41.1 C
Delhi
Sunday, May 19, 2024
spot_img
spot_img

ਨਵਾਂਸ਼ਹਿਰ ਦੀਆਂ ਦਾਣਾ ਮੰਡੀਆਂ ਚ ਵੀ ਮਜ਼ਦੂਰੀ ਤੇ ਢੋਆ-ਢੋਆਈ ਦੇ ਟੈਂਡਰਾਂ ਚ ਘਪਲੇਬਾਜ਼ੀ ਆਈ ਸਾਹਮਣੇ

ਯੈੱਸ ਪੰਜਾਬ
ਚੰਡੀਗੜ, 23 ਸਤੰਬਰ, 2022:
ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਅਨਾਜ ਮੰਡੀਆਂ ਦੇ ਲੇਬਰ ਕਾਰਟੇਜ਼ ਤੇ ਢੋਆ-ਢੋਆਈ (ਟਰਾਂਸਪੋਰਟ) ਦੇ ਟੈਂਡਰਾਂ ਅਤੇ ਕੰਮਾਂ ਵਿੱਚ ਘਪਲਾ ਕਰਨ ਸਬੰਧੀ ਕੀਤੀ ਪੜਤਾਲ ਦੌਰਾਨ ਮਹਿਕਮਾ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਸ਼ਹੀਦ ਭਗਤ ਸਿੰਘ ਨਗਰ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਅਤੇ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਠੇਕੇਦਾਰਾਂ ਨਾਲ ਆਪਸੀ ਮਿਲੀਭੁਗਤ ਰਾਹੀਂ ਘਪਲੇਬਾਜੀ ਸਾਹਮਣੇ ਆਉਣ ਅਤੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੇ ਦੋਸ਼ਾਂ ਤਹਿਤ ਅੱਜ ਤਿੰਨ ਠੇਕੇਦਾਰਾਂ ਵਿਰੁੱਧ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ।

ਇਸ ਬਾਰੇ ਸ਼ਿਕਾਇਤ ਵਿੱਚ ਦਰਜ ਬਾਕੀ ਦੋਸ਼ਾਂ ਅਤੇ ਜ਼ਿਲੇ ਦੇ ਹੋਰ ਟੈਂਡਰਕਾਰਾਂ ਅਤੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀ ਭੂਮਿਕਾ ਨੂੰ ਮੁਕੱਦਮੇ ਦੀ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ।

ਅੱਜ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਉਰੋ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਜਿਲੇ ਦੀਆਂ ਦਾਣਾ ਮੰਡੀਆਂ ਵਿੱਚ ਮਜ਼ਦੂਰੀ ਤੇ ਢੋਆ-ਢੋਆਈ ਦੇ ਟੈਂਡਰਾਂ ਅਤੇ ਕੰਮਾਂ ਵਿੱਚ ਮਿਲੀਭੁਗਤ ਰਾਹੀਂ ਹੋਈ ਘਪਲੇਬਾਜ਼ੀ ਸਬੰਧੀ ਪੜਤਾਲ ਕੀਤੀ ਉਪਰੰਤ ਦੋਸ਼ ਸਾਬਤ ਹੋਣ ਪਿੱਛੋਂ ਠੇਕੇਦਾਰ ਤੇਲੂ ਰਾਮ, ਠੇਕੇਦਾਰ ਯਸ਼ਪਾਲ ਅਤੇ ਠੇਕੇਦਾਰ ਅਜੈਪਾਲ ਵਾਸੀਆਨ ਪਿੰਡ ਊਧਣਵਾਲ, ਤਹਿਸੀਲ ਬਲਾਚੌਰ ਖਿਲਾਫ਼ ਮੁਕੱਦਮਾ ਨੰਬਰ: 18 ਮਿਤੀ 22-09-2022 ਨੂੰ ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਦਰਜ ਕੀਤਾ ਗਿਆ।

ਦੱਸਣਯੋਗ ਹੈ ਕਿ ਉਪਰੋਕਤ ਮੁਕੱਦਮੇ ਦੇ ਮੁਲਜ਼ਮ ਤੇਲੂ ਰਾਮ, ਯਸ਼ਪਾਲ ਅਤੇ ਅਜੈਪਾਲ ਵੱਲੋਂ ਇਸ ਤਰਾਂ ਦੀਆਂ ਘਪਲੇਬਾਜ਼ੀਆਂ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਨਾਮ ਉਪਰ ਕਾਫੀ ਜਾਇਦਾਦਾਂ ਬਣਾਈਆਂ ਹੋਈਆਂ ਹਨ ਜਿਨਾਂ ਬਾਰੇ ਤਫਤੀਸ਼ ਦੌਰਾਨ ਡੂੰਘਾਈ ਨਾਲ ਘੋਖ ਕੀਤੀ ਜਾਵੇਗੀ।

ਇਹ ਵੀ ਵਰਨਣਯੋਗ ਹੈ ਕਿ ਉਪਰੋਕਤ ਦੋਸ਼ੀ ਠੇਕੇਦਾਰ ਤੇਲੂ ਰਾਮ ਨੂੰ ਪਹਿਲਾਂ ਹੀ ਵਿਜੀਲੈਂਸ ਬਿਉਰੋ ਰੇਂਜ ਲੁਧਿਆਣਾ ਵੱਲੋਂ ਦਰਜ ਮੁਕੱਦਮੇ ਵਿੱਚ ਗਿ੍ਰਫਤਾਰ ਹੋਣ ਕਰਕੇ ਜੇਲ ਵਿੱਚ ਬੰਦ ਹੈ। ਬਾਕੀ ਰਹਿੰਦੇ ਦੋ ਦੋਸ਼ੀਆਂ ਠੇਕੇਦਾਰ ਯਸ਼ਪਾਲ ਅਤੇ ਠੇਕੇਦਾਰ ਅਜੈਪਾਲ ਨੂੰ ਗਿ੍ਰਫਤਾਰ ਕਰਨ ਲਈ ਬਿਉਰੋ ਵੱਲੋਂ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨਾਂ ਨੂੰ ਜਲਦ ਹੀ ਗਿ੍ਰਫਤਾਰ ਕੀਤਾ ਜਾਵੇਗਾ ਅਤੇ ਉਨਾਂ ਦੀ ਗਿ੍ਰਫਤਾਰੀ ਤੋਂ ਬਾਅਦ ਕਈ ਹੋਰ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਖੁਰਾਕ ਵਿਭਾਵ ਵੱਲੋਂ ਕਣਕ/ਝੋਨਾ/ਸਟਾਕ ਆਰਟੀਕਲਜ਼ ਲਈ ਅਨਾਜ ਮੰਡੀਆਂ ਵਿੱਚ ਲੇਬਰ ਕਾਰਟੇਜ਼ ਤੇ ਟਰਾਂਸਪੋਰਟ ਦੇ ਟੈਂਡਰਾਂ ਮੌਕੇ ਆਰ.ਐਸ. ਕੋ-ਆਪ੍ਰੇਟਿਵ ਕਿਰਤ ਤੇ ਉਸਾਰੀ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਹਨੀ ਕੁਮਾਰ ਦੀ ਸਭਾ ਵੱਲੋਂ ਸਾਲ 2020-2021 ਵਿੱਚ ਨਵਾਂਸ਼ਹਿਰ ਅਤੇ ਰਾਂਹੋ ਕਲੱਸਟਰ ਅਤੇ ਪੀ.ਜੀ. ਗਡਾਊਨ ਨਵਾਂਸ਼ਹਿਰ ਵਿੱਚ ਕੇਵਲ ਲੇਬਰ ਦੇ ਟੈਂਡਰ ਬੇਸਿਕ ਰੇਟ ਤੇ ਪਾਏ ਗਏ ਸਨ ਪਰੰਤੂ ਮਹਿਕਮੇ ਵੱਲੋਂ ਬਿਨਾਂ ਕਿਸੇ ਅਧਾਰ ਉਤੇ ਸ਼ਰਤਾਂ ਲਗਾ ਕੇ ਰੱਦ ਕਰ ਦਿੱਤੇ ਗਏ ਅਤੇ ਨਵਾਂਸ਼ਹਿਰ ਕਲੱਸਟਰ ਦੇ ਇਹ ਟੈਂਡਰ ਠੇਕੇਦਾਰ ਤੇਲੂ ਰਾਮ ਨੂੰ 71 ਫ਼ੀਸਦ ਵੱਧ ਤੇ ਅਤੇ ਰਾਂਹੋਂ ਕਲੱਸਟਰ ਦੇ 72 ਫ਼ੀਸਦ ਵੱਧ ਰੇਟ ਉਤੇ ਦੇ ਦਿੱਤੇ ਗਏ। ਉਪਰੰਤ ਸਾਲ 2022-23 ਦੇ ਮੰਗੇ ਗਏ ਟੈਂਡਰਾਂ ਵਿੱਚ ਹਨੀ ਕੁਮਾਰ ਨੇ ਆਪਣੀ ਉਕਤ ਸਭਾ ਵੱਲੋਂ ਲੇਬਰ ਦੇ ਕੰਮ ਲਈ ਰਾਂਹੋਂ ਕਲੱਸਟਰ ਅਤੇ ਨਵਾਂਸ਼ਹਿਰ ਕਲਸੱਟਰ ਵਿੱਚ ਬੇਸਕ ਰੇਟ ਤੇ ਟੈਂਡਰ ਪਾਏ ਸਨ ਪਰ ਜਿਲਾ ਅਲਾਟਮੈਂਟ ਕਮੇਟੀ ਵੱਲੋਂ ਉਨਾਂ ਟੈਂਡਰਾਂ ਨੂੰ ਰੱਦ ਕਰਕੇ ਠੇਕੇਦਾਰ ਅਜੇਪਾਲ ਨੂੰ ਨਵਾਂਸ਼ਹਿਰ ਕਲੱਸਟਰ ਵਿੱਚ ਲੇਬਰ ਦੇ ਕੰਮਾਂ ਲਈ 73 ਫ਼ੀਸਦ ਵੱਧ ਅਤੇ ਰਾਂਹੋ ਕਲੱਸਟਰ ਵਿੱਚ 72 ਫ਼ੀਸਦ ਵੱਧ ਉਤੇ ਟੈਂਡਰ ਦੇ ਦਿੱਤਾ ਗਿਆ।

ਬੁਲਾਰੇ ਨੇ ਦੱਸਿਆ ਕਿ ਸਾਲ 2020-21 ਦੇ ਟੈਂਡਰ ਭਰਨ ਸਮੇਂ ਠੇਕੇਦਾਰ ਤੇਲੂ ਰਾਮ ਤੇ ਠੇਕੇਦਾਰ ਯਸ਼ਪਾਲ ਜਦਕਿ ਸਾਲ 2020-21 ਅਤੇ 2022-23 ਦੌਰਾਨ ਠੇਕੇਦਾਰ ਅਜੇਪਾਲ ਵੱਲੋਂ ਜਿਣਸ ਦੀ ਢੋਆ ਢਆਈ ਲਈ ਵਹੀਕਲਾਂ ਸਬੰਧੀ ਪੇਸ਼ ਕੀਤੀਆਂ ਆਨਲਾਈਨ ਸੂਚੀਆਂ ਦਾ ਰਿਕਾਰਡ ਸਬੰਧਤ ਜ਼ਿਲਾ ਟਰਾਂਸਪੋਰਟ ਅਥਾਰਟੀਆਂ ਪਾਸੋਂ ਤਸਦੀਕ ਕਰਵਾਇਆ ਗਿਆ ਜਿਸ ਵਿੱਚ ਵਹੀਕਲਾਂ ਦੇ ਕਾਫੀ ਨੰਬਰ ਸਕੂਟਰ, ਮੋਟਰ ਸਾਈਕਲ, ਕਾਰ, ਪਿਕਅੱਪ, ਟਰੈਕਟਰ ਟਰੇਲਰ, ਕਲੋਜ਼ ਬਾਡੀ ਟਰੱਕ, ਐਲ.ਪੀ.ਜੀ. ਟੇੈਂਕਰ ਅਤੇ ਹਾਰਵੈਸਟਰਾਂ ਆਦਿ ਦੇ ਸ਼ਾਮਲ ਸਨ ਜਦ ਕਿ ਇਨਾਂ ਵਹੀਕਲਾਂ ਉਤੇ ਜਿਣਸ ਦੀ ਢੋਆ-ਢੋਆਈ ਨਹੀਂ ਕੀਤੀ ਜਾ ਸਕਦੀ।

ਇਸ ਪ੍ਰਕਾਰ ਇਨਾਂ ਗੇਟ ਪਾਸਾਂ ਵਿੱਚ ਫ਼ਰਜ਼ੀ ਵਹੀਕਲਾਂ ਦੇ ਨੰਬਰਾਂ ਦੇ ਨਾਲ ਨਾਲ ਜਿਣਸ ਦੀ ਮਿਕਦਾਰ ਦਾ ਦਿੱਤਾ ਵੇਰਵਾ ਪਹਿਲੀ ਨਜ਼ਰੇ ਫਰਜ਼ੀ ਰਿਪੋਰਟਿੰਗ ਦਾ ਮਾਮਲਾ ਦਿਖਾਈ ਦਿੰਦਾ ਹੈ ਅਤੇ ਇਨਾਂ ਗੇਟ ਪਾਸਾਂ ਵਿੱਚ ਦਰਸਾਈ ਜਿਣਸ ਦੇ ਗਬਨ ਹੋਣ ਦਾ ਮਾਮਲਾ ਵੀ ਉਜਾਗਰ ਹੁੰਦਾ ਹੈ। ਉਨਾਂ ਦੱਸਿਆ ਕਿ ਵਿਭਾਗ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਇਨਾਂ ਗੇਟ ਪਾਸਾਂ ਨੂੰ ਬਿਨਾਂ ਜਾਂਚ ਕੀਤੇ ਹੀ ਉਕਤ ਠੇਕੇਦਾਰਾਂ ਨੂੰ ਕੀਤੇ ਗਏ ਕੰਮਾਂ ਬਦਲੇ ਅਦਾਇਗੀ ਵੀ ਕਰ ਦਿੱਤੀ ਗਈ ਹੈ।

ਉਨਾਂ ਇਹ ਵੀ ਖੁਲਾਸਾ ਕੀਤਾ ਕਿ ਇਸ ਤੋਂ ਇਲਾਵਾ ਟੈਂਡਰ ਭਰਨ ਸਮੇਂ ਉਕਤ ਠੇਕੇਦਾਰਾਂ ਵੱਲੋਂ ਮਜ਼ਦੂਰੀ ਦੇ ਕੰਮ ਸਬੰਧੀ ਮੁਹੱਈਆ ਕਰਵਾਏ ਗਏ ਮਜ਼ਦੂਰਾਂ ਦੇ ਅਧਾਰ ਕਾਰਡਾਂ ਦੀਆਂ ਫੋਟੋ ਕਾਪੀਆਂ ਨੂੰ ਜਾਂਚਣ ਤੋਂ ਪਾਇਆ ਗਿਆ ਕਿ ਇਨਾਂ ਵਿੱਚੋਂ ਕਈ ਅਧਾਰ ਕਾਰਡ ਨਾਬਾਲਗ ਮਜ਼ਦੂਰਾਂ ਦੇ, ਕਈ ਅਧਾਰ ਕਾਰਡ 60 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਦੇ ਅਤੇ ਕਈ ਅਧਾਰ ਕਾਰਡ ਪੜਨ ਯੋਗ ਹੀ ਨਹੀਂ।

ਇਸ ਕਰਕੇ ਤੱਥਾਂ ਮੁਤਾਬਿਕ ਜ਼ਿਲਾ ਟੈਂਡਰ ਕਮੇਟੀ ਵੱਲੋਂ ਸਬੰਧਤ ਠੇਕੇਦਾਰਾਂ ਦੀ ਤਕਨੀਕੀ ਬਿੱਡ ਹੀ ਖਾਰਜ ਕਰਨੀ ਬਣਦੀ ਸੀ, ਜੋ ਕਿ ਨਹੀਂ ਕੀਤੀ ਗਈ ਜਿਸ ਤੋਂ ਸਾਬਤ ਹੋਇਆ ਹੈ ਕਿ ਉਕਤ ਠੇਕੇਦਾਰਾਂ ਵੱਲੋਂ ਮਹਿਕਮਾ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਸ਼ਹੀਦ ਭਗਤ ਸਿੰਘ ਨਗਰ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਅਤੇ ਸਬੰਧਤ ਖਰੀਦ ਏਜੰਸੀਆਂ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਅਨਾਜ ਮੰਡੀਆਂ ਵਿੱਚ ਅਨਾਜ ਦੀ ਢੋਆ-ਢੋਆਈ ਲਈ ਹੋਏ ਲੇਬਰ ਕਾਰਟੇਜ਼ ਅਤੇ ਟਰਾਂਸਪੋਰਟ ਦੇ ਟੈਂਡਰਾਂ ਵਿੱਚ ਘਪਲੇਬਾਜ਼ੀ ਕੀਤੀ ਗਈ ਹੈ ਜਿਸ ਦੇ ਅਧਾਰ ਉਤੇ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION