37.8 C
Delhi
Thursday, April 25, 2024
spot_img
spot_img

ਪਾਣੀ ਬਚਤ ਦੇ ਨਾਲ-ਨਾਲ ਆਲਮੀ ਤਪਸ਼ ਘਟਾਉਣ ਵਿੱਚ ਵੀ ਮਦਦਗਾਰ ਹੈ ਸਿੱਧੀ ਬਿਜਾਈ: ਡਾ. ਜਸਪਾਲ ਸਿੰਘ ਧੰਜੂ

ਸੁਲਤਾਨਪੁਰ ਲੋਧੀ, 11 ਜੂਨ, 2020 –
ਕਪੂਰਥਲਾ ਜਿਲੇ ਦੀ ਸੁਲਤਾਨਪੁਰ ਲੋਧੀ ਤਹਿਸੀਲ ਦੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਧਰਤੀ ਹੇਠਲੇ ਪਾਣੀ ਦੀ ਬਚਤ ਤੇ ਕਰੋਨਾ ਮਹਾਂਮਾਰੀ ਕਾਰਨ ਲੇਬਰ ਦੀ ਘਾਟ ਨਾਲ ਨਜਿੱਠਣ ਲਈ ਪੂਰੇ ਸੂਬੇ ਵਿਚ ਰਾਹ ਦਸੇਰੇ ਦੀ ਭੂਮਿਕਾ ਨਿਭਾ ਰਹੇ ਹਨ। ਖੇਤਰ ਦੇ ਅਗਾਂਹਵਧੂ ਕਿਸਾਨਾਂ ਵਲੋਂ ਸਿੱਧੀ ਬਿਜਾਈ ਨੂੰ ਏਨੇ ਵੱਡੇ ਪੱਧਰ ‘ਤੇ ਹੁੰਗਾਰਾ ਦਿੱਤਾ ਗਿਆ ਹੈ ਕਿ ਝੋਨੇ ਹੇਠ ਪਿਛਲੇ ਸਾਲ ਕੇਵਲ 90 ਹੈਕਟੇਅਰ ਰਕਬੇ ਦੀ ਥਾਂ ਇਸ ਵਾਰ ਇਹ ਰਕਬਾ 16000 ਹੈਕਟੇਅਰ ਹੋ ਗਿਆ ਹੈ।

ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਧੰਜੂ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤਹਿਸੀਲ ਜੋ ਕਿ ਵੱਖ-ਵੱਖ ਸਬਜ਼ੀਆਂ ਦੀ ਕਾਸ਼ਤ ਲਈ ਜਾਣੀ ਜਾਂਦੀ ਹੈ, ਦੇ ਕਿਸਾਨਾਂ ਵਲੋਂ ਕੁੱਲ 34000 ਹੈਕਟੇਅਰ ਰਕਬੇ ਵਿਚ ਝੋਨੇ ਦੀ ਕਾਸ਼ਤ ਹੁੰਦੀ ਹੈ, ਜਿਸ ਵਿਚੋਂ ਲਗਭਗ 50 ਫੀਸਦੀ ਦੇ ਕਰੀਬ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ।

ਉਨਾਂ ਦੱਸਿਆ ਕਿ ਸਿੱਧੀ ਬਿਜਾਈ ਦੀ ਸਫਲਤਾ ਪ੍ਰਤੀ ਕਿਸਾਨਾਂ ਦਾ ਭਰੋਸਾ ਕਾਇਮ ਕਰਨਾ ਸਭ ਤੋਂ ਵੱਡੀ ਚੁਣੌਤੀ ਸੀ, ਜਿਸ ਕਰਕੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਵੱਖ-ਵੱਖ ਸਾਧਨਾਂ ਤੇ ਵਿਸ਼ੇਸ਼ ਕਰਕੇ ਬਿਜਾਈ ਵੇਲੇ ਖੁਦ ਖੇਤ ਵਿਚ ਹਾਜ਼ਰ ਹੋ ਕੇ ਪ੍ਰੇਰਕੇ ਬਿਜਾਈ ਕਰਵਾਈ ਗਈ ਹੈ।

ਉਨਾਂ ਕਿਹਾ ਕਿ ਕੱਦ ਕਰਕੇ ਲਾਏ ਜਾਣ ਵਾਲੇ ਝੋਨੇ ਦੇ ਬਦਲ ਵਜੋਂ ਸਿੱਧੀ ਬਿਜਾਈ ਦੀ ਤਕਨੀਕ ਨੂੰ 2010 ਵਿਚ ਵਿਕਸਤ ਕੀਤੀ ਗਈ ਸੀ ਪਰ ਇਸ ਵਾਰ ਪੂਰੇ ਪੰਜਾਬ ਵਿੱਚ ਕਰੀਬ 25 % ਰਕਬੇ ਉੱਪਰ ਸਿੱਧੀ ਬਿਜਾਈ ਨਾਲ ਝੋਨਾ ਬੀਜਿਆ ਗਿਆ ਹੈ ।

ਪਿਛਲੇ ਸੱਤ ਸਾਲਾਂ ਤੋਂ ਸਿੱਧੀ ਬਿਜਾਈ ਕਰ ਰਹੇ ਤਲਵੰਡੀ ਚੌਧਰੀਆਂ ਦੇ ਕਿਸਾਨ ਬਲਦੇਵ ਸਿੰਘ ਮੁਤਾਬਿਕ ਪਿਛਲੇ ਸਾਲ ਉਨਾਂ ਵਲੋਂ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ 32-33 ਕੁਇੰਟਲ ਆਇਆ ਸੀ ਅਤੇ ਇਸ ਵਾਰ ਉਨਾਂ ਸਾਰੇ ਰਕਬੇ ਵਿੱਚ ਸਿੱਧੀ ਬਿਜਾਈ ਕਰਨ ਦੇ ਨਾਲ ਨਾਲ ਕਿਰਾਏ ਉੱਪਰ ਵੀ ਕਰੀਬ 450 ਏਕੜ ਰਕਬੇ ਉੱਪਰ ਸਿੱਧੀ ਬਿਜਾਈ ਕੀਤੀ ਹੈ।

ਪਹਿਲੀ ਵਾਰ ਸਿੱਧੀ ਬਿਜਾਈ ਕਰ ਰਹੇ ਪਿੰਡ ਨੂਰੋਵਾਲ ਦੇ ਕਿਸਾਨ ਹਰਮਨ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਨੂੰ ਲੈ ਕੇ ਮਨ ਵਿੱਚ ਸ਼ੰਕਾ ਕੱਢਣ ਲਈ ਕੁਝ ਰਕਬੇ ਵਿੱਚ ਤਜਰਬੇ ਵਜੋਂ ਸਿੱਧੀ ਬਿਜਾਈ ਕੀਤੀ ਗਈ ਸੀ ਅਤੇ ਝੋਨਾ ਉੱਗ ਜਾਣ ਤੇ ਉਨਾਂ 25 ਏਕੜ ਵਿੱਚ ਸਿੱਧੀ ਬਿਜਾਈ ਨਾਲ ਝੋਨਾ ਬੀਜਿਆ ਹੈ ।

ਸਰਾਏ ਜੱਟਾਂ ਦੇ ਕਿਸਾਨ ਅਜੇਪਾਲ ਸਿੰਘ ਅਤੇ ਯੁਵਰਾਜ ਸਿੰਘ ਦੇ ਦੱਸਣ ਮੁਤਾਬਿਕ ਉਨਾਂ ਹੁਣ ਤੱਕ 650 ਏਕੜ ਦੇ ਕਰੀਬ ਬਿਜਾਈ ਕਿਰਾਏ ਉੱਪਰ ਕੀਤੀ ਹੈ ।

ਡਰਿੱਲ ਨਾ ਮਿਲਣ ਤੇ ਮੌਜੂਦਾ ਹੈਪੀ ਸੀਡਰ ਵਿੱਚ ਕੁਝ ਬਦਲਾਅ ਕਰਕੇ ਕਿਸਾਨ ਹੁਕਮ ਸਿੰਘ ਨੇ 16 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਨੂੰ ਵੀ ਮਸ਼ੀਨ ਝੋਨਾ ਬੀਜਣ ਲਈ ਦਿੱਤੀ ਹੈ।16 ਕਿੱਲਿਆਂ ਵਿੱਚ ਝੋਨਾ ਬੀਜਣ ਵਾਲੇ ਪਿੰਡ ਮੰਗੂਪੁਰ ਦੇ ਕਿਸਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦਾ ਇਸ ਨਾਲ ਪੈਸਾ ਪਾਣੀ ਸਮਾਂ ਤਾਂ ਬਚਿਆ ਹੀ ਹੈ ਇਸ ਦੇ ਨਾਲ ਖੱਜਲ ਖੁਆਰੀ ਤੋਂ ਵੀ ਬਚਾਅ ਹੋਇਆ ਹੈ।

ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਨੂੰ ਸਫਲ ਹੋਣ ਲਈ ਨਦੀਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਮੁੱਢਲੀ ਜ਼ਰੂਰਤ ਹੈ । ਉਨਾਂ ਕਿਹਾ ਕਿ ਸਿੱਧੀ ਬਿਜਾਈ ਨਾਲ 10 ਤੋਂ 15 ਪ੍ਰਤੀਸ਼ਤ ਪਾਣੀ, 30-35 % ਲੇਬਰ ਅਤੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਇਸ ਦੇ ਨਾਲ ਆਲਮੀ ਤਪਸ਼ ਵਿੱਚ ਹਿੱਸਾ ਪਾਉਂਦੀਆਂ ਗੈਸਾਂ ਦਾ ਰਿਸਾਅ ਕੱਦ ਕਰਕੇ ਲਾਏ ਝੋਨੇ ਨਾਲੋਂ 45% ਪ੍ਰਤੀ ਤੱਕ ਘੱਟ ਜਾਂਦਾ ਹੈ ਜੋ ਕਿ ਇਸ ਵਿਧੀ ਦਾ ਇੱਕ ਅਣਗੌਲਿਆ ਪੱਖ ਹੈ।


ਯੈੱਸ ਪੰਜਾਬ ਦੀਆਂਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION