32.1 C
Delhi
Monday, May 20, 2024
spot_img
spot_img

ਪੰਜਾਬ ’ਚ ਸਿੱਖ਼ਿਆ ਸੁਧਾਰਾਂ ਲਈ ਕੇਜਰੀਵਾਲ ਨੇ ਅਧਿਆਪਕਾਂ ਨੂੰ ਦਿੱਤੀਆਂ 8 ਗਰੰਟੀਆਂ, ਚੰਨੀ ਨੂੰ ਕੀਤੀ ਅਧਿਆਪਕਾਂ ਦੇ ਮਸਲੇ ਹੱਲ ਕਰਨ ਦੀ ਅਪੀਲ

ਯੈੱਸ ਪੰਜਾਬ
ਸ੍ਰੀ ਅੰਮ੍ਰਿਤਸਰ/ ਚੰਡੀਗੜ, 23 ਨਵੰਬਰ, 2021 –
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਅਧਿਆਪਕਾਂ ਦੀ ਤਰਸਯੋਗ ਹਾਲਤ ਨੂੰ ਵੱਡੀ ਤ੍ਰਾਸਦੀ ਕਰਾਰ ਦਿੱਤਾ ਹੈ। ਕੇਜਰੀਵਾਲ ਨੇ ਪੰਜਾਬ ਅੰਦਰ ਵਿਆਪਕ ਸਿੱਖਿਆ ਸੁਧਾਰਾਂ ਲਈ ਅਧਿਆਪਕਾਂ ਨੂੰ 8 ਗਰੰਟੀਆਂ ਦਿੱਤੀਆਂ ਹਨ ਅਤੇ ਵਾਅਦਾ ਕੀਤਾ ਹੈ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਇਹਨਾਂ 8 ਗਰੰਟੀਆਂ ਨੂੰ ਪਹਿਲ ਦੇ ਆਧਾਰ ‘ਤੇ ਅਮਲ ਵਿਚ ਲਿਆਂਦਾ ਜਾਵੇਗਾ।

ਦਿੱਲੀ ਵਾਂਗ ਪੰਜਾਬ ਦੀ ਸਰਕਾਰੀ ਸਕੂਲ ਸਿੱਖਿਆ ਪ੍ਰਣਾਲੀ ਦਾ ਮੁਕੰਮਲ ਕਾਇਆ ਕਲਪ ਕਰਨ ਲਈ ਕੇਜਰੀਵਾਲ ਨੇ ਸਮੂਹ ਅਧਿਆਪਕਾਂ ਨੂੰ ‘ਆਪ’ ਦੀ ਮੁਹਿੰਮ ਨਾਲ ਜੁੜਨ ਦਾ ਸੱਦਾ ਵੀ ਦਿੱਤਾ।

ਅੱਠ ਗਰੰਟੀਆਂ ਵਿਚ ਪੰਜਾਬ ‘ਚ ਸਿੱਖਿਆ ਦੇ ਖੇਤਰ ਵਿਚ ਦਿੱਲੀ ਵਰਗਾ ਮਾਹੌਲ ਸਿਰਜਣਾ, ਆਊਟਸੋਰਸਿੰਗ ਅਤੇ ਠੇਕਾ ਭਰਤੀ ਟੀਚਰਾਂ ਨੂੰ ਪੱਕਾ ਕਰਨਾ, ਪਾਰਦਰਸ਼ੀ ਬਦਲੀ ਨੀਤੀ ਲਾਗੂ ਕਰਨਾ, ਅਧਿਆਪਕਾਂ ਤੋਂ ਨਾੱਨ ਟੀਚਿੰਗ ਕੰਮ ਲੈਣਾ ਬੰਦ ਕਰਨਾ, ਖ਼ਾਲੀ ਅਸਾਮੀਆਂ ‘ਤੇ ਪੱਕੀ ਭਰਤੀ ਕਰਨਾ, ਅਧਿਆਪਕਾਂ ਨੂੰ ਟਰੇਨਿੰਗ ਲਈ ਵਿਦੇਸ਼ ਭੇਜਣਾ, ਨਵੀਂ ਤਰੱਕੀਆਂ ਲਈ ਨਵੀਂ ਪਾਰਦਰਸ਼ੀ ਨੀਤੀ ਲੈ ਕੇ ਆਉਣਾ ਅਤੇ ਅਧਿਆਪਕਾਂ ਅਤੇ ਉਨਾਂ ਦੇ ਪਰਿਵਾਰ ਦੇ ਮੈਂਬਰਾਂ ਲਈ ਕੈਸ਼ਲੈਸ ਮੈਡੀਕਲ ਸਹੂਲਤ ਦੇਣਾ ਸ਼ਾਮਲ ਹੈ।

ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਪਾਰਟੀ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨਾਲ ‘ਗੁਰੂ ਕੀ ਨਗਰੀ’ ਦੇ ਮੀਡੀਆ ਨਾਲ ਰੂਬਰੂ ਸਨ। ਇਸ ਮੌਕੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਅਤੇ ਸਹਿ ਇੰਚਾਰਜ ਰਾਘਵ ਚੱਢਾ ਵੀ ਮੰਗ ‘ਤੇ ਮੌਜੂਦ ਹਨ।

ਕੇਜਰੀਵਾਲ ਨੇ ਸਮਾਜ ਦੇ ਵਿਕਾਸ ਤੇ ਉਥਾਨ ਲਈ ਸਿੱਖਿਆ ਅਤੇ ਅਧਿਆਪਕ ਦੇ ਮਹੱਤਵ ਨੂੰ ਅਹਿਮ ਮੰਨਦਿਆਂ ਪੰਜਾਬ ਵਿੱਚ ‘ਸਿੱਖਿਆ ਲਈ ਚੰਗਾ ਮਾਹੌਲ’ ਸਿਰਜਣ ਦੀ ਪਹਿਲੀ ਗਰੰਟੀ ਦਿੱਤੀ। ਉਨਾਂ ਕਿਹਾ ਕਿ ਜਿਵੇਂ ਦਿੱਲੀ ਵਿੱਚ ਸਿੱਖਿਆ ਦਾ ਚੰਗਾ ਮਾਹੌਲ ਬਣਾਇਆ ਗਿਆ ਹੈ, ਉਸੇ ਤਰਾਂ ਦਾ ਮਾਹੌਲ ਪੰਜਾਬ ਵਿੱਚ ਬਣਾਇਆ ਜਾਵੇਗਾ, ਜਿਸ ਤਹਿਤ ਉੱਚ ਪੱਧਰੀ ਸਿੱਖਿਆ ਢਾਂਚਾ ਉਸਾਰਿਆ ਜਾਵੇਗਾ।

ਕੇਜਰੀਵਾਲ ਨੇ ਦੂਜੀ ਗਰੰਟੀ ਰਾਹੀਂ ਹਰ ਤਰਾਂ ਦੇ ਕੱਚੇ, ਆਊਟਸੋਰਸਿੰਗ ਅਤੇ ਠੇਕਾ ਆਧਾਰਿਤ ਅਧਿਆਪਕਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ। ਉਨਾਂ ਕਿਹਾ ਕਿ ਪੰਜਾਬ ‘ਚ ਬਹੁਤ ਸਾਰੇ ਅਧਿਆਪਕ 18-18 ਸਾਲਾਂ ਤੋਂ ਕੇਵਲ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ‘ਤੇ ਕੰਮ ਕਰ ਰਹੇ ਹਨ, ਜੋ ਇੱਕ ਅਧਿਆਪਕ ਵਰਗ ਨਾਲ ਵੱਡਾ ਮਜ਼ਾਕ ਹੈ।

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਟੈਂਕੀਆਂ ‘ਤੇ ਚੜੇ ਅਧਿਆਪਕਾਂ ਦੀਆਂ ਦੋ ਮੰਗਾਂ, ਖ਼ਾਲੀ ਅਸਾਮੀਆਂ ਭਰਨ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀਆਂ ਤੁਰੰਤ ਮੰਨੀਆਂ ਜਾਣ। ਜੇ ਚੰਨੀ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਪਣੇ ਅਗਲੇ ਪੰਜਾਬ ਦੌਰੇ ਦੌਰਾਨ ਉਹ (ਕੇਜਰੀਵਾਲ) ਖ਼ੁਦ ਅਧਿਆਪਕਾਂ ਦੇ ਧਰਨੇ ਵਿੱਚ ਸ਼ਾਮਲ ਹੋਣਗੇ ਅਤੇ ‘ਆਪ’ ਦੀ ਸਰਕਾਰ ਬਣਨ ‘ਤੇ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨਗੇ।

ਪੰਜਾਬ ਦੇ ਅਧਿਆਪਕਾਂ ਨੂੰ ਬਦਲੀ ਦੇ ਸੰਤਾਪ ਤੋਂ ਮੁਕਤ ਕਰਨ ਲਈ ਕੇਜਰੀਵਾਲ ਨੇ ‘ਅਧਿਆਪਕ ਬਦਲੀ’ ਨੀਤੀ ਨੂੰ ਹੀ ਬਦਲਣ ਦੀ ਤੀਜੀ ਗਰੰਟੀ ਅਧਿਆਪਕਾਂ ਨੂੰ ਦਿੱਤੀ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਇਕੱਲੇ ਅਧਿਆਪਕ ਨੂੰ 200 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਦੋ-ਦੋ ਸਕੂਲਾਂ ਵਿੱਚ ਪੜਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਦਿੱਲੀ ਦੀ ਤਰਜ਼ ‘ਤੇ ਪੰਜਾਬ ‘ਚ ਅਧਿਆਪਕਾਂ ਦੀਆਂ ਬਦਲੀਆਂ ਬਾਰੇ ਦੋਸ਼ ਪੂਰਨ ਬਦਲੀ ਨੀਤੀ ਹੀ ਬਦਲ ਦਿੱਤੀ ਜਾਵੇਗੀ । ਪੂਰੀ ਪਾਰਦਰਸ਼ਤਾ ਨਾਲ ਅਧਿਆਪਕਾਂ ਦੀ ਆਪਣੀ ਪਸੰਦ ‘ਤੇ ਆਧਾਰਿਤ ਅਤੇ ਘਰ ਨੇੜੇ ਪੋਸਟਿੰਗ ਵਾਲੀ ਨੀਤੀ ਲਾਗੂ ਕੀਤੀ ਜਾਵੇਗੀ।

ਚੌਥੀ ਗਰੰਟੀ ਰਾਹੀਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਧਿਆਪਕਾਂ ਤੋਂ ਗੈਰ- ਅਧਿਆਪਨ ਕੰਮ ਨਹੀਂ ਕਰਵਾਏ ਜਾਣਗੇ। ਉਨਾਂ ਕਿਹਾ ਕਿ ਜਿਵੇਂ ਦਿੱਲੀ ‘ਚ ਅਧਿਆਪਕਾਂ ਤੋਂ ਬੀ.ਐਲ.ਓ, ਜਨਗਣਨਾ ਅਤੇ ਕਲਰਕਾਂ ਜਿਹੇ ਕੰਮ ਨਹੀਂ ਕਰਵਾਏ ਜਾਂਦੇ, ਉਸੇ ਤਰਾਂ ਪੰਜਾਬ ਵਿੱਚ ਅਜਿਹੇ ਕੰਮਾਂ ਸਮੇਤ ਹੋਰ ਗੈਰ-ਅਧਿਆਪਨ ਕੰਮ ਨਹੀਂ ਕਰਵਾਏ ਜਾਣਗੇ।
ਪੰਜਵੀਂ ਗਰੰਟੀ ਰਾਹੀਂ ਉਨਾਂ ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰਨ ਦਾ ਐਲਾਨ ਕੀਤਾ।

ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਸਿੱਖਿਆ ਸੁਧਾਰ ਇਕੱਲੇ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਨੇ ਨਹੀਂ ਕੀਤੇ, ਇਹ ਸੁਧਾਰ ਅਧਿਆਪਕਾਂ ਨਾਲ ਮਿਲ ਕੇ ਹੋਏ ਹਨ। ਦਿੱਲੀ ਸਰਕਾਰ ਨੇ ਅਧਿਆਪਕਾਂ ਨੂੰ ਅੱਛਾ ਮਾਹੌਲ ਦਿੱਤਾ ਹੈ ਅਤੇ ਵਿਸ਼ਵ ਪੱਧਰੀ ਟਰੇਨਿੰਗ ਮੁਹੱਈਆ ਕੀਤੀ ਹੈ। ਛੇਵੀਂ ਗਰੰਟੀ ਇਸ ਗੱਲ ਦੀ ਹੈ ਜਿਵੇਂ ਦਿੱਲੀ ਦੇ ਅਧਿਆਪਕ ਵਿਦੇਸ਼ਾਂ ਵਿਚ ਟਰੇਨਿੰਗ ਲਈ ਭੇਜੇ ਜਾਂਦੇ ਹਨ। ਉਸੇ ਤਰਾਂ ਪੰਜਾਬ ਦੇ ਅਧਿਆਪਕ ਵੀ ਭੇਜੇ ਜਾਣਗੇ।

ਉਨਾਂ ਕਿਹਾ ਕਿ ਦਿੱਲੀ ਦੇ ਅਧਿਆਪਕਾਂ ਨੂੰ ਫਿਨਲੈਂਡ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਜਿਹੇ ਮੁਲਕਾਂ ਸਮੇਤ ਦੇਸ਼ ਦੇ ਮੈਨੇਜਮੈਂਟ ਇੰਸਟੀਚਿਊਟ (ਪ੍ਰਬੰਧਨ ਸੰਸਥਾਵਾਂ) ਵਿੱਚ ਆਧੁਨਿਕ ਅਧਿਆਪਣ ਵਿਧੀਆਂ ਦੀ ਸਿਖਲਾਈ ਦਿਵਾਈ ਗਈ ਹੈ ਅਤੇ ਇਸੇ ਤਰਾਂ ਦੀ ਸਿਖਲਾਈ ਪੰਜਾਬ ਦੇ ਅਧਿਆਪਕਾਂ ਨੂੰ ਦਿਵਾਈ ਜਾਵੇਗੀ।

ਇਸ ਦੇ ਨਾਲ ਹੀ ਕੇਜਰੀਵਾਲ ਨੇ ਅਧਿਆਪਕਾਂ ਨੂੰ ਸਮੇਂ ਸਿਰ ਤਰੱਕੀ (ਪ੍ਰਮੋਸ਼ਨ) ਦੇਣ ਦੀ ਸੱਤਵੀਂ ਗਰੰਟੀ ਦਿੱਤੀ। ਜਦੋਂ ਕਿ ਅੱਠਵੀਂ ਗਰੰਟੀ ਰਾਹੀਂ ਹਰੇਕ ਅਧਿਆਪਕ ਅਤੇ ਉਸ ਦੇ ਪਰਿਵਾਰ ਨੂੰ ਕੈਸ਼ਲੈਸ ਮੈਡੀਕਲ ਸਹੂਲਤ ਦੇਣ ਦਾ ਐਲਾਨ ਕੀਤਾ।

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੂਬੇ ‘ਚ ਸਿੱਖਿਆ ਲਈ ਚੰਗਾ ਮਾਹੌਲ ਸਿਰਜਣ, ਵਿਵਸਥਾ ਬਦਲਣ ਅਤੇ ਨਵਾਂ ਪੰਜਾਬ ਬਣਾਉਣ ਲਈ ਅਧਿਆਪਕਾਂ ਨੂੰ ਪਾਰਟੀ ਨਾਲ ਜੁੜਨ ਅਪੀਲ ਕੀਤੀ।

ਕੇਜਰੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪੜ ਰਹੇ 24 ਲੱਖ ਤੋਂ ਵੱਧ ਬੱਚਿਆਂ ਦਾ ਭਵਿੱਖ ਅੰਧਕਾਰ ਵਿੱਚ ਹੈ, ਕਿਉਂਕਿ ਪੰਜਾਬ ‘ਚ ਪੜਾਈ ਦੇ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਸਰਕਾਰੀ ਸਕੂਲਾਂ ਦੇ ਗੇਟਾਂ ਉੱਪਰ ਕਲੀ-ਪੋਚਾ ਕਰਕੇ ਉਨਾਂ ਨੂੰ ਸਮਾਰਟ ਸਕੂਲ ਦੱਸਿਆ ਜਾ ਰਿਹਾ ਹੈ, ਜੋ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੈ।

ਇਸ ਤੋਂ ਪਹਿਲਾ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸਮਾਜ ਦੀ ਤਰੱਕੀ ਦਾ ਮੂਲ ਆਧਾਰ ਸਕੂਲ ਸਿੱਖਿਆ ਹੁੰਦੀ ਹੈ, ਪਰ ਪੰਜਾਬ ਵਿੱਚ ਸੱਤਾਧਾਰੀਆਂ ਨੇ ਸਕੂਲ ਸਿੱਖਿਆ ਦਾ ਬੇੜਾ ਹੀ ਗ਼ਰਕ ਕਰ ਦਿੱਤਾ। ਮਾਨ ਨੇ ਕਿਹਾ ਕਿ ਦਿੱਲੀ ਦੇ ਸਿੱਖਿਆ ਮਾਡਲ ਨੇ ਵਿਸ਼ਵ ਪੱਧਰ ‘ਤੇ ਨਾਮਣਾ ਖੱਟਿਆ ਹੈ, ਜਦੋਂ ਕਿ ਪੰਜਾਬ ਦੇ ਸਕੂਲਾਂ ਨੂੰ ਜਿੰਦੇ ਲਾਏ ਜਾ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION