36.1 C
Delhi
Friday, May 3, 2024
spot_img
spot_img

ਨੌਦੀਪ ਕੌਰ ਨਾਲ ਕਰਨਾਲ ਜੇਲ੍ਹ ’ਚ ਮੁਲਾਕਾਤ ਲਈ ਪੁੱਜੇ ‘ਆਪ’ ਪੰਜਾਬ ਦੇ ਆਗੂ, ਨਹੀਂ ਮਿਲੀ ਇਜਾਜ਼ਤ

ਯੈੱਸ ਪੰਜਾਬ
ਚੰਡੀਗੜ੍ਹ/ਕਰਨਾਲ, 23 ਫਰਵਰੀ, 2021 –
ਹਰਿਆਣਾ ਪੁਲਿਸ ਵੱਲੋਂ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤੀ ਗਈ ਸਮਾਜਿਕ ਵਰਕਰ ਨੌਦੀਪ ਕੌਰ ਨਾਲ ‘ਆਪ’ ਆਗੂਆਂ ਨੂੰ ਜੇਲ੍ਹ ਵਿੱਚ ਨਾ ਮਿਲਣ ਦੇਣ ਉੱਤੇ ਆਮ ਆਦਮੀ ਪਾਰਟੀ ਨੇ ਨਰਾਜ਼ਗੀ ਪ੍ਰਗਟਾਈ ਹੈ। ਮੰਗਲਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ, ਵਿਰੋਧੀ ਧਿਰ ਦੀ ਉਪ ਆਗੂ ਸਰਵਜੀਤ ਕੌਰ ਮਾਣੂੰਕੇ ਅਤੇ ਪਾਰਟੀ ਦੇ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਕਰਨਾਲ ਜੇਲ੍ਹ ਵਿੱਚ ਨੌਦੀਪ ਕੌਰ ਨਾਲ ਮੁਲਾਕਾਤ ਕਰਨ ਲਈ ਪਹੁੰਚੇ, ਪ੍ਰੰਤੂ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਨੌਦੀਪ ਨਾਲ ਮਿਲਣ ਦਿੱਤਾ।

‘ਆਪ’ ਆਗੂਆਂ ਨੇ ਹਰਿਆਣਾ ਸਰਕਾਰ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਘਟੀਆ ਤਰਕ ਦੇ ਕੇ ਨੌਦੀਪ ਕੌਰ ਨਾਲ ਮਿਲਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਸਮਾਜਿਕ ਵਰਕਰ ਦੇ ਸੰਘਰਸ਼ ਵਿੱਚ ਸਾਥ ਦੇਣ ਲਈ ਨੌਦੀਪ ਕੌਰ ਨਾਲ ਮਿਲਣ ਦਾ ਫੈਸਲਾ ਕੀਤਾ ਸੀ ਅਤੇ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਸੀ ਕਿ ਸੂਬੇ ਦੇ ਲੋਕ ਉਨ੍ਹਾਂ ਨਾਲ ਹਨ।

‘ਆਪ’ ਆਗੂਆਂ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਖੱਟਰ ਸਰਕਾਰ ਨੇ ਸੂਬੇ ‘ਚ ਐਂਮਰਜੈਂਸੀ ਵਰਗੇ ਹਲਾਤ ਬਣਾ ਦਿੱਤੇ ਹਨ। ਸਾਨੂੰ ਨੌਦੀਪ ਕੌਰ ਨਾਲ ਨਾ ਮਿਲਣ ਦੇਣ ਲਈ ਜੇਲ੍ਹ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਮਿਲਣ ਤੋਂ ਰੋਕਣ ਲਈ ਬਹੁਤ ਘੱਟੀਆ ਤਰਕ ਦਿੱਤੇ ਗਏ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਿਨੈ ਪੱਤਰ ਦਿੱਤੇ ਜਾਣ ਦੇ ਬਾਵਜੂਦ ਹਰਿਆਣਾ ਪੁਲਿਸ ਇਹ ਕਹਿ ਰਹੀ ਸੀ ਕਿ ਕੋਰੋਨਾ ਕਾਰਨ ਮਿਲਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ‘ਆਪ’ ਆਗੂਆਂ ਨੇ ਸਵਾਲ ਕਰਦੇ ਹੋਏ ਕਿਹਾ ਕਿ , ਅਸੀਂ ਹਰਿਆਣਾ ਪੁਲਿਸ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੋਵਿਡ ਉਸ ਸਮੇਂ ਕਿੱਥੇ ਹੁੰਦਾ ਹੈ ਜਦੋਂ ਦੂਜੇ ਕੈਦੀਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰ ਮਿਲਦੇ ਹਨ? ਕੋਰੋਨਾ ਦੀ ਸਮੱਸਿਆ ਸਿਰਫ ਨੌਦੀਪ ਕੋਰ ਨਾਲ ਮਿਲਣ ਸਮੇਂ ਹੀ ਕਿਉਂ ਪੈਦਾ ਹੋਈ? ਭਾਜਪਾ ਸਰਕਾਰ ਕੀ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ?

‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧੀ ਨੂੰ ਪਿਛਲੇ ਮਹੀਨੇ ਤੋਂ ਕਰਨਾਲ ਜੇਲ੍ਹ ਵਿੱਚ ਹੈ। ਨੌਦੀਪ ਕੌਰ ਨੂੰ ਹਿਰਾਸਤ ਵਿੱਚ ਲਏ ਜਾਣ ਦੀਆਂ ਖਬਰਾਂ ਨੂੰ ਕੌਮਾਂਤਰੀ ਮੀਡੀਆ ਦਾ ਵੀ ਧਿਆਨ ਖਿੱਚਿਆ ਹੈ, ਪ੍ਰੰਤੂ ਉਨ੍ਹਾਂ ਦੇ ਗ੍ਰਹਿ ਰਾਜ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੈ।

ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਹਰਿਆਣਾ ਸਰਕਾਰ ਨਾਲ ਗੱਲ ਕਰੇ ਅਤੇ ਨੌਦੀਪ ਕੌਰ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕਰਨ। ‘ਆਪ’ ਆਗੂਆਂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਕੈਪਟਨ ਨੂੰ ਨੌਦੀਪ ਕੌਰ ਨੂੰ ਰਿਹਾਅ ਕਰਾਉਣ ਦੀ ਅਪੀਲ ਕੀਤੀ ਸੀ, ਪ੍ਰੰਤੂ ਉਨ੍ਹਾਂ ਨਾ ਤਾਂ ਇਸ ਸਬੰਧੀ ਕੋਈ ਪਹਿਲ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਸਥਿਤੀ ਬਾਰੇ ਜਾਣ ਦਾ ਕੋਈ ਯਤਨ ਕੀਤਾ।

‘ਆਪ’ ਆਗੂਆਂ ਨੇ ਕਿਹਾ ਕਿ ਕੈਪਟਨ ਹਰ ਮੋਰਚੇ ਉੱਤੇ ਫੇਲ੍ਹ ਰਹੇ ਹਨ। ਉਹ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਸਾਬਤ ਹੋਏ ਹਨ। ਅੱਜ ਪੰਜਾਬ ਦੇ ਲੋਕ ਆਪਣੇ ਅਧਿਕਾਰਾਂ ਅਤੇ ਹੋਂਦ ਬਚਾਉਣ ਲਈ ਸੜਕਾਂ ਉੱਤੇ ਉਤਰੇ ਹੋਏ ਹਨ, ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਪ੍ਰੰਤੂ ਅਮਰਿੰਦਰ ਸਿੰਘ ਇਸ ਲਈ ਕੁਝ ਨਹੀਂ ਕਰ ਰਹੇ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਨੌਦੀਪ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕਰੇਗੀ।

‘ਆਪ’ ਆਗੂਆਂ ਨੇ ਭਾਜਪਾ ਸਰਕਾਰ ਉੱਤੇ ਬਲ ਵਰਤੋਂ ਕਰਕੇ ਵਿਰੋਧੀ ਪਾਰਟੀਆਂ ਅਤੇ ਸਮਾਜਿਕ ਵਰਕਰਾਂ ਦੀ ਆਵਾਜ਼ ਨੂੰ ਦਬਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਦਿੱਲੀ ਲਈ ਮਾਰਚ ਸ਼ੁਰੂ ਕੀਤਾ ਤਾਂ ਹਰਿਆਣਾ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਕਈ ਤਰ੍ਹਾਂ ਦੇ ਹੱਥ ਕੰਢੇ ਵਰਤੇ। ਕੜਾਕੇ ਦੀ ਠੰਢ ਵਿੱਚ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾ ਦੀ ਵਰਤੋਂ ਕੀਤੀ, ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਅਤੇ ਕੁਝ ਕਿਸਾਨਾਂ ਨੂੰ ਸਟੇਡੀਐਮ ਵਿਚ ਕੈਦ ਕਰ ਦਿੱਤਾ। ਉਨ੍ਹਾਂ ਸੜਕਾਂ ਨੂੰ ਵੀ ਪੁੱਟ ਸੁੱਟਿਆ ਤਾਂ ਕਿ ਕਿਸਾਨ ਦਿੱਲੀ ਵੱਲ ਨਾ ਵਧ ਸਕਣ ਅਤੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਜੋ ਵੀ ਸੰਭਵ ਹੋ ਸਕਿਆ, ਕੋਸ਼ਿਸ਼ ਕੀਤੀ।

ਪ੍ਰੰਤੂ ਜਦੋਂ ਭਾਜਪਾ ਸਰਕਾਰ ਦੀਆਂ ਚਾਲਾਂ ਸਫਲ ਨਾ ਹੋਈਆਂ, ਤਾਂ ਉਨ੍ਹਾਂ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਖਾਲਿਸਤਾਨੀ, ਪਾਕਿਸਤਾਨੀ, ਅੱਤਵਾਦੀ, ਅੰਦੋਲਨਜੀਵੀ ਕਹਿਕੇ ਬਦਨਾਮ ਕੀਤਾ।
ਕਿਸਾਨ ਅੰਦੋਲਨ ਨੂੰ ਦਬਾਉਣ ਦੀ ਨੀਅਤ ਨਾਲ ਹੀ ਭਾਜਪਾ ਸਰਕਾਰ ਨੇ ਸਮਾਜਿਕ ਵਰਕਰ ਨੌਦੀਪ ਕੌਰ ਨੂੰ ਗੈਰਕਾਨੂੰਨੀ ਢੰਗ ਨਾਲ ਗ੍ਰਿਫਤਾਰ ਕੀਤਾ।

ਉਸਦਾ ਦੋਸ਼ ਸਿਰਫ ਇਹ ਸੀ ਕਿ ਉਹ ਕਾਰਖਾਨੇ ਦੇ ਮਜ਼ਦੂਰਾਂ ਦੇ ਅਧਿਕਾਰਾਂ ਲਈ ਆਵਾਜ਼ ਚੁੱਕਦੀ ਰਹੀ ਸੀ। ਮੋਦੀ ਸਰਕਾਰ ਵਿਚ ਲੋਕਾਂ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਲੋਕਾਂ ਦੀ ਆਵਾਜ਼ ਨੂੰ ਦਬਾਇਅ ਜਾਂਦਾ ਹੈ। ਪ੍ਰੰਤੂ ਇਸ ਤੋਂ ਵੀ ਜ਼ਿਆਦਾ ਸ਼ਰਮਨਾਕ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪ੍ਰਧਾਨ ਮੰਤਰੀ ਮੋਦੀ ਦੀ ਤਰ੍ਹਾਂ ਹੀ ਕੰਮ ਕਰ ਰਹੇ ਹਨ।

ਉਹ ਭਾਜਪਾ ਦੇ ਮੁੱਖ ਮੰਤਰੀ ਦੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਸੰਘਰਸ਼ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਬੈਠਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਅਤੇ ਸਮਾਜਿਕ ਵਰਕਰਾਂ ਦੇ ਅਧਿਕਾਰਾਂ ਲਈ ਲੜਦੀ ਰਹੇਗੀ। ‘ਆਪ’ ਇਕ ਅਜਿਹੀ ਪਾਰਟੀ ਹੈ ਜੋ ਅੰਦੋਲਨ ਵਿਚੋਂ ਨਿਕਲੀ ਹੈ ਅਤੇ ਸੰਘਰਸ਼ ਕਰਨ ਵਾਲੇ ਲੋਕਾਂ ਨਾਲ ਹਮਦਰਦੀ ਰੱਖਦੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION