਗੁਰੂਗ੍ਰਾਮ ਪੁਲਿਸ ਨੇ ਬੀਤੇ ਦਿਨੀਂ ਰਾਜ ਦੀ ਆਈ.ਏ.ਐੱਸ. ਅਧਿਕਾਰੀ ਸ੍ਰੀਮਤੀ ਅਨੀਤਾ ਯਾਦਵ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ ਜਿਸ ਦੇ ਸਿਲਸਿਲੇ ਵਿੱਚ ਇਹ ਗ੍ਰਿਫ਼ਤਾਰੀ ਹੋਈ ਹੈ।
ਇਸ ਮਾਮਲੇ ਵਿੱਚ ਰਿਸ਼ੀ ਸ਼ਰਮਾ ਨਾਂਅ ਦੇ ਵਿਅਕਤੀ ਨੂੰ ਰਾਜਸਥਾਨ ਦੇ ਜੋਧਪੁਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਰਿਸ਼ੀ ਸ਼ਰਮਾ ਨੇ ਸ੍ਰੀਮਤੀ ਯਾਦਵ ਨੂੰ ਫ਼ੋਨ ਕਰਨ ਦੀ ਗੱਲ ਕਬੂਲੀ ਹੈ।
ਸ੍ਰੀਮਤੀ ਯਾਦਵ ਨੇ ਕਿਹਾ ਸੀ ਕਿ ਫ਼ੋਨ ਕਰਨ ਵਾਲਾ ਵਿਅਕਤੀ ਉਨ੍ਹਾਂ ਨੂੰ ਇਹ ਕਹਿ ਰਿਹਾ ਹੈ ਕਿ ਉਹ 5 ਕਰੋੜ ਰੁਪਏ ਦੇ ਦੇਣ ਤਾਂ ਉਨ੍ਹਾਂ ਦੇ ਖਿਲਾਫ਼ ਹਰਿਆਣਾ ਦੇ ਐਂਟੀ ਕਰੱਪਸ਼ਨ ਬਿਓਰੋ ਵੱਲੋਂ ਕੀਤੀ ਜਾ ਰਹੀ ਜਾਂਚ ਵਾਲਾ ਮਾਮਲਾ ਖ਼ਤਮ ਕਰਵਾ ਦਿੱਤਾ ਜਾਵੇਗਾ ਅਤੇ ਉਸ ਵਿੱਚੋਂ ਉਨ੍ਹਾਂ ਦਾ ਨਾਂਅ ‘ਕਲੀਅਰ’ ਕਰਵਾ ਦੇਵੇਗਾ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਯਾਦਵ ਦੇ ਖਿਲਾਫ਼ ਫ਼ਰੀਦਾਬਾਦ ਕਾਰਪੋਰੇਸ਼ਨ ਘੋਟਾਲੇ ਦੇ ਸੰਬੰਧ ਵਿੱਚ ਜਾਂਚ ਚੱਲ ਰਹੀ ਹੈ। ਇਹ ਜਾਂਚ ਰਾਜ ਦੇ ਐਂਟੀ ਕਰੱਪਸ਼ਨ ਬਿਉੋਰੋ ਵੱਲੋਂ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਰਿਸ਼ੀ ਸ਼ਰਮਾ ਨੇ ਕਿਹਾ ਹੈ ਕਿ ਉਸਨੇ ਅਖ਼ਬਾਰ ਵਿੱਚ ਇਸ ਘੋਟਾਲੇ ਅਤੇ ਘੋਟਾਲੇ ਵਿੱਚ ਆਈ.ਏ.ਐੱਸ. ਅਧਿਕਾਰੀ ਦੀ ਸ਼ਮੂਲੀਅਤ ਬਾਰੇ ਪੜਿ੍ਹਆ ਸੀ ਅਤੇ ਫ਼ਿਰ ਇੰਟਰਨੈਟ ਤੋਂ ਉਨ੍ਹਾਂ ਦਾ ਫ਼ੋਨ ਨੰਬਰ ਲੈ ਕੇ ਇਹ ਕਾਲ ਕੀਤੀ ਸੀ।
ਡਿਪਟੀ ਕਮਿਸ਼ਨਰ ਆਫ਼ ਪੁਲਿਸ, ਗੁਰੂਗ੍ਰਾਮ ਈਸਟ ਸ੍ਰੀ ਵੀਰੇਂਦਰ ਵਿੱਜ ਅਨੁਸਾਰ ਰਿਸ਼ੀ ਸ਼ਰਮਾ ਨੂੰ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ