35.6 C
Delhi
Sunday, April 28, 2024
spot_img
spot_img

ਪ੍ਰਮਾਣਿਤ ਤੱਥਾਂ ਦਾ ਇੱਕ ਵਿਲੱਖਣ ਸੁਮੇਲ ਹੋਵੇਗਾ ਆਈ.ਕੇ.ਜੀ. ਪੀ.ਟੀ.ਯੂ ਵਿਚ ਬਣਨ ਵਾਲਾ ਡਾ. ਬੀ ਆਰ. ਅੰਬੇਡਕਰ ਅਜਾਇਬ ਘਰ

ਯੈੱਸ ਪੰਜਾਬ
ਜਲੰਧਰ/ਕਪੂਰਥਲਾ,
ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਜਲੰਧਰ ਦੇ ਮੁੱਖ ਕੈਂਪਸ ਵਿੱਚ ਪੰਜਾਬ ਸਰਕਾਰ ਵਲੋਂ ਭਾਰਤ ਰਤਨ ਡਾ. ਭੀਮ ਰਾਓ ਰਾਮ ਜੀ ਅੰਬੇਡਕਰ ਜੀ ਦੇ ਜੀਵਨ, ਫ਼ਲਸਫ਼ੇ ‘ਤੇ ਉਨਾਂ ਦੇ ਅਮੁੱਲ ਕੰਮ ਅਧਾਰਤ ਬਣਾਇਆ ਜਾ ਰਿਹਾ ਅਜਾਇਬ ਘਰ ਸੰਸਾਰ ਭਰ ਵਿਚ ਆਪਣੀ ਅਲੱਗ ਪਹਿਚਾਣ ਦਰਜ ਕਰਵਾਏਗਾ ।

ਇਸ ਦੇ ਸੰਬੰਧ ਵਿੱਚ, ਮੰਗਲਵਾਰ ਨੂੰ ਆਈ.ਕੇ.ਜੀ. ਪੀ.ਟੀ.ਯੂ.ਵਿਖੇ ਤਕਨੀਕੀ ਸਿੱਖਿਆ ਵਿਭਾਗ ਅਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਉਪ- ਕੁਲਪਤੀ ਆਈ. ਕੇ. ਜੀ. ਪੀ. ਟੀ. ਯੂ. ਸ਼੍ਰੀ ਰਾਮੇਸ਼ ਕੁਮਾਰ ਗੰਤਾ ਆਈ.ਏ.ਐਸ. ਨੇ ਕੀਤੀ|

ਇਸ ਵਿੱਚ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਵਿੱਚ ਡਾ. ਅੰਬੇਡਕਰ ਅਜਾਇਬ ਘਰ ਨਾਲ ਜੁੜੇ ਸਲਾਹਕਾਰ ਅਤੇ ਆਰਕੀਟੈਕਚਰ ਦੀ ਤਰਫੋਂ ਇੱਕ ਫਿਲਮ ਤੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਪ੍ਰੋਜੈਕਟ ਦੀਆਂ ਵਿਸ਼ੇਸ਼ਤਾਵਾਂ ਨੂੰ ਸਾਰਿਆਂ ਦੇ ਸਾਹਮਣੇ ਰੱਖਿਆ ਗਿਆ|

ਪ੍ਰੋਜੈਕਟ ਰਿਪੋਰਟ ਸਾਂਝੀ ਕਰਦੇ ਹੋਏ ਪ੍ਰਵਕਤਾ ਨੇ ਦੱਸਿਆ ਕਿ ਲਗਭਗ 150 ਕਰੋੜ ਦੇ ਨਿਵੇਸ਼ ਨਾਲ ਬਣਾਇਆ ਜਾਣ ਵਾਲਾ ਡਾ. ਅੰਬੇਡਕਰ ਅਜਾਇਬ ਘਰ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਜਾਵੇਗਾ| ਪਹਿਲਾ ਐਂਟਰੀ ਪੁਆਇੰਟ ਪ੍ਰਣਾਮ ਟਾਵਰ ਹੋਵੇਗਾ, ਜਦੋਂ ਕਿ ਪਹਿਲੇ ਜ਼ੋਨ ਨੂੰ ਸੈਂਟਰਲ ਜ਼ੋਨ ਦਾ ਨਾਂ ਦਿੱਤਾ ਜਾਵੇਗਾ ਜਿਸ ਵਿੱਚ ਡਾ ਅੰਬੇਡਕਰ ਜੀ ਦੇ ਜੀਵਨ ਅਤੇ ਕਾਰਜਾਂ ਬਾਰੇ ਇੱਕ ਗੈਲਰੀ ਹੋਵੇਗੀ|

ਦੂਜਾ ਜ਼ੋਨ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਤੀਜਾ ਜ਼ੋਨ ਸਮਾਜਿਕ ਅਤੇ ਆਰਥਿਕ ਪ੍ਰਭਾਵ ਅਤੇ ਉਨ੍ਹਾਂ ਦੇ ਵਿਸ਼ਿਆਂ ਤੇ ਕੰਮਾਂ ਨਾਲ ਸਬੰਧਤ ਹੋਵੇਗਾ, ਚੌਥਾ ਜ਼ੋਨ ਸੰਵਿਧਾਨਕ ਖੇਤਰ ਵਿੱਚ ਵੰਡਿਆ ਗਿਆ ਹੈ, ਜਦੋਂ ਕਿ ਪੰਜਵਾਂ ਜ਼ੋਨ ਡਾ: ਅੰਬੇਡਕਰ ਜੀ ਦੀ ਵਿਰਾਸਤ ‘ਤੇ ਅਧਾਰਤ ਹੋਵੇਗਾ। ਸ਼ੁਰੂ ਵਿੱਚ ਇਹ 10 ਏਕੜ ਜ਼ਮੀਨ ਤੇ ਸਥਾਪਤ ਕੀਤਾ ਜਾ ਰਿਹਾ ਹੈ|

ਪ੍ਰੋਜੈਕਟ ਰਿਪੋਰਟ ਵਿਸ਼ਲੇਸ਼ਣ ਸੈਸ਼ਨ ਦੇ ਦੌਰਾਨ, ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਉਪ- ਕੁਲਪਤੀ ਆਈ.ਏ.ਐਸ. ਰਾਮੇਸ਼ ਕੁਮਾਰ ਗੰਤਾ ਨੇ ਯੂਨੀਵਰਸਿਟੀ ਦੇ ਮੌਜੂਦਾ ਅਧਿਕਾਰੀਆਂ ਅਤੇ ਕਰਮਚਾਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਤੋਂ ਵੀ ਵਿਚਾਰ ਮੰਗੇ ਅਤੇ ਉਨ੍ਹਾਂ ਨੇ ਪ੍ਰੋਜੈਕਟ ਸਲਾਹਕਾਰ ਕੰਪਨੀ ਨੂੰ ਤੱਥਾਂ ਦੇ ਅਧਾਰ ਤੇ ਸਾਰੇ ਪ੍ਰੋਜੈਕਟ ਦੇ ਵਿਚਾਰ ਅੰਤਿਮ ਰੂਪ ਦੇਣ ਲਈ ਨਿਰਦੇਸ਼ ਦਿੱਤੇ |

ਉਪ -ਕੁਲਪਤੀ ਆਈ.ਏ.ਐਸ. ਗੰਤਾ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਡਾ: ਅੰਬੇਡਕਰ ਜੀ ਦੇ ਜੀਵਨ ਦਰਸ਼ਨ ਅਤੇ ਕਾਰਜਾਂ ਤੇ ਜਾਣਕਾਰੀ ਹੋਣ ਦੀ ਪ੍ਰਸ਼ੰਸ਼ਾ ਕੀਤੀ| ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਵਿੱਖ ਵਿੱਚ ਇਹ ਪ੍ਰੋਜੈਕਟ ਡਾ: ਅੰਬੇਡਕਰ ਜੀ ‘ਤੇ ਖੋਜ ਕਾਰਜਾਂ ਲਈ ਵਿਸ਼ਵ ਪੱਧਰ’ ਤੇ ਵੀ ਜਾਣਿਆ ਜਾਵੇਗਾ|

ਇਸ ਮੌਕੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੀ ਡਾਇਰੈਕਟਰ ਕੰਵਲਪ੍ਰੀਤ ਕੌਰ ਬਰਾੜ ਆਈ.ਏ.ਐਸ., ਤਕਨੀਕੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਆਈ.ਏ.ਐਸ. ਕੁਮਾਰ ਸੌਰਭ ਰਾਜ ਨੇ ਵੀ ਅਜਾਇਬ ਘਰ ਨਾਲ ਸਬੰਧਤ ਆਪਣੇ ਵਿਚਾਰ ਪ੍ਰਗਟ ਕੀਤੇ।

ਯੂਨੀਵਰਸਿਟੀ ਰਜਿਸਟਰਾਰ ਆਈ. ਏ.ਐਸ ਜਸਪ੍ਰੀਤ ਸਿੰਘ, ਡੀਨ ਅਕਾਦਮਿਕ ਪ੍ਰੋ. ਵਿਕਾਸ ਚਾਵਲਾ , ਵਿਤ ਅਧਿਕਾਰੀ ਡਾ. ਸੁਖਬੀਰ ਵਾਲੀਆ, ਐਕਸੀਅਨ ਐਚ.ਪੀ ਸਿੰਘ, ਡਾਇਰੈਕਟਰ ਪਲਾਨਿੰਗ ਅਤੇ ਐਕਸਟਰਨਲ ਪ੍ਰੋਗਰਾਮ ਡਾ. ਏਕਓਂਕਾਰ ਸਿੰਘ, ਡਿਪਟੀ ਰਜਿਸਟਰਾਰ ਸੰਦੀਪ ਮਹਿਮੀ , ਇੰਪਲਾਈਜ਼ ਯੂਨੀਅਨ ਵੱਲੋਂ ਸੀਨੀਅਰ ਸਹਾਇਕ ਪਵਨ ਕੁਮਾਰ, ਭਲਵਿੰਦਰ ਸਿੰਘ ਧਨੋਲਾ ਅਤੇ ਹੋਰ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION