34 C
Delhi
Sunday, April 28, 2024
spot_img
spot_img

ਪੰਜਾਬ ਚੋਣ ਕਮੇਟੀ ’ਚ ਦਾਗ਼ੀ ਸਾਬਕਾ ਮੰਤਰੀ ਸ਼ਾਮਲ ਕਰਨ ’ਤੇ ‘ਆਪ’ ਨੇ ਸਿੱਧੂ ਨੂੰ ਘੇਰਿਆ, ਕਿਹਾ, ਹੁਣ ਸਿੱਧੂ ਦੇ ਸੱਜੇ- ਖੱਬੇ ਨਜ਼ਰ ਆਉਣਗੇ ਦਾਗ਼ੀ ਤੇ ਭ੍ਰਿਸ਼ਟਾਚਾਰੀ ਕਾਂਗਰਸੀ

ਯੈੱਸ ਪੰਜਾਬ
ਚੰਡੀਗੜ੍ਹ, 14 ਦਸੰਬਰ, 2021:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ‘ਪੰਜਾਬ ਕਾਂਗਰਸ ਚੋਣ ਕਮੇਟੀ’ ਦਾ ਚੇਅਰਮੈਨ ਬਣਨ ’ਤੇ ਵਧਾਈ ਦਿੰਦਿਆਂ ਸਲਾਹ ਦਿੱਤੀ ਕਿ ਹੁਣ ਮਾਫ਼ੀਆ ਜਾਂ ਦਾਗ਼ੀ ਮੰਤਰੀਆਂ ਦੇ ਮੁੱਦੇ ’ਤੇ ਉਹ (ਸਿੱਧੂ) ਕਿਸੇ ਨੂੰ ਕੁੱਝ ਵੀ ਨਾ ਬੋਲਣ ਤਾਂ ਬਿਹਤਰ ਹੋਵੇਗਾ, ਕਿਉਂਕਿ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਂਗ ਉਨ੍ਹਾਂ ਦੇ ਵੀ ਸੱਜੇ- ਖੱਬੇ ਉਹੋ ਦਾਗ਼ੀ ਅਤੇ ਭ੍ਰਿਸ਼ਟਾਚਾਰੀ ਸਾਬਕਾ ਮੰਤਰੀ ਨਜ਼ਰ ਆਉਣਗੇ, ਜਿਨ੍ਹਾਂ ਨੂੰ ਚੰਨੀ ਮੰਤਰੀ ਮੰਡਲ ’ਚੋਂ ਛੇਕ ਕੇ ਕਾਂਗਰਸ ਸਰਕਾਰ ਪਾਕ- ਪਵਿੱਤਰ ਹੋਣ ਦਾ ਦਾਅਵਾ ਅਤੇ ਦਿਖਾਵਾ ਕਰਦੀ ਸੀ।

ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗਾਂਧੀ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨੂੰ ਸਪਸ਼ਟ ਕਰਨਾ ਹੋਵੇਗਾ ਕਿ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਸ਼ਾਮ ਸੁੰਦਰ ਅਰੋੜਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਮੰਤਰੀ ਮੰਡਲ ’ਚੋਂ ਕਿਉਂ ਛੇਕਿਆ ਗਿਆ ਸੀ? ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਹੁਣ ਇਹ ਕੱਢੇ ਗਏ ਸਾਬਕਾ ਕਾਂਗਰਸੀ ਮੰਤਰੀ ਅਜਿਹੀ ਕਿਹੜੀ ਗੰਗਾ ਨਹਾ ਆਏ ਹਨ, ਜਿਸ ਕਰਕੇ ਇਨ੍ਹਾਂ ਨੂੰ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਾਲੀ ਪ੍ਰਦੇਸ਼ ਚੋਣ ਕਮੇਟੀ ’ਚ ਸ਼ਾਮਲ ਕੀਤਾ ਗਿਆ ਹੈ।

ਹਰਪਾਲ ਸਿੰਘ ਚੀਮਾ ਨੇ ਸਿੱਧੇ ਤੌਰ ’ਤੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਮੁਹਾਲੀ ਦੇ ਬਹੁ -ਚਰਚਿਤ ਅਤੇ ਬਹੁ- ਕਰੋੜੀ ਗਊਸ਼ਾਲਾ ਜ਼ਮੀਨ ਘੋਟਾਲੇ ਵਿੱਚੋਂ ਬਲਬੀਰ ਸਿੰਘ ਸਿੱਧੂ ਨੂੰ ਕਲੀਨ ਚਿੱਟ ਮਿਲ ਗਈ ਹੈ? ਕੀ ਨਵਜੋਤ ਸਿੰਘ ਸਿੱਧੂ ਦੱਸਣਗੇ ਕਿ ਐਸ.ਸੀ. ਵਰਗ ਦੇ ਲੱਖਾਂ ਗ਼ਰੀਬ ਪਰ ਹੋਣਹਾਰ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਵਾਲੇ ਤੱਤਕਾਲੀ ਮੰਤਰੀ ਸਾਧੂ ਸਿੰਘ ਧਰਮਸੋਤ ਬਹੁ- ਕਰੋੜੀ ਵਜ਼ੀਫ਼ਾ ਘੋਟਾਲੇ ’ਚੋਂ ਕਿਵੇਂ ਦੁੱਧ ਧੋਤੇ ਹੋ ਗਏ? ਕੀ ਧਰਮਸੋਤ ਨੂੰ ਜੇਲ੍ਹ ਭੇਜਣ ਦੀ ਥਾਂ ਨਵਜੋਤ ਸਿੰਘ ਸਿੱਧੂ ਆਪਣੇ ਸੱਜੇ ਜਾਂ ਖੱਬੇ ਉਵੇਂ ਹੀ ਬਠਾਉਣਗੇ, ਜਿਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਮੰਡੀ ਮਾਫ਼ੀਆ ਅਤੇ ਲੈਂਡ ਮਾਫ਼ੀਆ ਦੇ ਪ੍ਰਤੀਕ ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਨ ਆਸ਼ੂ, ਸੁੱਖ ਸਰਕਾਰੀਆ ਆਦਿ ਨੂੰ ਬਿਠਾਉਂਦੇ ਹਨ।

ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਨੂੰ ਦੱਸਣਗੇ ਕਿ ਤਿੰਨ ਮਹੀਨੇ ਪਹਿਲਾ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਤੱਤਕਾਲੀ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਆਪਣੀ ਜ਼ਮੀਨ ਉੱਤੇ ਵਾਰ- ਵਾਰ ਮੁਆਵਜ਼ਾ ਲੈਣ ਵਾਲੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ‘ਭ੍ਰਿਸ਼ਟਾਚਾਰ ਮੁਕਤ ਸਰਟੀਫਿਕੇਟ’ ਕਿਸ ਨੇ ਜਾਰੀ ਕੀਤਾ ਹੈ?

ਚੀਮਾ ਨੇ ਨਵਜੋਤ ਸਿੰਘ ਸਿੱਧੂ ਦੇ ‘ਪੰਜਾਬ ’ਚ ਮਾਫ਼ੀਆ ਰਹੇਗਾ, ਜਾਂ ਨਵਜੋਤ ਸਿੰਘ ਸਿੱਧੂ ਰਹੇਗਾ’ ਐਲਾਨ ’ਤੇ ਵਿਅੰਗ ਕਰਦਿਆਂ ਕਿਹਾ, ‘‘ਨਵਜੋਤ ਸਿੰਘ ਸਿੱਧੂ ਪੰਜਾਬ ਦੀ ਗੱਲ ਕਰਨ ਤੋਂ ਪਹਿਲਾਂ ਆਪਣੀ ਚੋਣ ਕਮੇਟੀ ਬਾਰੇ ਹੀ ਫ਼ੈਸਲਾ ਕਰ ਲੈਣ ਕਿ ਕਮੇਟੀ ’ਚ ਸ਼ਾਮਲ ਦਾਗ਼ੀ ਅਤੇ ਮਾਫ਼ੀਆ ਸਰਪ੍ਰਸਤ ਰਹੇ ਕਾਂਗਰਸੀਆਂ ਨਾਲ ਬੈਠਣਗੇ ਜਾਂ ਨਹੀਂ?’’

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੋਖਲੇ ਐਲਾਨਾਂ ਕਾਰਨ ਪੰਜਾਬ ’ਚ ਮਜ਼ਾਕ ਦੇ ਪਾਤਰ ਬਣ ਚੁੱਕੇ ਹਨ, ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਨੂੰ ‘ਗਿੱਦੜ ਧਮਕੀਆਂ’ ਦੇ – ਦੇ ਕੇ ਆਪਣਾ ਅਕਸ ਗੁਆ ਚੁੱਕੇ ਹਨ। ਚੀਮਾ ਨੇ ਕਿਹਾ ਕਿ ਬਾਕੀ ਕਾਂਗਰਸੀਆਂ ਵਾਂਗ ਨਵਜੋਤ ਸਿੰਘ ਸਿੱਧੂ ਵੀ ਕੁਰਸੀ ਦੇ ਪੁਜਾਰੀ ਹਨ, ਪਰ ਕਥਨੀ – ਕਰਨੀ ਦੇ ਪੱਕੇ ਨਹੀਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION