ਅੱਜ-ਨਾਮਾ
ਨਵਾਂ ਸਾਲ ਜਦ ਚੜ੍ਹਨ ਦਾ ਸਮਾਂ ਆਇਆ,
ਪਈ ਆ ਸਰਦੀਆਂ ਬੱਸ ਕਰਵਾਈ ਬੇਲੀ।
ਸੁਬਹਾ ਉੱਠ ਕੇ ਬਾਹਰ ਜਾਂ ਝਾਤ ਪਾਈਏ,
ਦਿੱਸਦੀ ਧੁੰਦ ਚਹੁੰ ਤਰਫ ਹੈ ਛਾਈ ਬੇਲੀ।
ਸਰਦੇ-ਪੁੱਜਦਿਆਂ ਘਰੀਂ ਨੇ ਲਾਏ ਹੀਟਰ,
ਅੰਗੀਠੀ ਮਾੜਿਆਂ ਹੁੰਦੀ ਆ ਲਾਈ ਬੇਲੀ।
ਸੁੱਟ ਕੇ ਲੱਕੜ ਦੇ ਖੁੰਘ ਜਿਹੇ ਚੌਕ ਅੰਦਰ,
ਮਿਲ ਕੇ ਧੂਣੀ ਫਿਰ ਜਾਂਦੀ ਮਘਾਈ ਬੇਲੀ।
ਨਿਊਜ਼ੀਲੈਂਡ ਵੱਲ ਪੁੱਛੋ ਫਿਰ ਫੋਨ ਕਰ ਕੇ,
ਓਧਰ ਗਰਮੀ ਦੀ ਰੁੱਤ ਪਈ ਆਈ ਬੇਲੀ।
ਏ ਸੀ ਚੱਲਣ ਪਏ ਦਫਤਰਾਂ-ਘਰਾਂ ਅੰਦਰ,
ਹਾਲਤ ਉਲਟ ਜਿਹੀ ਦੇਵੇ ਦਿਖਾਈ ਬੇਲੀ।
-ਤੀਸ ਮਾਰ ਖਾਂ
ਜਨਵਰੀ 01, 2020