35.6 C
Delhi
Sunday, April 28, 2024
spot_img
spot_img

ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਨਜਿੱਠਣ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ

ਯੈੱਸ ਪੰਜਾਬ
ਚੰਡੀਗੜ, 6 ਮਾਰਚ, 2021:
ਪੰਜਾਬ ਵਿੱਚ ਕਰੋਨਾ ਮਹਾਂਮਾਰੀ ਦੇ ਮੁੜ ਉਭਾਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਹੋਰ ਫੈਲਾਅ ਨੂੰ ਰੋਕਣ ਲਈ ਅੱਜ ਇੱਥੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਦੀ ਪ੍ਰਧਾਨਗੀ ਹੇੇਠ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰਾਂ, ਜ਼ਿਲਾ ਪੁਲਿਸ ਮੁਖੀਆਂ ਅਤੇ ਸਿਹਤ ਤੇ ਡਾਕਟਰੀ ਸਿੱਖਿਆ ਵਿਭਾਗ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

ਮੁੱਖ ਸਕੱਤਰ ਨੇ ਹਰੇਕ ਜਿਲੇ ਵਿੱਚ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੀ ਤਿਆਰੀ ਅਤੇ ਕੋਵਿਡ ਵੈਕਸੀਨੇਸ਼ਨ ਦਾ ਵੀ ਜਾਇਜ਼ਾ ਲਿਆ।

ਉਹਨਾਂ ਕਿਹਾ, ‘ਕੋਵਿਡ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ ਅਤੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਮੁਖੀਆਂ ਵਲੋਂ ਲਾਜ਼ਮੀ ਤੌਰ ‘ਤੇ ਵਿਆਹਾਂ, ਧਾਰਮਿਕ ਸਮਾਗਮਾਂ ਅਤੇ ਸਮਾਜਿਕ ਕਾਰਜਾਂ ਵਰਗੇ ਵੱਡੇ ਇਕੱਠਾਂ ਦੌਰਾਨ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਮਤ ਇਕੱਤਰਤਾ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਮੈਰਿਜ ਪੈਲੇਸਾਂ ਤੇ ਲੋਕਾਂ ਦੇ ਇਕੱਠ ਵਾਲੀਆਂ ਹੋਰ ਥਾਵਾਂ ’ਤੇ ਕੋਵਿਡ ਨਿਗਰਾਨ ਨਿਯੁਕਤ ਕੀਤੇ ਜਾਣ।’’

ਉਹਨਾਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲਾ ਪੁਲਿਸ ਮੁਖੀਆਂ ਨੂੰ ਅੱਗੇ ਹਦਾਇਤ ਕਰਦਿਆਂ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿੱਚ ਸਾਰੀਆਂ ਥਾਵਾਂ ’ਤੇ ਕੋਵਿਡ -19 ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਕੋਵਿਡ ਸਬੰਧੀ ਸਿਹਤ ਪ੍ਰੋਟੋਕਾਲਾਂ ਲਈ ਲੋਕਾਂ ਨੂੰ ਜਾਗਰੂਕ ਕਰਨ।

ਸ੍ਰੀਮਤੀ ਵਿਨੀ ਮਹਾਜਨ ਨੇ ਦੂਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਸਿਹਤ ਸੰਭਾਲ ਸਹੂਲਤਾਂ ਦੇ ਵਿਸਤਿ੍ਰਤ ਮੁਲਾਂਕਣ ‘ਤੇ ਵੀ ਜੋਰ ਦਿੱਤਾ। ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹਨਾਂ ਕਸਬਿਆਂ ਜਾਇਜ਼ਾ ਲਿਆ ਜਾਵੇ ਜਿੱਥੇ ਹਾਲ ਹੀ ਵਿੱਚ ਚੋਣਾਂ ਹੋਈਆਂ ਹਨ ਤਾਂ ਜੋ ਭੀੜ ਕਾਰਨ ਹੋਏ ਕੋਵਿਡ ਕੇਸਾਂ ਦੀ ਅਸਲ ਸਥਿਤੀ ਦਾ ਪਤਾ ਲਗਾਇਆ ਜਾ ਸਕੇ । ਉਹਨਾਂ ਕਿਹਾ ਕਿ ਸਕੂਲਾਂ ਵਿੱਚ ਬਿਮਾਰੀ ਦਾ ਫੈਲਾਅ ਘੱਟ ਹੈ ਇਸ ਲਈ ਸਕੂਲ ਬੰਦ ਕਰਨ ਦੀ ਲੋੜ ਨਹੀਂ ਹੈ।

ਉਨਾਂ ਕਿਹਾ ਕਿ ਸਕੂਲ ਅਧਿਆਪਕਾਂ ਨੂੰ ਟੈਸਟ ਕਰਵਾਉਣ ਲਈ ਉਤਸ਼ਾਹਤ ਕੀਤਾ ਜਾਵੇ ਅਤੇ ਯੋਗ ਅਧਿਆਪਕਾਂ ਨੂੰ ਪਹਿਲ ਦੇ ਅਧਾਰ ‘ਤੇ ਫਰੰਟ ਲਾਈਨ ਵਰਕਰਾਂ ਵਜੋਂ ਲਾਜਮੀ ਤੌਰ ’ਤੇ ਟੀਕਾ ਲਗਾਇਆ ਜਾਵੇ। ਉਹਨਾਂ ਚਿੰਤਾ ਜ਼ਾਹਰ ਕੀਤੀ ਕਿ ਰਾਜ ਵਿੱਚ ਪਿਛਲੇ ਦੋ ਹਫਤਿਆਂ ਦੌਰਾਨ ਕੋਵਿਡ ਦੇ ਕੇਸਾਂ ਭਾਰੀ ਵਾਧਾ ਦੇਖਿਆ ਗਿਆ ਹੈ । ਸੂਬੇ ਦੇ 9 ਜਿਲਿਆਂ ਵਿੱਚ ਪਿਛਲੇ ਦੋ ਹਫਤਿਆਂ ਦੌਰਾਨ ਕੋਵਿਡ ਕੇਸ ਜਬਰਦਸਤ ਢੰਗ ਨਾਲ ਵਧੇ ਹਨ ।

ਸ੍ਰੀਮਤੀ ਮਹਾਜਨ ਨੇੇ ਜੋਰ ਦੇ ਕੇ ਕਿਹਾ ਕਿ ਲੋਕਾਂ ਵਿਚ ਕੋਵਿਡ ਤੋਂ ਬਚਣ ਲਈ ਸਰਕਾਰ ਵਲੋਂ ਜਾਰੀ ਸਿਹਤ ਪ੍ਰੋਟੋਕਾਲਾਂ ਦੀ ਪਾਲਣਾ ਪ੍ਰਤੀ ਜਾਗਰੂਕਤਾ ਫੈਲਾਈ ਜਾਵੇ।

ਇਸ ਦੌਰਾਨ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕੋਵਿਡ -19 ਦੇ ਰੁਝਾਨ ਦੀ ਮੌਜੂਦਾ ਸਥਿਤੀ ਪੇਸ਼ ਕੀਤੀ। ਉਹਨਾਂ ਕੁਝ ਵੱਧ ਸੰਭਾਵਨਾਵਾਂ ਵਾਲੇ ਮੌਕੇ ਜਿਵੇਂ ਕਿ ਵਿਆਹ, ਸਮਾਜਿਕ ਇਕੱਠਾਂ ਅਤੇ ਦਫਤਰਾਂ ਦੇ ਅੰਕੜੇ ਸਾਂਝੇ ਕੀਤੇ ਜਿਸ ਦੇ ਨਤੀਜੇ ਵਜੋਂ ਇਨਫੈਕਸ਼ਨ ਹੋਣ ਦਾ ਜ਼ਿਆਦਾ ਡਰ ਹੁੰਦਾ ਹੈ।

ਉਨਾਂ ਦੱਸਿਆ ਕਿ 2, 38,367 ਵਿਅਕਤੀਆਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਅਤੇ ਟੀਕਾ ਲਗਵਾਉਣ ਪਿੱਛੋਂ ਕਿਸੇ ਵੀ ਵਿਅਕਤੀ ਨੂੰ ਕੋਈ ਸਿਹਤ ਸਮੱਸਿਆ ਸਾਹਮਣੇ ਨਹੀਂ ਆਈ ਹੈ। ਉਨਾਂ ਮੁੱਖ ਸਕੱਤਰ ਨੂੰ ਇਕ ਮਾਡਲ ਬਾਰੇ ਵੀ ਜਾਣੂ ਕਰਵਾਇਆ ਜੋ ਮਾਰਚ ਦੇ ਅੱਧ ਤੋਂ ਲੈ ਕੇ ਮਾਰਚ ਦੇ ਅਖੀਰ ਤੱਕ ਪ੍ਰਤੀ ਦਿਨ 3000 ਮਾਮਲੇ ਸਾਹਮਣੇ ਆਉਣ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੰਦਾ ਹੈ।

ਇਸ ਵਰਚੁਅਲ ਮੀਟਿੰਗ ਵਿਚ ਡੀ.ਜੀ.ਪੀ ਦਿਨਕਰ ਗੁਪਤਾ, ਪ੍ਰਮੁੱਖ ਸਕੱਤਰ (ਮੈਡੀਕਲ ਸਿੱਖਿਆ )ਸ੍ਰੀ ਡੀ.ਕੇ. ਤਿਵਾੜੀ, ਸਕੱਤਰ (ਸਕੂਲ ਸਿੱਖਿਆ) ਸ਼੍ਰੀ ਕਿ੍ਰਸ਼ਨ ਕੁਮਾਰ, ਸਕੱਤਰ (ਸਿਹਤ ਅਤੇ ਪਰਿਵਾਰ ਭਲਾਈ) ਸ਼੍ਰੀ ਕੁਮਾਰ ਰਾਹੁਲ, ਪੀਐਚਐਸਸੀ ਦੇ ਮਿਸ਼ਨ ਡਾਇਰੈਕਟਰ ਸ੍ਰੀਮਤੀ ਤਨੂ ਕਸਯੱਪ, ਵਿਸ਼ੇਸ਼ ਸੱਕਤਰ ਸ. ਅਮਿਤ ਕੁਮਾਰ, ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ: ਜੀ ਬੀ ਸਿੰਘ, ਡਾ: ਰਾਜੇਸ਼ ਕੁਮਾਰ, ਈ.ਡੀ.ਐਸ.ਐਚ.ਐਸ.ਆਰ.ਸੀ., ਪਰਿਵਾਰ ਭਲਾਈ ਦੇ ਡਾਇਰੈਕਟਰ ਡਾ: ਅੰਦੇਸ਼ ਕੰਦ ਅਤੇ ਕੋਵਿਡ -19 ਦੇ ਰਾਜ ਨੋਡਲ ਅਫਸਰ ਡਾ ਰਾਜੇਸ਼ ਭਾਸਕਰ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION