37.1 C
Delhi
Monday, May 20, 2024
spot_img
spot_img

ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਦੀ ਮਨਾਉਣ ਲਈ ਢੁੱਡੀਕੇ ’ਚ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ 26 ਜੂਨ ਤੋਂ

ਯੈੱਸ ਪੰਜਾਬ
ਢੁੱਡੀਕੇ (ਮੋਗਾ), 25 ਜੂਨ, 2019:

ਪੰਜਾਬੀ ਸਾਹਿਤ ਦੇ ਨਾਮਵਰ ਹਸਤਾਖ਼ਰ ਉੱਘੇ ਨਾਵਲਕਾਰ ਅਤੇ ਸਾਹਿਤਕਾਰ ਜਸਵੰਤ ਸਿੰਘ ਕੰਵਲ 27 ਜੂਨ ਨੂੰ 100 ਵਰ੍ਹੇ ਪੂਰੇ ਕਰ ਰਹੇ ਹਨ। ਸਾਹਾਂ ਦੇ ਇਸ ਸਫ਼ਰ ਤੋਂ ਇਲਾਵਾ ਉਨ੍ਹਾਂ ਦੀ ਕਲਮ ਦਾ ਸਫ਼ਰ 80 ਤੋਂ ਵੀ ਵੱਧ ਵਰਿ੍ਹਆਂ ਦਾ ਹੋ ਗਿਆ ਹੈ।

ਇਹ ਗੱਲ ਆਪਣੇ ਆਪ ਵਿਚ ਇਤਿਹਾਸ ਦੇ ਪੰਨਿਆਂ ’ਤੇ ਇਕ ਨਵਾਂ ‘ਰਿਕਾਰਡ’ ਦਰਜ ਕਰ ਰਹੀ ਹੈ। ਪੰਜਾਬੀ ਜਾਂ ਹੋਰਨਾਂ ਭਾਸ਼ਾਵਾਂ ਦਾ ਸ਼ਾਇਦ ਹੀ ਕੋਈ ਹੋਰ ਲੇਖ਼ਕ ਹੋਵੇ ਜਿਸ ਨੇ ਉਮਰ ਅਤੇ ਕਲਮ ਦਾ ਇੰਨਾ ਲੰਮੇਰਾ ਪੈਂਡਾ ਤੈਅ ਹੀ ਨਾ ਕੀਤਾ ਹੋਵੇ, ਸਗੋਂ ਇਸ ਦੌਰਾਨ ਆਪਣੇ ਸਾਹਿਤ ਅਤੇ ਵਿਰਸੇ ਨੂੰ ਅਮੀਰ ਕਰਦਿਆਂ ਅਨੇਕਾਂ-ਅਨੇਕਾਂ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹੋਣ।

ਪੰਜਾਬੀ ਸਾਹਿਤ ਦੇ ਇਸ ਅਣਮੁੱਲੇ ਹਸਤਾਖ਼ਰ ਦੀ ਜਨਮ ਸ਼ਤਾਬਦੀ ਨੂੰ ਇਕ ਸਾਹਿਤਕ ਜੋੜ ਮੇਲਾ ਬਣਾ ਦੇਣ ਦਾ ਉੱਦਮ ਕੀਤਾ ਗਿਆ ਹੈ ਤਾਂ ਜੋ ਇਹ ਸਮਾਂ, ਇਹਨਾਂ ਪਲਾਂ ਨੂੰ ਸਾਂਭਿਆ ਜਾ ਸਕੇ ਅਤੇ ਅੱਜ ਹੀ ਨਹੀਂ ਭਵਿੱਖ ਵਿਚ ਵੀ ਇਸ ’ਤੇ ਮਾਣ ਕੀਤਾ ਜਾ ਸਕੇ, ਇਹ ਆਉਂਦੀਆਂ ਪੀੜ੍ਹੀਆਂ ਲਈ ਖ਼ਾਸਕਰ ਪੁੰਗਰਦੀਆਂ ਕਲਮਾਂ ਲਈ ਪ੍ਰੇਰਣਾ ਸਰੋਤ ਹੋ ਸਕੇ।

‘ਜਸਵੰਤ ਸਿੰਘ ਕੰਵਲ ਸ਼ਤਾਬਦੀ ਸੰਗ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ’ 26 ਜੂਨ ਤੋਂ ਸ਼ੁਰੂ ਹੋ ਕੇ 30 ਜੂਨ ਤਕ ਸਰਕਾਰੀ ਕਾਲਜ ਢੁੱਡੀਕੇ ਵਿਚ ਹੋਵੇਗਾ। (ਜਿਸਦਾ ਮੁਕੰਮਲ ਪ੍ਰੋਗਰਾਮ ਹੇਠਾਂ ਦਿੱਤਾ ਗਿਆ ਹੈ)

ਸਮਾਗਮ ਦੇ ਆਯੋਜਕ ਪੰਜਾਬ ਸਾਂਝੀਵਾਲ ਜੱਥਾ (ਪੰਜਾਬ ਸਾਲੀਡਾਰਿਟੀ ਗਰੁੱਪ) ਦੇ ਸ: ਸੁਮੇਲ ਸਿੰਘ ਸਿੱਧੂ ਅਨੁਸਾਰ ਸ: ਕੰਵਲ ਇਕੋ ਇਕ ਪੰਜਾਬੀ ਲੇਖ਼ਕ ਹਨ ਜਿਨ੍ਹਾਂ ਦੀ ਜਨਮ-ਸ਼ਤਾਬਦੀ ਉਨ੍ਹਾਂ ਦੀ ਹਾਜ਼ਰੀ ’ਚ ਮਨਾਈ ਜਾ ਰਹੀ ਹੈ। ਸ:ਸਿੱਧੂ ਅਨੁਸਾਰ ‘ਪੰਜਾਬੀ ਸ਼ਬਦ-ਸਿਰਜਣਾ’ ਤੋਂ ਤੁਰਦਿਆਂ ਕੰਵਲ ਜੀ ਪਿੰਡ ਦੇ ਵਿਕਾਸ, ਖੇਡਾਂ ਦੀ ਦੁਨੀਆਂ, ਸੱਭਿਆਚਾਰਕ ਸਰਗਰਮੀਆਂ, ਸਿਆਸਤ ਦੀ ਨਿਰਮਾਣਕਾਰੀ ਵਿਚ ਸੁਚੇਤ 80 ਸਾਲ ਸਰਗਰਮ ਰਹੇ ਹਨ।’ ਉਨ੍ਹਾਂ ਨੇ ਗ਼ਦਰੀ ਸ਼ਹੀਦਾਂ ਦੀ ਸਾਂਝੀਵਾਲਤਾ ਦੀ ਜ਼ਮੀਨ ’ਤੇ ਪੰਜਾਬ-ਸਰੋਕਾਰ ਲਈ ਸੰਵਾਦ ਜੋੜਨ ਹਿਤ ਢੁੱਡੀਕੇ ਪਹੁੰਚਣ ਦੀ ਅਪੀਲ ਕੀਤੀ ਹੈ।

” ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਪੁਸਤਕ ਦੇ ਰਚੇਤਾ ਪ੍ਰਿੰਸੀਪਲ ਸਰਵਣ ਸਿੰਘ ਨੇ ਸ: ਕੰਵਲ ਬਾਰੇ ਜਾਣਕਾਰੀ ਨੂੰ ਕੁਝ ਇੰਜ ਕੁੱਜੇ ਵਿਚ ਸਮੋਇਆ ਹੈ।”

‘ਜਸਵੰਤ ਸਿੰਘ ਕੰਵਲ 27 ਜੂਨ 2019 ਨੂੰ ਸੌ ਸਾਲਾਂ ਦਾ ਹੋ ਰਿਹੈ। ਹੋਰਨਾਂ ਭਾਸ਼ਾਵਾਂ ਦਾ ਸ਼ਾਇਦ ਹੀ ਕੋਈ ਲੇਖਕ ਹੋਵੇ ਜਿਸ ਨੇ ਅੱਸੀ ਵਰ੍ਹੇ ਲਗਾਤਾਰ ਲਿਖਿਆ ਹੋਵੇ ਤੇ ਸੌ ਸਾਲ ਦਾ ਜੀਵਨ ਜੀਵਿਆ ਹੋਵੇ। ਬਰਨਾਰਡ ਸ਼ਾਅ, ਬਰਟਰੰਡ ਰੱਸਲ ਤੇ ਖੁਸ਼ਵੰਤ ਸਿੰਘ ਜਿਹੇ ਨਾਮਵਰ ਲੇਖਕ ਸੈਂਚਰੀ ਮਾਰਦੇ ਮਾਰਦੇ ਰਹਿ ਗਏ ਸਨ। ਆਲੋਚਕ ਤੇ ਲੇਖਕ, ਸਭ ਮੰਨਦੇ ਹਨ ਕਿ ਕੰਵਲ ਨੇ ਪੰਜਾਬੀ ‘ਚ ਸਭ ਤੋਂ ਵੱਧ ਪਾਠਕ ਪੈਦਾ ਕੀਤੇ।

ਉਸ ਨੇ ਲੱਖਾਂ ਲਫ਼ਜ਼ ਲਿਖੇ ਤੇ ਹਜ਼ਾਰਾਂ ਸੰਵਾਦ ਰਚੇ ਜੋ ਨੌਜੁਆਨਾਂ ਦੀਆਂ ਨੋਟਬੁੱਕਾਂ ਉਤੇ ਚੜ੍ਹਦੇ ਰਹੇ। ਪੰਜਾਬੀ ਸਾਹਿਤ ਨੂੰ ਉਸ ਦੀ ਵੱਡਮੁੱਲੀ ਦੇਣ ਹੈ। ਚੰਗਾ ਹੋਵੇ ਜੇ ਜਨਮ ਸ਼ਤਾਬਦੀ ਮੌਕੇ ਕੰਵਲ ਦੇ ਜੀਵਨ ਤੇ ਰਚਨਾ ਬਾਰੇ ਸੈਮੀਨਾਰ ਹੋਣ ਅਤੇ ਅਖ਼ਬਾਰਾਂ ਵਿਚ ਵਿਸ਼ੇਸ਼ ਲੇਖ ਛਾਪੇ ਜਾਣ।

ਕੰਵਲ ਨੇ ਚੜ੍ਹਦੀ ਜੁਆਨੀ ‘ਚ ਮਲਾਇਆ ਦਾ ਚੌਕੀਦਾਰਾ ਕੀਤਾ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਲੱਰਕੀ ਕੀਤੀ।ਫਿਰ ਕਿਰਸਾਣੀ ਕਰਦਿਆਂ ਦੋ ਵਾਰ ਪਿੰਡ ਦਾ ਸਰਪੰਚ ਬਣਿਆ। ਢੁੱਡੀਕੇ ਵਿਚ ਉੱਚ ਸਿੱਖਿਆ ਤੇ ਸਿਹਤ ਦੇ ਅਦਾਰੇ ਬਣਵਾ ਕੇ ਪਿੰਡ ਦਾ ਮਿਸਾਲੀ ਵਿਕਾਸ ਕੀਤਾ। ਉਹ ਭਾਸ਼ਾ ਵਿਭਾਗ ਪੰਜਾਬ ਦਾ ਸਲਾਹਕਾਰ, ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਸਕੱਤਰ, ਪ੍ਰਧਾਨ ਤੇ ਸਰਪ੍ਰਸਤ ਰਿਹਾ।

ਉਹਦੇ ਸਾਹਿਤ ਟ੍ਰੱਸਟ ਢੁੱਡੀਕੇ ਨੇ ਸੌ ਕੁ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ ਸਾਹਨੀ ਤੇ ਡਾ. ਜਸਵੰਤ ਗਿੱਲ ਯਾਦਗਾਰੀ ਅਵਾਰਡ ਦਿੱਤੇ। ਕੰਵਲ ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਤੇ ਇੰਗਲੈਂਡ ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਮੋਹਰੀ ਰਿਹਾ। ਉਸ ਨੇ ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿਚ ਲਿਖਣ ਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ ‘ਚ ਖਚਤ ਹੋਣ ਤੋਂ ਬਚਾਉਣ ਵਿਚ ਅਹਿਮ ਰੋਲ ਨਿਭਾਇਆ।

ਉਸ ਨੂੰ ਲਿਖਣ ਦੀ ਪ੍ਰੇਰਨਾ ਲੋਕਬਾਣੀ, ਗੁਰਬਾਣੀ, ਸੂਫੀ ਬਾਣੀ ਤੇ ਵਾਰਸ ਦੀ ਹੀਰ ਤੋਂ ਮਿਲੀ। ਉਹ ਪ੍ਰੋ. ਪੂਰਨ ਸਿੰਘ, ਟੈਗੋਰ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜ਼ਾਕ ਤੇ ਟਾਲਸਟਾਏ ਵਰਗੇ ਲੇਖਕਾਂ ਤੋਂ ਪ੍ਰਭਾਵਿਤ ਹੋਇਆ। ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡੀ. ਲਿੱਟ. ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਪੰਜਾਬ ਸਰਕਾਰ ਨੇ ਸਾਹਿਤ ਰਤਨ ਦਾ ਖਿ਼ਤਾਬ ਦਿੱਤਾ। ਪੰਜਾਬੀ ਸਾਹਿਤ ਅਕਾਡਮੀ ਤੇ ਭਾਰਤੀ ਸਾਹਿਤ ਅਕਾਡਮੀ ਨੇ ਆਪਣੇ ਅਵਾਰਡ ਦਿੱਤੇ। ਉਸ ਨੂੰ ਸਰਵਸ੍ਰੇਸ਼ਟ ਪੁਰਸਕਾਰ ਨਾਲ ਵਡਿਆਇਆ ਗਿਆ। ਸੈਮਸੰਗ ਕੰਪਨੀ ਨੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਦਿੱਤਾ।

ਪੂਰਨਮਾਸ਼ੀ ਪੰਜਾਬੀ ਜੋੜ ਮੇਲੇ ਦੇ ਪ੍ਰੋਗਰਾਮ

26 ਜੂਨ, ਬੁੱਧਵਾਰ
ਸ਼ਾਮ 5.30 ਵਜੇ ਉਦਘਾਟਨੀ ਸਮਾਗਮ

ਢੁੱਡੀਕੇ ਦੇ ਗਦਰੀਆਂ ਦੇ ਲੋਅ ’ਤੇ ਉੱਘੇ ਨਾਵਲਕਾਰ ਤੇ ਸਾਹਿਤਕਾਰ ਜਸਵੰਤ ਸਿੰਘ ਕੰਵਲ, ਬਲਦੇਵ ਸਿੰਘ ਸੜਕਨਾਮਾ, ਗੁਰਭਜਨ ਗਿੱਲ ਅਤੇ ਡਾ: ਸੁਰਜੀਤ ਵਿਚਾਰਾਂ ਦੀ ਸਾਂਝ ਪਾਉਣਗੇ।

ਸ਼ਾਮ 7 ਵਜੇ: ‘ਬਲਰਾਜ ਸਾਹਨੀ ਦੀ ਖੰੁਢ ਕੌਂਸਲ’
ਬਲਰਾਜ ਫ਼ਿਲਮ ਸ਼ੋਅ ਕਾਬੁਲੀਵਾਲਾ

27 ਜੂਨ, ਵੀਰਵਾਰ
ਸਵੇਰੇ 10.15 ਵਜੇ ਪਹਿਲਾ ਜਸਵੰਤ ਸਿੰਘ ਕੰਵਲ ਲੈਕਚਰ ਕਰਵਾਇਆ ਜਾਵੇਗਾ ਜਿਸ ਵਿਚ ਹਿੰਦੀ ਦੇ ਕਵੀ ਅਤੇ ਆਲੋਚਕ ਪੰਕਜ ਚਤੁਰਵੇਦੀ ਮੁੱਖ ਬੁਲਾਰੇ ਹੋਣਗੇ। ਸਮਾਗਮ ਦੀ ਪ੍ਰਧਾਨਗੀ ਦਲੀਪ ਕੌਰ ਟਿਵਾਣਾ, ਪ੍ਰੋ: ਜੈ ਰੂਪ ਸਿੰਘ ਅਤੇ ਰੁਪਿੰਦਰ ਕੌਰ ਵੱਲੋਂ ਕੀਤੀ ਜਾਵੇਗੀ ਜਦਕਿ ਲੈਕਚਰ ਬਾਰੇ ਜਾਣਕਾਰੀ ਸੁਮੇਲ ਸਿੰਘ ਸਿੱਧੂ ਦੇਣਗੇ।

ਇਸੇ ਦਿਨ ਜਸਵੰਤ ਸਿੰਘ ਕੰਵਲ ਸ਼ਤਾਬਦੀ ਸਮਾਗਮ ਦੁਪਹਿਰ 12 ਵਜੇ ਤੋਂ 4 ਵਜੇ ਤਕ ਹੋਣਗੇ।

ਸ਼ਾਮ 6 ਵਜੇ ਸਵਰਾਜਬੀਰ ਦਾ ਲਿਖ਼ਿਆ ਨਾਟਕ ਪੁਲਸਰਾਤ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਖੇਡਿਆ ਜਾਵੇਗਾ।

28 ਜੂਨ, ਸ਼ੁੱਕਰਵਾਰ
10 ਤੋਂ 11.30 ਵਜੇ
‘ਪੂਰਨਮਾਸ਼ੀ’ ਵਾਰਤਾ – ਅਮਰਜੀਤ ਗੁਰਦਾਸਪੁਰੀ
ਸਦਾਰਤ- ਸਵਰਾਜਬੀਰ

11.30 ਤੋਂ 1 ਵਜੇ ਤਕ – ਪੂਰਨਮਾਸ਼ੀ ਨਾਵਲ ’ਤੇ ਅਵਤਾਰ ਸਿੰਘ, ਪਰਗਟ ਸਿੰਘ ਸਤੌਜ, ਗੁਰਦੇਵ ਸਿੰਘ ਰੁਪਾਣਾ ਤੇ ਮੋਨਿਕਾ ਕੁਮਾਰ ਵਿਚਾਰ ਪੇਸ਼ ਕਰਨਗੇ।

1.00 ਤੋਂ 2.20 ਵਜੇ ਤਕ
ਪੰਜਾਬੀ ਕਵਿਤਾ ਨਾਲ ਮੇਰੀ ਕਲਮ ਦਾ ਸੰਵਾਦ: ਸਵਰਾਜਬੀਰ

2.30 ਤੋਂ 4.00 ਵਜੇ ਤਕ – ਨਾਵਲ ‘ਰਾਤ ਬਾਕੀ ਹੈ’ ’ਤੇ ਵਰਿਆਮ ਸਿੰਘ ਸੰਧੂ, ਬਲਬੀਰ ਪਰਵਾਨਾ, ਜਸਪਾਲ ਮਾਨਖ਼ੇੜਾ ਤੇ ਨਛੱਤਰ ਚਰਚਾ ਕਰਨਗੇ।

4.00 ਤੋਂ 6.00 ਵਜੇ ਤਕ – ਨਾਵਲ ‘ਮਿੱਤਰ ਪਿਆਰੇ ਨੂੰ ’ਤੇ ਸੁਖ਼ਜੀਤ, ਬਲਵਿੰਦਰ ਗਰੇਵਾਲ ਅਤੇ ਖੁਸ਼ਬੀਰ ਸਿੰਘ ਢਿੱਲੋਂ ਵਿਚਾਰ ਪੇਸ਼ ਕਰਨਗੇ।

ਸ਼ਾਮ 6 ਵਜੇ – ‘ਚੰਨ ਪਰਦੇਸੀ’ ਫ਼ਿਲਮ ਦੀ ਵਾਰਤਾ ਅਤੇ ਫ਼ਿਲਮਸਾਜ਼ ਮਨਮੋਹਨ ਸਿੰਘ ਦਾ ਸ਼ੋਅ ਪੇਸ਼ ਕੀਤਾ ਜਾਵੇਗਾ।

29 ਜੂਨ, ਸਨਿਚਰਵਾਰ
10 ਤੋਂ 12.30 ਵਜੇ –
ਪੰਜਾਬੀ ਬੁੱਧੀਜੀਵੀਆਂ ਬਾਰੇ: ਵਾਇਆ ਕੰਵਲ
ਸੁਖ਼ਦੇਵ ਸਿੰਘ ਸੋਹਲ – ਹਾਣੀ
ਹਰਮੀਤ ਵਿਦਿਆਰਥੀ – ਸਿਵਲ ਲਾਈਨਜ਼
ਜਗਵਿੰਦਰ ਜੋਧਾ – ਭਵਾਨੀ
ਬਲਜਿੰਦਰ ਨਸਰਾਲੀ – ਐਨਿਆਂ ’ਚੋਂ ਉੱਠੇ ਸੂਰਮਾ
ਸੁਖ਼ਦਰਸ਼ਣ ਨੱਤ – ਗੋਰਾ ਮੁੱਖ ਸੱਜਣਾਂ ਦਾ

12.30 ਤੋਂ 2 ਵਜੇ ਤਕ ‘ਲਹੂ ਦੀ ਲੋਅ’ ਨਾਵਲ ’ਤੇ ਜਤਿੰਦਰ ਪੰਨੂੰ, ਅਜਮੇਰ ਸਿੱਧੂ ਤੇ ਮਕਸੂਦ ਸਾਕਿਬ ਵਿਚਾਰ ਪੇਸ਼ ਕਰਨਗੇ।

2 ਤੋਂ 3.30 ਵਜੇ ਤਕ ‘80ਵਿਆਂ ਦਾ ਪੰਜਾਬ’ ਬਾਰੇ ਪ੍ਰੋ: ਐਚ.ਐਸ. ਡਿੰਪਲ ਅਤੇ ਜਸਵਿੰਦਰ ਸ਼ਰਮਾ ਗੱਲ ਕਰਨਗੇ ਸੂਤਰਧਾਰ ਐਸ.ਪੀ.ਸਿੰਘ ਹੋਣਗੇ।

3.30 ਵਜੇ ਤੋਂ 5 ਵਜੇ ਤਕ ਗੁਰਮੀਤ ਸਾਂਘਾ ਰਾਏ ‘ਪੰਜਾਬ ਦੀ ਇਮਾਰਤੀ ਵਿਰਾਸਤ’ ਬਾਰੇ ਸਲਾਈਡ ਸ਼ੋਅ ਪੇਸ਼ ਕਰਨਗੇ।

5 ਵਜੇ ਤੋਂ 6.30 ਵਜੇ ਤਕ – ‘ਪੰਜਾਬ ਦੀ ਪੇਂਡੂ ਜਵਾਨੀ ਦਾ ਸਮਕਾਲ’ ਵਿਸ਼ੇ ’ਤੇ ਚਰਚਾ ਕਰਨਗੇ ਚਰਨਜੀਤ ਭੁੱਲਰ, ਜਸਵਿੰਦਰ ਸ਼ਰਮਾ ਅਤੇ ਖੁਸ਼ਵੀਰ ਕੌਰ ਢਿੱਲੋਂ।

6.30 ਤੋਂ 7.00 ਵਜੇ ਤਕ – ਕਵਿਸ਼ਰੀ

7.00 ਵਜੇ ‘ਚੌਥੀ ਕੂੰਟ’ – ਫ਼ਿਲਮ ਸ਼ੋਅ

ਵਰਿਆਮ ਸੰਧੂ, ਜਸਦੀਪ ਸਿੰਘ

30 ਜੂਨ, ਐਤਵਾਰ
10.30 ਤੋਂ 12.30 – ਔਰਤ ਪਾਠਕਾਂ ਦਾ ਕੰਵਲ
ਚਰਚਾ ਕਰਨਗੇ ਜਸ਼ਨਪੀ੍ਰਤ ਕੌਰ, ਰਮਨਪ੍ਰੀਤ ਕੌਰ, ਅਮਨਦੀਪ ਕੌਰ ਖ਼ੀਡਾ ਅਤੇ ਜੱਸੀ ਸਾਂਘਾ

12.30 ਵਜੇ ਤੋਂ 2 ਵਜੇ ਤਕ
ਕੰਵਲ ਦੇ ਕਿੱਸਾ-ਗੋ ਬਾਰੇ ਚਰਚਾ ਵਿਚ ਸ਼ਾਮਿਲ ਹੋਣਗੇ ਗੁਰਭਜਨ ਗਿੱਲ ਅਤੇ ਸ਼ਮਸ਼ੇਰ ਸੰਧੂ। ਸੂਤਰਧਾਰ ਹੋਣਗੇ ਸੁਖ਼ਜੀਤ।

2 ਵਜੇ ਤੋਂ 4 ਵਜੇ ਤਕ
ਪੂਰਨਮਾਸ਼ੀ ਸਨਮਾਨ

ਜਸਵੰਤ ਸਿੰਘ ਰਾਜਾ ਬਰਾੜ, ਮਾਸਟਰ ਹਰੀਸ਼ ਪੱਖੋਵਾਲ, ਅਦਾਰਾ ਸਚਲ ਪ੍ਰਕਾਸ਼ਨ, ਪੰਜਾਬ ਯੂਥ ਲੀਡਰਸ਼ਿਪ ਪ੍ਰੋਗਰਾਮ, ਗੁਰਮੀਤ ਸਾਂਘਾ ਰਾਇ, ਗ਼ਦਰੀ ਬਾਬਾ ਦੁਲ੍ਹਾ ਸਿੰਘ ਜਲਾਲਦੀਵਾਲ ਫ਼ਾਊਂਡੇਸ਼ਨ।

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION