23.1 C
Delhi
Friday, May 3, 2024
spot_img
spot_img

ਪਟਿਆਲਾ ‘ਪੀਸ ਕਮੇਟੀ’ ਵੱਲੋਂ ਕਿਸੇ ਨੂੰ ਵੀ ਅਮਨ-ਸ਼ਾਂਤੀ ਤੇ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੀ ਇਜਾਜ਼ਤ ਨਾ ਦੇਣ ਦਾ ਫ਼ੈਸਲਾ

ਯੈੱਸ ਪੰਜਾਬ
ਪਟਿਆਲਾ, 30 ਅਪ੍ਰੈਲ, 2022:
ਪਟਿਆਲਾ ਵਿਖੇ ਲੰਘੇ ਦਿਨ ਵਾਪਰੀ ਘਟਨਾ ‘ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪੱਧਰੀ ਸ਼ਾਂਤੀ ਕਮੇਟੀ ਨੇ ਜ਼ਿਲ੍ਹੇ ਅੰਦਰ ਆਪਸੀ ਭਾਈਚਾਰਾ ਅਤੇ ਫ਼ਿਰਕੂ ਇਕਸੁਰਤਾ ਹਰ ਹਾਲ ‘ਚ ਕਾਇਮ ਰੱਖਣ ‘ਤੇ ਜ਼ੋਰ ਦਿੰਦਿਆਂ ਆਪਸੀ ਪ੍ਰੇਮ-ਪਿਆਰ, ਇਤਫ਼ਾਕ ਤੇ ਸਦਭਾਵਨਾ ਬਣਾਈ ਰੱਖਣ ਦੀ ਵਚਨਬੱਧਤਾ ਵੀ ਦੁਹਰਾਈ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਅਮਨ ਸ਼ਾਤੀ ਤੇ ਸਦਭਾਵਨਾ ਨੂੰ ਠੇਸ ਪਹੁੰਚਾਉਣ ਦੀ ਇਜ਼ਾਜਤ ਨਾ ਦਿੱਤੀ ਜਾਵੇ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਸ਼ਾਂਤੀ ਕਮੇਟੀ ਦੀ ਮੀਟਿੰਗ ‘ਚ ਵਿਧਾਇਕ ਡਾ. ਬਲਬੀਰ ਸਿੰਘ, ਅਜੀਤ ਪਾਲ ਸਿੰਘ ਕੋਹਲੀ, ਚੇਤਨ ਸਿੰਘ ਜੌੜਾਮਾਜਰਾ ਤੇ ਗੁਰਲਾਲ ਘਨੌਰ, ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਐਸ.ਪੀ. ਦੀਪਕ ਪਾਰਿਕ ਤੋਂ ਇਲਾਵਾ ਸਾਰੇ ਧਰਮਾਂ ਸਮੇਤ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਵੱਡੀ ਗਿਣਤੀ ‘ਚ ਮੌਜੂਦ ਸਨ। ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਸਜ਼ਾ ਦੇ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ।

ਐਮ.ਐਲ.ਏ. ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਵਾਕਿਆ ਟਾਲਿਆ ਜਾ ਸਕਦਾ ਸੀ ਪਰੰਤੂ ਜਿਹੜੇ ਲੋਕਾਂ ਨੇ ਸਾਡੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ, ਉਸ ‘ਚ ਸ਼ਹਿਰ ਦੇ ਲੋਕ ਸ਼ਾਮਲ ਨਹੀਂ ਸਨ, ਇਸ ਲਈ ਅਜਿਹੇ ਲੋਕਾਂ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸਖ਼ਤ ਕਾਨੂੰਨੀ ਕਾਰਵਾਈ ਕਰੇਗੀ। ਸ੍ਰੀ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਦੀ ਰਾਜਸੀ ਇੱਛਾ ਸ਼ਕਤੀ ਸਦਕਾ ਹਿੰਦੂ-ਸਿੱਖ ਏਕਤਾ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਦੇ ਕਾਮਯਾਬ ਨਹੀਂ ਹੋਣਗੀਆਂ ਤੇ ਸਾਡੀ ਆਸਥਾ ਇਸੇ ਤਰ੍ਹਾਂ ਬਰਕਰਾਰ ਰਹੇਗੀ।

ਵਿਧਾਇਕ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਤੇ ਪੀਰਾਂ-ਫ਼ਕੀਰਾਂ ਨੇ ਏਕੇ ਤੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ ਅਤੇ ਇਹ ਸਾਡੀ ਸਾਂਝੀ ਵਿਰਾਸਤ ਹੈ ਕਿ ਪੰਜਾਬ ‘ਚ ਕਦੇ ਵੀ ਫਿਰਕੂ ਘਟਨਾਵਾਂ ਨਹੀਂ ਵਾਪਰੀਆਂ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਦੇ ਪਿੱਛੇ ਜਿਹੜੀ ਵੀ ਤਾਕਤ ਹੈ, ਪੰਜਾਬ ਸਰਕਾਰ ਉਸ ਨੂੰ ਬੇਨਕਾਬ ਕਰੇਗੀ ਕਿਉਂਕਿ ਜਿਸ ਮੁੱਦੇ ‘ਤੇ ਇਹ ਲੋਕ ਆਪਣੀ ਰਾਜਨੀਤੀ ਕਰ ਰਹੇ ਹਨ, ਸੂਬੇ ‘ਚ ਅਜਿਹਾ ਕੋਈ ਮੁੱਦਾ ਹੈ ਹੀ ਨਹੀਂ।

ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਸੂਝ-ਬੂਝ ਨਾਲ ਘਟਨਾ ‘ਤੇ ਕਾਬੂ ਪਾਇਆ, ਸਾਨੂੰ ਸਭ ਨੂੰ ਅਮਨ-ਸ਼ਾਤੀ ਦੀ ਬਹਾਲੀ ਲਈ ਪ੍ਰਸ਼ਾਸਨ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਐਮ.ਐਲ.ਏ. ਗੁਰਲਾਲ ਘਨੌਰ ਨੇ ਕਿਹਾ ਕਿ ਨਿਜੀ ਹਿੱਤਾਂ ਲਈ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਸ਼ਰਾਰਤੀ ਤੱਤਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਸਾਨੂੰ ਆਪਸੀ ਸਦਭਾਵਨਾ ਕਾਇਮ ਰੱਖਣ ਲਈ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਅਤੇ ਚੌਕਸ ਰਹਿਣਾ ਚਾਹੀਦਾ ਹੈ। ਸ੍ਰੀ ਗੈਂਦ ਨੇ ਕਿਹਾ ਕਿ ਪਟਿਆਲਾ ‘ਚ ਆਪਸੀ ਏਕਤਾ ਤੇ ਸਦਭਾਵਨਾ ਦਾ ਇੱਕ ਇਤਿਹਾਸ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਸਦਾ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮਨਸ਼ਾ ਸਾਫ਼ ਹੈ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਲਾਜ਼ਮੀ ਹੋਵੇਗੀ।

ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਕਿਸੇ ਨੂੰ ਵੀ ਸ਼ਾਂਤੀ ਭੰਗ ਕਰਨ ਤੇ ਕਾਨੂੰਨ ਆਪਣੇ ਹੱਥ ‘ਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ 24 ਘੰਟੇ ‘ਚ ਸ਼ਾਂਤੀ ਬਹਾਲ ਕੀਤੀ ਹੈ ਤੇ ਪਟਿਆਲਵੀਆਂ ਨੇ ਵੀ ਸੂਝ-ਬੂਝ ਤੇ ਸਿਆਣਪ ਦਾ ਸਬੂਤ ਦੇ ਕੇ ਸੋਸ਼ਲ ਮੀਡੀਆ ‘ਤੇ ਅਫ਼ਵਾਹਾਂ ਉਪਰ ਵਿਸ਼ਵਾਸ ਨਹੀਂ ਕੀਤਾ। ਸ. ਛੀਨਾ ਨੇ ਕਿਹਾ ਕਿ ਪੁਲਿਸ ਦੋਸ਼ੀਆਂ ਨੂੰ ਸਜ਼ਾ ਦਿਵਾਏਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਟਿਆਲਾ ਪਹਿਲਾਂ ਵੀ ਸਦਾ ਸ਼ਾਂਤ ਰਿਹਾ ਹੈ ਤੇ ਭਵਿੱਖ ‘ਚ ਵੀ ਅਮਨ-ਸ਼ਾਤੀ ਤੇ ਭਾਈਚਾਰਾ ਕਾਇਮ ਰਹੇਗਾ। ਐਸ.ਐਸ.ਪੀ. ਦੀਪਕ ਪਾਰਿਕ ਨੇ ਕਿਹਾ ਕਿ ਪਟਿਆਲਾ ਪੁਲਿਸ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ ਤੇ ਲੋਕਾਂ ਦੀ ਸੇਵਾ ‘ਚ ਨਿਰੰਤਰ 24 ਘੰਟੇ ਹਾਜ਼ਰ ਰਹੇਗੀ। ਉਨ੍ਹਾਂ ਕਿਹਾ ਕਿ ਲੋਕ ਸਾਡਾ ਸਾਥ ਦੇਣ ਤਾਂ ਕਿ ਅਫ਼ਵਾਹਾਂ ਨਾ ਫੈਲਣ।

ਇਸ ਮੌਕੇ ਸੰਬੋਧਨ ਕਰਦਿਆਂ ਹਿੰਦੂ ਤਖ਼ਤ ਦੇ ਮੁਖੀ ਜਗਤ ਗੁਰੂ ਪੰਚਾਨੰਦ ਗਿਰੀ ਨੇ ਬੀਤੇ ਦਿਨ ਵਾਪਰੀ ਘਟਨਾ ਨੂੰ ਮੰਦਭਾਗੀ ਦਸਦਿਆਂ ਕਿਹਾ ਕਿ ਇਹ ਘਟਨਾ ਹਿੰਦੂਆਂ ਤੇ ਸਿੱਖਾਂ ਦਰਮਿਆਨ ਫੁੱਟ ਪਾਉਣ ਦੀ ਨਾਕਾਮ ਕੋਸ਼ਿਸ਼ ਸੀ। ਉਨ੍ਹਾਂ ਨੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਮੀਦ ਪ੍ਰਗਟਾਈ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਹੈੱਡਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨਾਲ ਸਾਰਿਆਂ ਦੇ ਹਿਰਦੇ ਵਲੂੰਧਰੇ ਗਏ ਹਨ ਕਿਉਂਕਿ ਸਾਰੇ ਧਰਮ ਤੇ ਧਰਮ ਅਸਥਾਨ ਸਤਿਕਾਰਯੋਗ ਹਨ ਤੇ ਕੋਈ ਵੀ ਧਰਮ ਇਨ੍ਹਾਂ ਦੀ ਬੇਅਦਬੀ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਅਜਿਹਾ ਕਾਰਾ ਕਰਨ ਵਾਲੇ ਧਾਰਮਿਕ ਲੋਕ ਨਹੀਂ ਹੁੰਦੇ। ਉਨ੍ਹਾਂ ਨੇ ਸਾਰਿਆਂ ਨੂੰ ਸੁਚੇਤ ਹੋਣ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਕਿਸੇ ਨੂੰ ਵੀ ਸੂਬੇ ਤੇ ਸ਼ਹਿਰ ਦਾ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।

ਇਸਾਈ ਧਰਮ ਦੇ ਪ੍ਰਤੀਨਿਧ ਸਿਸਟਰ ਫ਼ਲੇਵੀ ਨੇ ਕਿਹਾ ਕਿ ਸਾਰੇ ਮਨੁੱਖ ਇਕ ਪ੍ਰਮਾਤਮਾ ਦੇ ਪੁੱਤਰ ਹਨ ਤੇ ਕੋਈ ਵੀ ਧਰਮ ਸਾਨੂੰ ਆਪਸ ‘ਚ ਲੜਨ ਦੀ ਸਿੱਖਿਆ ਨਹੀਂ ਦਿੰਦਾ। ਮੁਸਲਿਮ ਧਰਮ ਦੇ ਨੁਮਾਇੰਦੇ ਅਬਦੁਲ ਵਾਹਿਦ ਨੇ ਕਿਹਾ ਕਿ ਹਰੇਕ ਬਾਸ਼ਿੰਦੇ ਨੂੰ ਸ਼ਹਿਰ ਦੀ ਅਮਨ ਸ਼ਾਂਤੀ ਦੀ ਫ਼ਿਕਰ ਹੈ ਅਤੇ ਗ਼ਲਤੀ ਕਰਨ ਵਾਲੇ ਵਿਅਕਤੀ ਦੀ ਨਿੰਦਾ ਉਸੇ ਧਰਮ ਦੇ ਲੋਕਾਂ ਵੱਲੋਂ ਕੀਤੀ ਜਾਣੀ ਚਾਹੀਦੀ ਹੈ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਹਿੰਦੂ ਵੈਲਫੇਅਰ ਬੋਰਡ ਦੇ ਚੇਅਰਮੈਨ ਮਹੰਤ ਰਵੀ ਕਾਂਤ, ਵਿਪਨ ਸ਼ਰਮਾ, ਖ਼ਾਲਸਾ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਵਿੰਟੀ ਤੇ ਸਿਮਰਨ ਸਿੰਘ ਨੇ ਵੀ ਸੰਬੋਧਨ ਕਰਦਿਆਂ ਜਿੱਥੇ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ ਉਥੇ ਹੀ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ‘ਤੇ ਅਫ਼ਵਾਹਾਂ ਅਤੇ ਗ਼ਲਤ ਖ਼ਬਰਾਂ ਨੂੰ ਫੈਲਣ ਤੋਂ ਰੋਕਣ ਲਈ ਠੋਸ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਆਪਸੀ ਰਿਸ਼ਤਾ ਨਹੁੰ-ਮਾਸ ਦਾ ਹੈ, ਇਸ ਨੂੰ ਤੋੜਿਆ ਨਹੀਂ ਜਾ ਸਕਦਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਜ਼ਾ ਦੇਣ ਲਈ ਫਾਸਟ ਟਰੈਕ ਅਦਾਲਤਾਂ ‘ਚ ਕੇਸ ਚੱਲਣੇ ਚਾਹੀਦੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION