27.1 C
Delhi
Saturday, May 4, 2024
spot_img
spot_img

ਪਟਿਆਲਾ ਪੁਲਿਸ ਨੇ ਵਿਦੇਸ਼ ਵੱਸਦੇ ਵਿਅਕਤੀ ਦੀ ਮਾਤਾ ਦੇ ਕਤਲ ਦੀ ਗੁੱਥੀ ਸੁਲਝਾਈ, 3 ਗ੍ਰਿਫ਼ਤਾਰ: ਐੱਸ.ਐੱਸ.ਪੀ. ਹਰਚਰਨ ਸਿੰਘ ਭੁੱਲਰ

ਯੈੱਸ ਪੰਜਾਬ
ਪਟਿਆਲਾ, 7 ਦਸੰਬਰ, 2021:
ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਭਾਦਸੋਂ ਇਲਾਕੇ ‘ਚ ਇੱਕ ਵਿਦੇਸ਼ ਵੱਸਦੇ ਵਿਅਕਤੀ ਦੀ ਮਾਤਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਸ. ਹਰਚਰਨ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਮਿਤੀ 21 ਨਵਬੰਰ 2021 ਨੂੰ ਪਿੰਡ ਪੇਧਨ ਵਿਖੇ ਇੱਕ ਮਹਿਲਾ ਅਮਰਜੀਤ ਕੌਰ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾ ਕੇ 3 ਵਿਅਕਤੀਆਂ, ਗੋਰਖ ਨਾਥ ਉਰਫ ਗੋਰਾ ਪੁੱਤਰ ਰਾਮ ਕਰਨ, ਡਿੰਪਲ ਕੁਮਾਰ ਪੁੱਤਰ ਪੂਰਨ ਚੰਦ ਵਾਸੀਆਨ ਪਿੰਡ ਪੇਧਨ ਤੇ ਪੁਸ਼ਪਿੰਦਰਪਾਲ ਪੁੱਤਰ ਜਸਵੀਰ ਚੰਦ ਵਾਸੀ ਪਿੰਡ ਸ਼ਾਮਲਾ ਤਹਿਸੀਲ ਨਾਭਾ ਨੂੰ ਕਾਬੂ ਕੀਤਾ ਗਿਆ।

ਐਸ.ਐਸ.ਪੀ. ਲੇ ਅੱਗੇ ਦੱਸਿਆ ਕਿ ਐਸ.ਪੀ. ਜਾਂਜ ਡਾ. ਮਹਿਤਾਬ ਸਿੰਘ, ਤੇ ਡੀ.ਐਸ.ਪੀ. ਜਾਂਚ ਅਜੈਪਾਲ ਸਿੰਘ ਅਤੇ ਡੀ.ਐਸ.ਪੀ. ਨਾਭਾ ਰਾਜੇਸ਼ ਛਿੱਬਰ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਭਾਦਸੋਂ ਦੇ ਮੁਖੀ ਸੁਖਦੇਵ ਸਿੰਘ ਦੀਆਂ ਟੀਮਾਂ ਨੇ ਇਸ ਮਾਮਲੇ ਨੂੰ ਹੱਲ ਕੀਤਾ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਮਿਤੀ 25 ਨਵੰਬਰ 2021 ਨੂੰ ਹਰਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਪੇਧਨ ਥਾਣਾ ਭਾਦਸੋਂ, ਜੋ ਕਿ 2005 ਤੋਂ ਹੀ ਕੈਨੇਡਾ ਰਹਿੰਦਾ ਹੈ, ਨੇ ਪੁਲਿਸ ਕੋਲ ਬਿਆਨ ਲਿਖਵਾਇਆ ਸੀ ਕਿ ਜਦੋਂ ਉਸਦੀ ਮਾਤਾ ਅਮਰਜੀਤ ਕੌਰ ਦੀ ਮਿਤੀ 21 ਨਵੰਬਰ ਨੂੰ ਮੌਤ ਦੀ ਇਤਲਾਹ ਮਿਲੀ, ਜਿਸ ‘ਤੇ ਉਹ ਕੈਨੇਡਾ ਤੋਂ ਆਪਣੇ ਪਿੰਡ ਪੇਧਨ ਵਿਖੇ ਆਇਆ, ਜਿੱਥੇ ਉਸ ਨੇ ਆਪਣੀ ਮਾਤਾ ਦੇ ਸਿਰ ਵਿੱਚ ਸੱਟਾਂ ਦੇਖ ਕੇ ਪੁਲਿਸ ਨੂੰ ਪੋਸਟਮਾਰਟਮ ਕਰਵਾਉਣ ਲਈ ਬਿਆਨ ਲਿਖਵਾਇਆ, ਜਿਸ ‘ਤੇ ਪੁਲਿਸ ਨੇ 26 ਨਵੰਬਰ ਨੂੰ ਰਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਕਰਵਾਇਆ ਅਤੇ ਇਸ ਤੋਂ ਅਮਰਜੀਤ ਕੌਰ ਦੇ ਸਿਰ ਵਿੱਚ 7 ਸੱਟਾਂ ਲੱਗਣੀਆਂ ਪਾਈਆਂ ਗਈਆਂ, ਜਿਸ ਦੇ ਆਧਾਰ ‘ਤੇ ਪੁਲਿਸ ਵੱਲੋਂ ਮੁਕੱਦਮਾ ਨੰਬਰ 154 ਮਿਤੀ 27 ਨਵੰਬਰ 2021 ਨੂੰ ਆਈ.ਪੀ.ਸੀ. ਦੀ ਧਾਰਾ 302 ਤਹਿਤ ਥਾਣਾ ਭਾਦਸੋਂ ਵਿਖੇ ਦਰਜ ਕੀਤਾ।

ਸ. ਭੁੱਲਰ ਨੇ ਦੱਸਿਆ ਕਿ ਮਿਤੀ 21 ਨਵੰਬਰ ਨੂੰ ਪਿੰਡ ਪੇਧਨ ਵਿਖੇ ਗਿਣੀ ਮਿੱਥੀ ਸਾਜਿਸ਼ ਅਧੀਨ ਸਾਜਿਸ਼ਕਰਤਾ ਗੋਰਖ ਨਾਥ ਉਰਫ ਗੋਰਾ, ਜੋ ਕਿ ਮ੍ਰਿਤਕਾ ਦੀ 21 ਕਿੱਲੇ ਜਮੀਨ ਠੇਕੇ ‘ਤੇ ਵਾਹੁੰਦਾ ਸੀ, ਨੇ ਇਹੀ ਰੌਲਾ ਪਾਇਆ ਕਿ ਅਮਰਜੀਤ ਕੌਰ ਦੀ ਮੌਤ ਪਰਦਾ ਠੀਕ ਕਰਨ ਸਮੇ ਗਿਰ ਕੇ ਸਿਲਾਈ ਮਸ਼ੀਨ ਉਸਦੇ ਵਿੱਚ ਸਿਰ ਵੱਜਣ ਕਰਕੇ ਹੋਈ ਹੈ।

ਇਸ ਤਰ੍ਹਾਂ ਸੀ.ਆਈ.ਏ ਸਟਾਫ ਦੀ ਟੀਮ ਨੇ ਇਸ ਕਤਲ ਦੀ ਜਾਂਚ ਸ਼ੁਰੂ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਮ੍ਰਿਤਕਾ ਅਮਰਜੀਤ ਕੌਰ ਆਪਣੇ ਘਰ ਵਿੱਚ ਇਕੱਲੀ ਰਹਿ ਰਹੀ ਸੀ, ਇਸਦੇ ਪਤੀ ਬਲਜਿੰਦਰ ਸਿੰਘ ਦੀ 2016 ‘ਚ ਮੌਤ ਹੋ ਗਈ ਸੀ ਅਤੇ ਇਸਦੇ 2 ਲੜਕੇ ਸਨ।ਇੱਕ ਲੜਕੇ ਜਸਪ੍ਰੀਤ ਸਿੰਘ ਦੀ ਸਾਲ 2000 ਵਿੱਚ ਐਕਸੀਡੈਟ ਕਾਰਨ ਮੌਤ ਹੋ ਚੁੱਕੀ ਸੀ ਅਤੇ ਹਰਪ੍ਰੀਤ ਸਿੰਘ ਸਾਲ 2005 ਤੋਂ ਆਪਣੇ ਪਰਿਵਾਰ ਨਾਲ ਕੈਨੇਡਾ ਵਿਖੇ ਰਹਿ ਰਿਹਾ ਹੈ।

ਮ੍ਰਿਤਕਾ ਦੀ ਜਮੀਨ ਠੇਕੇ ‘ਤੇ ਵਾਹੁਣ ਵਾਲੇ ਗੋਰਖ ਨਾਥ ਗੋਰਾ ਨੇ ਮ੍ਰਿਤਕ ਅਮਰਜੀਤ ਕੌਰ ਦਾ ਏ.ਟੀ.ਐਮ ਕਾਰਡ ਚੋਰੀ ਕਰ ਲਿਆ ਸੀ ਅਤੇ ਉਸਨੇ ਅਤੇ ਡਿੰਪਲ ਨੇ ਇੱਕ ਮਹੀਨੇ ਦੌਰਾਨ ਵੱਖ ਵੱਖ ਥਾਵਾਂ ਤੋਂ ਕਰੀਬ ਢਾਈ ਲੱਖ ਰੁਪਏ ਵੀ ਕਢਵਾ ਲਏ ਸਨ ਤੇ ਹੁਣ ਇਨ੍ਹਾਂ ਨੂੰ ਡਰ ਸੀ ਕਿ ਅਮਰਜੀਤ ਕੌਰ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਜਿਸ ‘ਤੇ ਗੋਰਖ ਨਾਥ ਨੇ ਅਮਰਜੀਤ ਕੌਰ ਨੂੰ ਮਾਰਨ ਦੀ ਸਾਜਿਸ਼ ਰਚੀ ਅਤੇ ਮਿਤੀ 21 ਨਵੰਬਰ ਨੂੰ ਗਿਣੀ ਮਿੱਥੀ ਸਾਜਿਸ਼ ਅਧੀਨ ਡਿੰਪਲ ਕੁਮਾਰ ਅਤੇ ਪੁਸ਼ਪਿੰਦਰਪਾਲ ਨੇ ਅਮਰਜੀਤ ਕੌਰ ਦਾ ਕਤਲ ਕਰ ਦਿੱਤਾ ਸੀ।

ਇਸ ਕਤਲ ਦੇ ਮੁੱਖ ਸਾਜਿਸ਼ਕਰਤਾ ਗੋਰਖ ਨਾਥ ਉਰਫ ਗੋਰਾ ਉਕਤ ਨੇ ਅਮਰਜੀਤ ਕੌਰ ਦੇ ਕਤਲ ਹੋ ਜਾਣ ਤੋ ਬਾਅਦ ਕਤਲ ਵਾਲੀ ਥਾਂ ਤੇ ਪਏ ਕੱਪੜੇ, ਪਰਦੇ ਅਤੇ ਬੈਡਸ਼ੀਟ ਵਗੈਰਾ ਜਿਨ੍ਹਾਂ ‘ਤੇ ਖ਼ੂਨ ਦੇ ਛਿੱਟੇ ਅਤੇ ਦਾਗ ਪੈ ਗਏ ਸਨ, ਨੂੰ ਅੱਗ ਲਗਾ ਕੇ ਸਾੜ ਦਿੱਤਾ ਸੀ ਅਤੇ ਕਤਲ ਹੋਣ ਵਾਲੀ ਜਗਾ ਦੀ ਸਾਫ਼ ਸਫ਼ਾਈ ਕਰਕੇ ਕਤਲ ਦੇ ਸਾਰੇ ਸਬੂਤ ਖ਼ਤਮ ਕਰ ਦਿੱਤੇ ਸਨ।

ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਤਫਤੀਸ਼ ਦੌਰਾਨ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਨੂੰ ਕੁੱਝ ਅਹਿਮ ਸੁਰਾਗ ਲੱਗੇ, ਜਿਸਦੇ ਆਧਾਰ ‘ਤੇ ਹੀ ਇਨ੍ਹਾਂ ਦੀ ਅਤੇ ਗੋਰਖ ਨਾਥ ਦੇ ਜਵਾਈ ਪੁਸ਼ਪਿੰਦਰਪਾਲ ਨੂੰ ਮਿਤੀ 7 ਦਸੰਬਰ ਨੂੰ ਥਾਣਾ ਭਾਦਸੋਂ ਇਲਾਕੇ ‘ਚੋਂ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਇਸ ਸਾਰੀ ਵਾਰਦਾਤ ਰਾਤ ਨੂੰ ਅੰਜਾਮ ਦੇਣ ਦੀ ਵਜਾ ਅਤੇ ਵਾਰਦਾਤ ਨੂੰ ਅੰਜਾਮ ਦੇਣ ਬਾਰੇ ਸਾਰਾ ਇੰਕਸਾਫ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਵਾਲੇ ਮੁਲਾਜਮਾਂ ਨੂੰ ਸਨਮਾਨਿਤ ਕੀਤਾ ਜਾਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION