34.1 C
Delhi
Monday, May 20, 2024
spot_img
spot_img

ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਅਧਿਆਪਕਾਂ ਨੇ ਘੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਿਹ‍ਾਇਸ਼; ਪੁਲਿਸ ਨਾਲ ਹੋਈ ਧੱਕਾ ਮੁੱਕੀ

ਦਲਜੀਤ ਕੌਰ ਭਵਾਨੀਗੜ੍ਹ
ਜਲੰਧਰ, 23 ਨਵੰਬਰ, 2021:
ਪਿਛਲੇ ਲੰਮੇ ਸਮੇਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੂਬਾ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਨੇ ਅੱਜ ਵੱਡੀ ਗਿਣਤੀ ਵਿਚ ਜਲੰਧਰ ਬੱਸ ਸਟੈਂਡ ਦੀ ਟੈਂਕੀ ਕੋਲ ਇਕੱਠੇ ਹੋ ਕੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਵੱਲ ਰੋਸ ਮਾਰਚ ਕੀਤਾ ਗਿਆ।

ਇਹ ਬੇਰੁਜ਼ਗਾਰ ਅਧਿਆਪਕ ਜਦੋਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਅੱਗੇ ਪਹੁੰਚੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਨੂੰ ਸਿੱਖਿਆ ਮੰਤਰੀ ਦੀ ਕੋਠੀ ਤੋਂ ਅੱਗੇ ਸੜਕ ਤੇ ਹੀ ਰੋਕਣ ਦੇ ਲਈ ਬੈਰੀਗੇਡਿੰਗ ਕੀਤੀ ਹੋਈ ਸੀ ਪਰ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਦੀ ਕੋਠੀ ਵੱਲ ਵਧਣ ਲਈ ਬਜ਼ਿੱਦ ਸਨ ਜਿਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲੀਸ ਪ੍ਰਸ਼ਾਸਨ ਵਿਚਕਾਰ 4-5 ਵਾਰ ਜ਼ਬਰਦਸਤ ਧੱਕਾ-ਮੁੱਕੀ ਹੋਈ। ਇਸ ਦੌਰਾਨ ਕੁਝ ਬੇਰੁਜ਼ਗਾਰ ਬੈਰੀਕੇਡਿੰਗ ਤੋੜ ਕੇ ਸਿੱਖਿਆ ਮੰਤਰੀ ਦੀ ਰਿਹਾਇਸ਼ ਨੇੜੇ ਲੱਗੇ ਬੈਰੀਕੈਡਾਂ ਤੇ ਪਹੁੰਚ ਗਏ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਬੇਰੁਜ਼ਗਾਰ ਪਿੱਛਲੇ ਸਾਢੇ ਚਾਰ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਹਨ, ਪਰ ਕਾਂਗਰਸ ਪਾਰਟੀ ਦੀ ਸਰਕਾਰ ਲੋਕਤੰਤਰਿਕ ਤਰੀਕੇ ਨਾਲ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਡੰਡਿਆਂ ਨਾਲ ਕੁੱਟ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪੰਜਾਬ ਸਰਕਾਰ ਆਪਣੀਆਂ ਅਸਫ਼ਲਤਾਵਾਂ ਤੇ ਪਰਦਾ ਪਾਉਣ ਲਈ ਬੇਰੁਜ਼ਗਾਰਾਂ ਨਾਲ ਅਜਿਹਾ ਵਰਤਾਰਾ ਕਰ ਰਹੀ ਹੈ ਤੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਸ਼੍ਰੀ ਢਿੱਲਵਾਂ ਨੇ ਕਿਹਾ ਕਿ ਜਦੋਂ ਬੇਰੁਜ਼ਗਾਰ ਕਿਰਾਇਆ ਲਾ ਕੇ ਮੀਟਿੰਗ ਕਰਨ ਚੰਡੀਗਡ਼੍ਹ ਵਿਖੇ ਪਹੁੰਚਦੇ ਹਨ ਜਾਂ ਤਾਂ ਉਨ੍ਹਾਂ ਨਾਲ ਮੀਟਿੰਗ ਹੀ ਨਹੀਂ ਕੀਤੀ ਜਾਂਦੀ ਜਾਂ ਮੀਟਿੰਗ ਨੂੰ ਅੱਗੇ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਾਂਗਰਸ ਸਰਕਾਰ ਬੇਰੁਜ਼ਗਾਰਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕੱਲ੍ਹ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕਰ ਕੇ ਬੇਰੁਜ਼ਗਾਰਾਂ ਦਾ ਏਜੰਡਾ ਰੱਖ ਕੇ ਜਲਦੀ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਇਸ ਮਿਲੇ ਭਰੋਸੇ ਤੋਂ ਬਆਦ ਬੇਰੁਜ਼ਗਾਰਾਂ ਨੇ ਕੋਠੀ ਨਜ਼ਦੀਕ ਚੱਲ ਰਹੇ ਧਰਨੇ ਨੂੰ ਖਤਮ ਕੀਤਾ ਅਤੇ ਬੱਸ ਸਟੈਂਡ ਜਲੰਧਰ ਵਿਖੇ ਧਰਨਾ ਪਹਿਲਾਂ ਦੀ ਤਰ੍ਹਾਂ ਹੀ ਚੱਲਦਾ ਰਹੇਗਾ।

ਜ਼ਿਕਰਯੋਗ ਹੈ ਕਿ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਆਪਣੇ ਰੁਜ਼ਗਾਰ ਪ੍ਰਾਪਤੀ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਦੋ ਬੇਰੁਜ਼ਗਾਰ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮਨੀਸ਼ ਫ਼ਾਜ਼ਿਲਕਾ ਅਤੇ ਜਸਵੰਤ ਘੁਬਾਇਆ 28 ਅਕਤੂਬਰ ਤੋਂ ਜਲੰਧਰ ਬੱਸ ਸਟੈਂਡ ਵਿਖੇ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਹੋਏ ਹਨ ਅਤੇ ਟੈਂਕੀ ਦੇ ਹੇਠਾਂ ਵੱਡੀ ਗਿਣਤੀ ਵਿੱਚ ਬੇਰੁਜ਼ਗਾਰਾਂ ਦਾ ਰੁਜ਼ਗਾਰ ਪ੍ਰਾਪਤੀ ਲਈ ਧਰਨਾ ਲਗਾਤਾਰ ਜਾਰੀ ਹੈ।

ਬੀ. ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂਆਂ ਦੀਆਂ ਰੁਜ਼ਗਾਰ ਸੰਬੰਧੀ ਮੰਗਾਂ ਲਈ ਬੇਸ਼ੱਕ ਸੈਂਕੜੇ ਮੀਟਿੰਗਾਂ ਪੰਜਾਬ ਸਰਕਾਰ ਦੇ ਸੰਬੰਧਿਤ ਸਿੱਖਿਆ ਵਿਭਾਗ ਨਾਲ ਹੋ ਚੁੱਕੀਆਂ ਹਨ, ਇਨ੍ਹਾਂ ਹੋਈਆਂ ਮੀਟਿੰਗਾਂ ਵਿੱਚ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆਂ ਗਿਆ।

ਇਸ ਮੌਕੇ ਅਮਨਦੀਪ ਸੇਖਾ, ਗਗਨਦੀਪ ਗਰੇਵਾਲ, ਸੰਦੀਪ ਗਿੱਲ, ਰਸਪਾਲ ਜਲਾਲਾਬਾਦ, ਬਲਰਾਜ ਮੌੜ, ਬਲਕਾਰ ਮਘਾਣੀਆਂ, ਗੁਰਪ੍ਰੀਤ ਪੱਕਾ ਕਲਾਂ, ਕੁਲਵੰਤ ਸੰਗਰੂਰ, ਕਿਰਨ ਈਸੜਾ, ਅਮਨਦੀਪ ਕੌਰ, ਜਸਵਿੰਦਰ ਕੌਰ, ਸੰਦੀਪ ਕੌਰ, ਅਲਕਾ ਫਗਵਾੜਾ, ਬੱਬਲਜੀਤ ਕੌਰ, ਸੁਖਜੀਤ ਸਿੰਘ, ਹੈਪੀ ਫਿਰੋਜ਼ਪੁਰ, ਲਖਵਿੰਦਰ ਮੁਕਤਸਰ,ਗਗਨ ਸੰਧਵਾਂ, ਜਗਤਾਰ ਟੋਡਰਵਾਲ, ਨਿਸੂ, ਰਿਤੂ, ਗੁਰਪ੍ਰੀਤ ਬਠਿੰਡਾ, ਸੰਦੀਪ ਕੌਰ, ਕੁਲਵਿੰਦਰ ਕੌਰ, ਅਨੀਤਾ ਫਾਜਿਲਕਾ, ਸਿਮਰਨਜੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕ ਹਾਜਰ ਸਨ।

ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਯੂਨੀਅਨ ਦੀਆਂ ਮੰਗਾਂ :-

1. ਨਵੀਂ ਆਉਣ ਵਾਲੀ ਭਰਤੀ ਵਿਚ ਸਮਾਜਿਕ ਸਿੱਖਿਆ ਦੇ ਘੱਟੋ ਘੱਟ 3000,ਪੰਜਾਬੀ ਦੀਆਂ 3000 ਅਤੇ ਹਿੰਦੀ ਦੀਆਂ 3000 ਵਿਸ਼ਿਆਂ ਦੀਆਂ ਅਸਾਮੀਆਂ ਦਿੱਤੀਆਂ ਜਾਣ।

2. ਬਾਹਰੀ ਰਾਜਾਂ ਦੇ ਬਿਨੈਕਾਰਾਂ ਲਈ ਦਸਵੀਂ ਅਤੇ ਬਾਰ੍ਹਵੀਂ ਕਲਾਸ ਨੂੰ ਪੰਜਾਬ ਰਾਜ ਵਿੱਚੋਂ ਪਾਸ ਹੋਣਾ ਲਾਜ਼ਮੀ ਕੀਤਾ ਜਾਵੇ ।

3. ਸਰਕਾਰੀ ਸਕੂਲਾਂ ਵਿੱਚ ਸਮਾਜਿਕ ਸਿੱਖਿਆ ਦੀ ਪੋਸਟ ਤੇ ਅੰਗਰੇਜ਼ੀ ਦੇ ਅਧਿਆਪਕਾਂ ਦੀ ਨਿਯੁਕਤੀ ਨਾ ਕੀਤੀ ਜਾਵੇ।

4. ਬੀ.ਏ. ਵਿੱਚੋਂ 55% ਦੀ ਸ਼ਰਤ ਪੂਰਨ ਤੌਰ ਤੇ ਖਤਮ ਕੀਤੀ ਜਾਵੇ।

5. ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਭਰਤੀ ਨਾ ਆਉਣ ਕਾਰਨ ਬਹੁ ਗਿਣਤੀ ਵਿਦਿਆਰਥੀ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ।

6. ਸਮਾਜਿਕ ਸਿੱਖਿਆ ਦਾ ਸਬਜੈਕਟ ਕੰਬੀਨੇਸ਼ਨ NCTE ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਰੱਖਿਆ ਜਾਵੇ ਬਾਹਰ ਕੀਤੇ ਵਿਸ਼ੇ ਜਿਵੇਂ ਰੀਲੀਜਨ ਸਟੱਡੀਜ਼ , ਡਿਫੈਂਸ ਸਟੱਡੀਜ਼ ਪਬਲਿਕ ਵਰਕ ਅਤੇ ਐਜੂਕੇਸ਼ਨ ਵਿਸ਼ੇ ਨੂੰ ਦੁਬਾਰਾ ਸ਼ਾਮਲ ਕੀਤਾ ਜਾਵੇ।

7. ਮਾਸਟਰ ਕੇਡਰ ਦੀ ਆਉਣ ਵਾਲੀ ਭਰਤੀ ਵਿਚ ਅਤੇ ਪ੍ਰਮੋਸ਼ਨਜ਼ ਕਰਨ ਦੌਰਾਨ ਕਿਸੇ ਵੀ ਉਮੀਦਵਾਰ ਨੂੰ PSTET -2 ਤੋਂ ਛੋਟ ਨਾ ਦਿੱਤੀ ਜਾਵੇ।

8. ਮਿਡਲ ਸਕੂਲਾਂ ਦੀਆਂ ਅਸਾਮੀਆਂ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਦੇਣ ਦੀ ਬਜਾਏ ਵੱਖਰੇ ਤੌਰ ਤੇ ਮਿਡਲ ਸਕੂਲਾਂ ਨੂੰ ਹੀ ਦਿੱਤੀਆਂ ਜਾਣ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION