ਯੈੱਸ ਪੰਜਾਬ
ਮੋਹਾਲੀ, 5 ਦਸੰਬਰ, 2019:
ਜ਼ਿਲ੍ਹਾ ਮੋਹਾਲੀ ਵਿਚ ਖ਼ਰੜ ਵਿਖ਼ੇ ਅੱਜ ਸਵੇਰੇ ਅੰਜਾਮ ਦਿੱਤੇ ਗਏ ਇਕ ਗੋਲੀਕਾਂਡ ਵਿਚ ਇਕ ਮਹਿਲਾ ਟੀਚਰ ਦੀ ਮੌਤ ਹੋ ਗਈ।
ਦੋਸ਼ ਹੈ ਕਿ ਇਸ ਤਲਾਕਸ਼ੁਦਾ ਔਰਤ ਨੂੰ ਗੋਲੀਆਂ ਉਸਦੇ ਫ਼ਰਾਂਸ ਰਹਿੰਦੇ ਪਤੀ ਵੱਲੋਂ ਮਾਰੀਆਂ ਗਈਆਂ ਹਾਲਾਂਕਿ ਇਸ ਦੀ ਅਜੇ ਤਾਂਈਂ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਅਜੇ ਸੀ.ਸੀ.ਟੀ.ਵੀ. ਫੁੱਟੇਜ ਦੀ ਜਾਂਚ ਕਰ ਰਹੀ ਹੈ।
ਸਰਬਜੀਤ ਕੌਰ ਨਾਂਅ ਦੀ ਇਸ ਅਧਿਆਪਕਾ ਨੂੰ ਗੋਲੀਆਂ ਉਸ ਵੇਲੇ ਮਾਰੀਆਂ ਗਈਆਂ ਜਦ ਉਹ ਆਪਣੀ ਐਕਟਿਵਾ ’ਤੇ ਸਵੇਰੇ ਸਕੂਲ ਆ ਰਹੀ ਸੀ। ਸੰਨੀ ਇਨਕਲੇਵ ਸਥਿਤ ਪ੍ਰਾਈਵੇਟ ਸਕੂਲ ਦੇ ਬਾਹਰ ਪੁੱਜਣ ’ਤੇ ਤਾਕ ਵਿਚ ਖੜ੍ਹੇ ਹਮਲਾਵਰਾਂ ਨੇ ਉਸ ਉੱਤੇ ਗੋਲੀਆਂ ਵਰ੍ਹਾ ਦਿੱਤੀਆਂ। ਉਸਨੂੰ ਸਥਾਨਕ ਮੈਕਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਲਿਆਂਦਿਆਂ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ’ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ।
ਪਤਾ ਲੱਗਾ ਹੈ ਕਿ ਮੋਹਾਲੀ ਦੇ ਪਿੰਡ ਰਾਮਗੜ੍ਹ ਦੀ ਰਹਿਣ ਵਾਲੀ ਇਹ ਔਰਤ ਪਹਿਲਾਂ ਆਪਣੇ ਪਤੀ ਨਾਲ ਫ਼ਰਾਂਸ ਰਹਿੰਦੀ ਸੀ ਅਤੇ ਤਲਾਕ ਮਗਰੋਂ ਹੁਣ ਵਾਪਿਸ ਪੰਜਾਬ ਆਈ ਸੀ। ਉਹ ਹੁਣ ਨਿੱਜੀ ਸਕੂਲ ਵਿਚ ਬਤੌਰ ਟੀਚਰ ਨੌਕਰੀ ਕਰ ਰਹੀ ਸੀ। ਸਰਬਜੀਤ ਕੌਰ ਦੀ ਇਕ ਬੇਟੀ ਹੈ।
ਪਤਾ ਲੱਗਾ ਹੈ ਕਿ ਤਲਾਕ ਹੋ ਜਾਣ ਦੇ ਬਾਵਜੂਦ ਪਤੀ ਪਤਨੀ ਵਿਚਾਲੇ ਵਿਵਾਦ ਚੱਲਦਾ ਆ ਰਿਹਾ ਸੀ ਜਿਸ ਕਰਕੇ ਕਥਿਤ ਤੌਰ ’ਤੇ ਪਤੀ ਵੱਲੋਂ ਪਤਨੀ ’ਤੇ ਗੋਲੀ ਚਲਾਈ ਗਈ।
ਮੌਕੇ ’ਤੇ ਪੁੱਜੀ ਪੁਲਿਸ ਨੇ ਸੀ.ਸੀ.ਟੀ.ਵੀ.ਫੁੱਟੇਜ ਕਬਜ਼ੇ ਵਿਚ ਲੈ ਲਈ ਹੈ ਅਤੇ ਜਾਂਚ ਜਾਰੀ ਹੈ।