ਯੈੱਸ ਪੰਜਾਬ
ਮੋਗਾ, 21 ਮਈ, 2021:
ਭਾਰਤੀ ਹਵਾਈ ਫ਼ੌਜ ਦਾ ਇਕ ਮਿਗ-21 ਲੜਾਕੂ ਜੈਟ ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਬੀਤੀ ਰਾਤ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਇਸ ਵਿੱਚ ਸਵਾਰ ਪਾਇਲਟ ਦੀ ਮੌਤ ਹੋ ਗਈ।
ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਲੰਗੇਆਣਾ ਖ਼ੁਰਦ ਵਿਖ਼ੇ ਵਾਪਰੀ ਜਿੱਥੇ ਭਾਰਤੀ ਹਵਾਈ ਫ਼ੌਜ ਅਨੁਸਾਰ ਇਹ ਲੜਾਕੂ ਜਹਾਜ਼ ਕਰੀਬ ਰਾਤ ਇਕ ਵਜੇ ਅਚਾਨਕ ਡਿੱਗ ਕੇ ਜ਼ਮੀਨ ਵਿੱਚ ਜਾ ਧੱਸਿਆ। ਇਲਾਕਾ ਨਿਵਾਸੀਆਂ ਵੱਲੋਂ ਆਵਾਜ਼ ਸੁਣ ਕੇ ਇਸ ਦੀ ਸੂਚਨਾ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਦਿੱਤੇ ਜਾਣ ਮਗਰੋ ਹਵਾਈ ਫ਼ੌਜ ਨੂੰ ਵੀ ਸੂਚਿਤ ਕੀਤਾ ਗਿਆ।
ਇਸ ਜਹਾਜ਼ ਨੂੰ ਸਕੁਐਰਡਨ ਲੀਡਰ ਅਭਿਨਵ ਚੌਧਰੀ ਉਡਾ ਰਿਹਾ ਸੀ ਜਿਸ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਪਾਇਲਟ ਚੌਧਰੀ ਨੇ ਰਾਜਸਥਾਨ ਦੇ ਸੂਰਤਗੜ੍ਹ ਤੋਂ ਉਡਾਨ ਭਰੀ ਸੀ ਅਤੇ ਉਹ ‘ਰੂਟੀਨ’ ਟਰੇਨਿੰਗ ਉਡਾਣ ’ਤੇ ਸੀ ਜਦ ਇਹ ਹਾਦਸਾ ਵਾਪਰਿਆ। ਜਹਾਜ਼ ਦੇ ਹਾਦਸਾਗ੍ਰਸਤ ਹੋਣ ਮਗਰੋਂ ਇਸ ਨੂੂੰ ਅੱਗ ਲੱਗ ਗਈ।
ਭਾਰਤੀ ਹਵਾਈ ਫ਼ੌਜ ਨੇ ਘਟਨਾ ’ਤੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਦਿਆਂ ਇਸ ਹਾਦਸੇ ਦੀ ਜਾਂਚ ਸੰਬੰਧੀ ‘ਕੋਰਟ ਆਫ਼ ਇੰਕੁਆਰੀ’ ਆਰਡਰ ਕੀਤੀ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ