44 C
Delhi
Saturday, May 18, 2024
spot_img
spot_img

ਦੂਜੇ ਰਾਜਾਂ ਤੋਂ ਝੋਨੇ, ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਦੋ ਐਫ.ਆਈ.ਆਰ. ਦਰਜ: ਆਸ਼ੂ

ਯੈੱਸ ਪੰਜਾਬ
ਚੰਡੀਗੜ੍ਹ, 2 ਅਕਤੂਬਰ, 2021:
ਦੂਜੇ ਰਾਜਾਂ ਤੋਂ ਝੋਨਾ/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਐਫ.ਆਈ.ਆਰ. ਦਰਜ ਕਰਵਾਉਣ ਦੀ ਕਾਰਵਾਈ ਨੂੰ ਤੇਜ਼ ਕਰ ਦਿੱਤਾ ਗਿਆ ਹੈ।

ਝੋਨੇ ਦੇ ਚਾਲੂ ਸੀਜ਼ਨ ਦੌਰਾਨ ਪੰਜਾਬ ਰਾਜ ਵਿਚ ਦੂਜੇ ਰਾਜਾਂ ਤੋਂ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਕਾਰਵਾਈ ਕਰਦਿਆਂ ਦੋ ਐਫ.ਆਈ.ਆਰ ਦਰਜ ਕਰਵਾਈਆਂ ਹਨ , ਉਕਤ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਇਥੇ ਦਿੱਤੀ।

ਸ਼੍ਰੀ ਆਸ਼ੂ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਤਰਨਤਾਰਨ ਜ਼ਿਲ੍ਹੇ ਹਰੀਕੇ ਕਸਬੇ ਵਿਚ ਪੈਂਦ ਰੱਤਾ ਗੁੱਦਾ ਅਨਾਜ ਮੰਡੀ ਵਿੱਚ ਦੂਜੇ ਰਾਜਾਂ ਤੋਂ ਲਿਆਂਦਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਉਤਾਰਿਆ ਜਾ ਰਿਹਾ ਹੈ। ਜਿਸ ਤੇ ਕਾਰਵਾਈ ਕਰਦਿਆਂ ਪ੍ਰਤਾਪ ਕਮਿਸ਼ਨ ਏਜੰਟ ਦੇ ਮਾਲਿਕ ਪ੍ਰਤਾਪ ਸਿੰਘ ਅਤੇ ਟਰੱਕ ਡਰਾਈਵਰ ਖ਼ਿਲਾਫ਼ ਵੱਖ ਵੱਖ ਧਾਰਾਵਾਂ ਅਧੀਨ ਐਫ.ਆਈ.ਆਰ.ਦਰਜ ਕਰਵਾਈ ਗਈ।

ਸ਼੍ਰੀ ਆਸ਼ੂ ਨੇ ਕਿਹਾ ਕਿ ਝੋਨੇ ਦੇ ਚਾਲੂ ਖਰੀਦ ਸੀਜ਼ਨ ਦੌਰਾਨ ਦੇਸ਼ ਦੇ ਦੂਸਰੇ ਰਾਜਾਂ ਤੋਂ ਝੋਨਾ/ ਚੌਲ ਲਿਆਉਣ ‘ ਤੇ ਵੀ ਪੂਰਣ ਪਾਬੰਦੀ ਰਹੇਗੀ।

ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਤੋਂ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ/ਰੀ-ਸਾਇਕਲਿੰਗ ਲਈ ਝੋਨਾ/ਚੌਲ ਪੰਜਾਬ ਵਿੱਚ ਲਿਆਉਣ ਵਾਲੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

ਸ਼੍ਰੀ ਆਸ਼ੂ ਨੇ ਕਿਹਾ ਕਿ ਖਰੀਫ ਸੀਜ਼ਨ 2020-21 ਦੌਰਾਨ ਅਜਿਹੇ ਕੁੱਝ ਕੇਸ ਸਾਹਮਣੇ ਆਏ ਸਨ ਜਿਨ੍ਹਾਂ ਵਿੱਚ ਆੜਤੀਆਂ ਜਾਂ ਰਾਈਸ ਸ਼ੈੱਲਰਾਂ ਮਾਲਕਾਂ ਵੱਲੋਂ ਹੋਰ ਰਾਜਾਂ ਤੋਂ ਸਸਤੇ ਭਾਅ ਤੇ ਖਰੀਦਿਆ ਝੋਨਾ ਪੰਜਾਬ ਵਿੱਚ ਘੱਟੋ-ਘੱਟ ਸਮੱਰਥਨ ਮੁੱਲ ਤੇ ਵੇਚਣ ਲਈ ਲਿਆਂਦਾ ਗਿਆ ਜਾਂ ਪਬਲਿਕ ਡਿਸਟ੍ਰੀਬਿਉਸ਼ਨ ਸਿਸਟਮ ਅਧੀਨ ਵੰਡੇ ਜਾਣ ਵਾਲੇ ਚਾਵਲ ਨੂੰ ਪੰਜਾਬ ਰਾਜ ਵਿੱਚ ਲਿਆ ਕੇ ਉਸ ਵਿਰੁੱਧ ਝੋਨੇ ਦੀ ਬੋਗਸ ਬਿਲਿੰਗ ਕੀਤੀ ਗਈ ਸੀ, ਇਸ ਲਈ ਰਾਜ ਸਰਕਾਰ ਵੱਲੋਂ ਇਸ ਖਰੀਫ ਸੀਜ਼ਨ 2021-22 ਦੌਰਾਨ ਸੂਬੇ ਵਿੱਚ ਬਾਹਰਲੇ ਰਾਜਾਂ ਤੋਂ ਸਸਤੇ ਭਾਅ ਤੇ ਖਰੀਦਿਆ ਝੋਨਾ/ ਚੌਲ ਪੰਜਾਬ ਰਾਜ ਵਿੱਚ ਲਿਆ ਕੇ ਵੇਚਣ ਅਤੇ ਝੋਨੇ/ ਚੌਲ ਦੀ ਬੋਗਸ ਬਿਲਿੰਗ ਨੂੰ ਰੋਕਣ ਲਈ ਮੁਹਿੰਮ ਵਿੱਢਦੇ ਹੋਏ, ਸਖਤੀ ਨਾਲ ਕਾਰਵਾਈ ਕਰਣ ਲਈ ਕਮਰ-ਕੱਸ ਲਈ ਹੈ, ਤਾਂ ਜੋ ਝੋਨੇ/ ਚੌਲਾਂ ਦੀ ਰੀਸਾਇਕਲਿੰਗ ਨੂੰ ਰੋਕਿਆ ਜਾ ਸਕੇ।

ਸ਼੍ਰੀ ਆਸ਼ੂ ਨੇ ਕਿਹਾ ਕਿ ਇਸ ਸਬੰਧੀ ਅੰਤਰ ਰਾਜੀ ਸਰਹੱਦਾਂ ਤੇ ਵਿਸ਼ੇਸ਼ ਨਾਕੇ ਸਥਾਪਤ ਕਰਨ ਲਈ ਪੁਲਿਸ ਮੁਖੀ ਨੂੰ ਹੁਕਮ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੀ-ਸਾਇਕਲਿੰਗ ਲਈ ਝੋਨਾ/ ਚੌਲ ਲਿਆਉਣ ਦੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਬਿਲਕੁੱਲ ਨਹੀਂ ਬਖਸ਼ਿਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਫੌਜਦਾਰੀ ਮੁਕੱਦਮੇ ਦਾਇਰ ਕਰਵਾਂਉਦੇ ਹੋਏ ਉਨ੍ਹਾਂ ਦੀ ਗ੍ਰਿਫਤਾਰੀ ਯਕੀਨੀ ਬਨਾਉਣ ਦੇ ਨਾਲ ਉਨ੍ਹਾਂ ਪਾਸੋਂ ਬਰਾਮਦ ਚਾਵਲ/ ਝੋਨਾ ਜਬਤ ਕਰ ਲਿਆ ਜਾਵੇਗਾ।

ਖੁਰਾਕ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਆਰ ਐੱਨ ਢੋਕੇ, ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਦੀ ਇਸ ਮੁਹਿੰਮ ਦੀ ਅਗਵਾਈ ਕਰਣ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨਾਲ ਤਾਲ-ਮੇਲ ਕਰਣ ਲਈ ਡਿਊਟੀ ਲਗਾਈ ਗਈ ਹੈ।

ਉਨ੍ਹਾਂ ਵੱਲੋਂ ਇਹ ਵੀ ਦੱਸਿਆ ਕਿ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਅਚਨਚੇਤ ਛਾਪੇਮਾਰੀ ਦੌਰਾਨ ਹਾਲ ਵਿੱਚ ਸਾਹਮਣੇ ਆਏ ਅਜਿਹੇ ਮਾਮਲਿਆਂ ਵਿੱਚ ਸਰਕਾਰ ਵੱਲੋਂ ਕਪੁਰਥਲਾ ਦੇ ਦੇਵਕੀ ਅੱਗਰਵਾਲ, ਸਮੀਰ ਅੱਗਰਵਾਲ ਅਤੇ ਕ੍ਰਿਸ਼ਨ ਕੁਮਾਰ ਵਿਰੱਧ ਆਈ ਪੀ ਸੀ ਦੀ ਧਾਰਾ 420, 120 ਬੀ ਅਤੇ ਈ ਸੀ ਐਕਟ ਦੀ ਧਾਰਾ 7 ਅਧੀਨ ਥਾਣਾ ਸਿਟੀ ਕਪੁਰਥਲਾ ਵਿਖੇ ਐਫ ਆਈ ਆਰ ਨੰ. 303 ਮਿਤੀ 01.10.2021 ਦਰਜ ਕਰਵਾਈ ਗਈ। ਇਸ ਤੋਂ ਇਲਾਵਾ ਕੱਲ ਦੇਰ ਰਾਤ ਦੌਰਾਨ ਪ੍ਰਤਾਪ ਕਮਿਸ਼ਨ ਏਜੰਟ ਮੰਡੀ ਰੱਤਾ ਗੁੱਦਾ ਵਿਖੇ ਬਿਹਾਰ ਰਾਜ ਤੋਂ ਸਸਤੇ ਭਾਅ ਤੇ ਲਿਆਂਦੇ ਝੋਨਾ ਦੇ 8 ਤੋਂ 10 ਟਰੱਕ ਮੌਕੇ ਤੇ ਫੜਦਿਆ ਉਸ ਵਿਰੁੱਧ ਆਈ ਪੀ ਸੀ ਦੀ ਧਾਰਾ 420, 120 ਬੀ ਥਾਣਾ ਹਰੀਕੇ ਜਿਲ੍ਹਾ ਤਰਨ ਤਾਰਨ ਵਿਖੇ ਐਫ ਆਈ ਆਰ ਨੰ. 81 ਮਿਤੀ 02.10.2021 ਦਰਜ ਕਰਵਾਈ ਗਈ।

ਖੁਰਾਕ ਮੰਤਰੀ ਨੇ ਦੱਸਿਆ ਕਿ ਝੋਨਾ 1509/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਵੀ ਰਾਜ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਲਈ ਰਾਜ ਵਿੱਚ ਪੈਂਦੇ ਡਿਪਟੀ ਕਮਿਸ਼ਨਰਾਂ ਨੂੰ ਉਨ੍ਹਾਂ ਦੇ ਅਤੇ ਖੁਰਾਕ ਸਪਲਾਈ, ਮਾਰਕਿਟ ਕਮੇਟੀ, ਆਬਕਾਰੀ, ਪੁਲਿਸ ਵਿਭਾਗ ਦੇ ਨੁਮਾਂਇੰਦੇ ਨੂੰ ਸ਼ਾਮਲ ਕਰਦੇ ਹੋਏ ਜਿਲ੍ਹਾ ਪੱਧਰ ਤੇ ਉਡਣ ਦਸਤਿਆਂ ਦਾ ਗਠਨ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹ ਟੀਮਾਂ ਖਾਸ ਤੌਰ ਤੇ ਸ਼ਾਮ/ ਰਾਤ ਨੂੰ ਵੀ ਮੰਡੀਆਂ ਦਾ ਦੌਰਾ ਕਰਦੇ ਹੋਏ ਗੈਰ-ਕਾਨੂੰਨੀ ਝੋਨੇ/ ਚਾਵਲ ਦੇ ਪਾਏ ਜਾਣ ਵਾਲੇ ਟਰੱਕ/ ਗੁਦਾਮ ਜਬਤ ਕਰਦੇ ਹੋਏ ਰੋਜ਼ਾਨਾ ਮਾਮਲੇ ਦੀ ਰਿਪੋਰਟ ਰਾਜ ਸਰਕਾਰ ਨੂੰ ਭੇਜਣਗੇ।

ਉਨ੍ਹਾਂ ਇਹ ਵੀ ਦੱਸਿਆਂ ਕਿ ਖਰੀਫ਼ ਸੀਜ਼ਨ 2021-22 ਦੌਰਾਨ ਕੀਤੀ ਜਾਣ ਵਾਲੀ ਝੋਨੇ ਦੀ ਖਰੀਦ ਸਬੰਧੀ ਮੁਕੰਮਲ ਇੰਤਜ਼ਾਮ ਕਰ ਲਏ ਗਏ ਹਨ ਅਤੇ ਵਿਭਾਗ ਪੂਰੀ ਚੌਕਸੀ ਨਾਲ ਝੋਨੇ ਦੀ ਬੋਗਸ ਬਿਲਿੰਗ/ ਚੋਲਾਂ ਦੀ ਰੀ-ਸਾਇਕਲਿੰਗ ਵਰਗੇ ਗੈਰ-ਕਾਨੂੰਨੀ ਕੰਮਾਂ ਦੀ ਰੋਕ-ਥਾਮ ਲਈ ਡਟਿਆ ਹੋਇਆ ਹੈ। ਰਾਜ ਸਰਕਾਰ ਇਨ੍ਹਾਂ ਮਾਮਲਿਆਂ ਸਬੰਧੀ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਉਂਦਿਆ ਪਾਏ ਜਾਣ ਵਾਲੇ ਦੋਸ਼ੀਆਂ ਵਿਰੁਧ ਸਖਤੀ ਨਾਲ ਕਾਰਵਾਈ ਕਰੇਗੀ ਅਤੇ ਜੇਕਰ ਸਰਕਾਰ ਦੇ ਕਿਸੇ ਮੁਲਾਜ਼ਮ ਦੀ ਮਿਲੀ-ਭੁਗਤ ਅਜਿਹੇ ਮਾਮਲਿਆਂ ਵਿਚ ਪਾਈ ਗਈ ਤਾਂ ਉਸ ਵਿਰੁਧ ਵੀ ਪੂਰੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION