ਹੁਸ਼ਿਆਰਪੁਰ, 26 ਅਗਸਤ, 2019 –
ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ 10 ਦਿਨਾਂ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਨੂੰ ਪੋਲੀਥੀਨ ਕੈਰੀ ਬੈਗ ਤੋਂ ਮੁਕਤ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਊਟੀ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੋਲੀਥੀਨ ਕੈਰੀ ਬੈਗ ਦੀ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਕੇਵਲ ਵਾਤਾਵਰਣ ਅਨੁਕੂਲ ਥੈਲਿਆਂ ਦੀ ਹੀ ਵਰਤੋਂ ਕੀਤੀ ਜਾਵੇ ਅਤੇ 10 ਦਿਨਾਂ ਤੋਂ ਬਾਅਦ ਪੋਲੀਥੀਨ ਕੈਰੀ ਬੈਗ ਲਈ ਚੈਕਿੰਗ ਮੁਹਿੰਮ ਚਲਾਈ ਜਾਵੇਗੀ, ਉਪਰੰਤ ਸਬੰਧਿਤ ਅਧਿਕਾਰੀ/ਕਰਮਚਾਰੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ੍ਰੀਮਤੀ ਈਸ਼ਾ ਕਾਲੀਆ ਨੇ ਸਹਾਇਕ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੀਆਂ ਕੰਟੀਨਾਂ ਵਿਚ ਯਕੀਨੀ ਬਣਾਇਆ ਜਾਵੇ ਕਿ ਕੰਟੀਨਾਂ ਵਿਚ ਵੀ ਪੋਲੀਥੀਨ ਕੈਰੀ ਬੈਗ ਦੀ ਵਰਤੋਂ ਨਾ ਹੋਵੇ।
ਉਨ੍ਹਾਂ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿੱਥੇ ‘ਸੋਲਿਡ ਵੇਸਟ ਮੈਨੇਜਮੈਂਟ ਸਿਸਟਮ’ ਤਹਿਤ ਰੋਜ਼ਾਨਾ ਘਰਾਂ ਵਿਚੋਂ ਵੱਖਰਾ-ਵੱਖਰਾ ਗਿੱਲਾ ਅਤੇ ਸੁੱਕਾ ਕੂੜਾ ਚੁੱਕਣਾ ਯਕੀਨੀ ਬਣਾਇਆ ਜਾਵੇ, ਉਥੇ ਪੋਲੀਥੀਨ ਕੈਰੀ ਬੈਗ ਦੀ ਰੋਕਥਾਮ ਲਈ ਚੈਕਿੰਗ ਮੁਹਿੰਮ ਵੀ ਤੇਜ਼ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜਿੱਥੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਵਲੋਂ ਮਿਲਾਵਟਖੋਰੀ ’ਤੇ ਸ਼ਿਕੰਜ਼ਾ ਕੱਸਿਆ ਜਾ ਰਿਹਾ ਹੈ, ਉਥੇ ਸਿਹਤ ਜਾਗਰੂਕਤਾ ਵੀ ਪੈਦਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੋਲੀਥੀਨ ਕੈਰੀ ਬੈਗ ਨੂੰ ਜ਼ਬਤ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੂੰ ਪੋਲੀਥੀਨ ਕੈਰੀ ਬੈਗ ਤੋਂ ਮੁਕਤ ਕਰਵਾਉਣ ਦਾ ਇਹੀ ਉਦੇਸ਼ ਹੈ ਕਿ ਜ਼ਿਲ੍ਹਾ ਵਾਸੀ ਜਾਗਰੂਕ ਹੋ ਕੇ ਪੋਲੀਥੀਨ ਕੈਰੀ ਬੈਗ ਦੀ ਵਰਤੋਂ ਨਾ ਕਰਕੇ ਕੇਵਲ ਵਾਤਾਵਰਣ ਅਨੁਕੂਲ ਥੈਲਿਆਂ ਦੀ ਹੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਕੰਪਲੈਕਸ ਵਿਖੇ 100 ਫੀਸਦੀ ਸੈਗਰੀਗੇਸ਼ਨ ਵੀ ਯਕੀਨੀ ਬਣਾਈ ਜਾਵੇਗੀ।