ਯੈੱਸ ਪੰਜਾਬ
ਜਲੰਧਰ, 6 ਮਾਰਚ, 2022 (ਰਾਜਕੁਮਾਰ ਸ਼ਰਮਾ)
ਜਲੰਧਰ ਵਿਖੇ ਕਪੂਰਥਲਾ ਚੌਕ ‘ਚ ਸਥਿਤ ਪ੍ਰਾਈਵੇਟ ਹਸਪਤਾਲ ਦੀ ਨਰਸ ਨੇ ਝਗੜੇ ਤੋਂ ਬਾਅਦ ਆਪਣੇ ਕੁਆਰਟਰ ‘ਚ ਜਾਕੇ ਫਾਹਾ ਲਾ ਲਿਆ। ਸਟਾਫ ਨਾਲ ਹੋਏ ਵਿਵਾਦ ਤੋਂ ਬਾਅਦ ਜਦ ਡਾਕਟਰ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਲਟਾ ਉਸੇ ਨੂੰ ਝਿੜਕਾਂ ਪੈ ਗਈਆਂ ਜਿਸ ਤੋਂ ਦੁਖੀ ਹੋ ਕੇ ਨਰਸ ਨੇ ਫਾਹਾ ਲਾ ਲਿਆ।
ਜਾਣਕਾਰੀ ਮੁਤਾਬਿਕ ਸਿਗਮਾ ਹਸਪਤਾਲ ‘ਚ ਨਰਸ ਦਾ ਕੰਮ ਕਰਨ ਵਾਲੀ ਪ੍ਰਿਆ ਵਾਸੀ ਕਰਤਾਰਪੁਰ ਦੀ ਐਤਵਾਰ ਨੂੰ ਹਸਪਤਾਲ ਦੇ ਸਟਾਫ ਨਾਲ ਕਿਸੇ ਗੱਲ ਤੋਂ ਬਹਿਸ ਹੋ ਗਈ ਸੀ। ਇਸ ਬਾਰੇ ਜਦੋਂ ਡਾਕਟਰ ਨੂੰ ਦੱਸਿਆ ਗਿਆ ਤਾਂ ਉਲਟਾ ਪ੍ਰਿਆ ਨੂੰ ਹੀ ਝਿੜਕਾਂ ਮਾਰ ਦਿੱਤੀਆਂ।
ਉਹ ਆਪਣੇ ਕੁਆਰਟਰ ਚਲੀ ਗਈ ਤੇ ਉੱਥੇ ਜਾਕੇ ਉਸ ਨੇ ਫਾਹਾ ਲਾ ਲਿਆ। ਘਟਨਾ ਦਾ ਪਤਾ ਉਸ ਵੇਲੇ ਚੱਲਿਆ ਜਦ ਪ੍ਰਿਆ ਕੁਆਰਟਰ ਚੋਂ ਬਾਹਰ ਨਹੀਂ ਆਈ ਤਾਂ ਕਿਸੇ ਨੇ ਜਾ ਕੇ ਕੁਆਰਟਰ ‘ਚ ਦੇਖਿਆ ਤਾਂ ਉਸ ਦੀ ਲਾਸ਼ ਫਾਹੇ ‘ਤੇ ਝੂਲ ਰਹੀ ਸੀ।
ਘਟਨਾ ਦੀ ਸੂਚਨਾ ਤੁਰੰਤ ਹਸਪਤਾਲ ਦੇ ਡਾ. ਅਸ਼ਵਨੀ ਮਲਹੋਤਰਾ ਤੇ ਥਾਣਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹਸਪਤਾਲ ਦੇ ਡਾਕਟਰਾਂ ਦਾ ਕੋਈ ਬਿਆਨ ਹਾਲੇ ਸਾਹਮਣੇ ਨਹੀਂ ਆਇਆ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ