33.1 C
Delhi
Saturday, May 18, 2024
spot_img
spot_img

ਜਲ੍ਹਿਆਂਵਾਲਾ ਬਾਗ਼ ਦਾ ਮੂਲ ਸਰੂਪ ਬਹਾਲ ਨਾ ਕੀਤਾ ਤਾਂ ਲੋਕ-ਆਵਾਜ਼ ਉਠਾਵਾਗੇ: ਦੇਸ਼ ਭਗਤ ਯਾਦਗਾਰ ਕਮੇਟੀ

ਯੈੱਸ ਪੰਜਾਬ
ਜਲੰਧਰ, 8 ਸਤੰਬਰ, 2021 –
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਅੱਜ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ ਜਲ੍ਹਿਆਂਵਾਲਾ ਬਾਗ਼ ਦਾ ਨਿਰੀਖਣ ਕਰਕੇ ਆਏ ਕਮੇਟੀ ਦੇ ਵਿਸ਼ੇਸ਼ ਵਫ਼ਦ ਦੀ ਜਾਂਚ-ਪੜਤਾਲ ਮੁਤਾਬਕ ਅੱਜ ਕਮੇਟੀ ਨੇ ਪ੍ਰਧਾਨ ਮੰਤਰੀ (ਜੋ ਕਿ ਜਲ੍ਹਿਆਂਵਾਲਾ ਬਾਗ਼ ਟਰੱਸਟ ਦੇ ਚੇਅਰਮੈਨ ਵੀ ਹਨ), ਜਲ੍ਹਿਆਂਵਾਲਾ ਬਾਗ਼ ਕੌਮੀ ਟ੍ਰਸੱਟ ਦੇ ਸਕੱਤਰ, ਸਭਿਆਚਾਰਕ ਮਾਮਲੇ ਮੰਤਰਾਲਾ ਨੂੰ ਮੰਗ ਪੱਤਰ ਰਾਹੀਂ ਤਿੱਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਹੈ ਕਿ ਮੁਲਕ ਦੀ ਕੌਮੀ ਆਜ਼ਾਦੀ ਵਿੱਚ ਸਿਰਮੌਰ ਸਥਾਨ ਰੱਖਦੇ ਜਲ੍ਹਿਆਂਵਾਲਾ ਬਾਗ਼ ਦੀ ਇਤਿਹਾਸਕ ਧਰੋਹਰ ਨਾਲ ਛੇੜ-ਛਾੜ ਕਰਨ ਤੇ ਖ਼ੇਦ ਪ੍ਰਗਟ ਕਰਦਿਆਂ ਤੁਰੰਤ ਬਾਗ਼ ਦਾ ਮੂਲ ਸਰੂਪ ਬਹਾਲ ਕੀਤਾ ਜਾਏ।

ਕਮੇਟੀ ਨੇ ਦੋਸ਼ ਲਾਇਆ ਹੈ ਕਿ ਸੁੰਦਰੀਕਰਣ ਅਤੇ ਨਵੀਨੀਕਰਣ ਦੇ ਨਾਂਅ ਹੇਠ ਇਤਿਹਾਸਕ ਵਿਰਾਸਤ ਨਾਲ ਸੌੜੇ ਰਾਜਨੀਤਕ ਮੰਤਵ ਦੀ ਪੂਰਤੀ ਲਈ ਰੱਦੋ ਬਦਲ ਕਰਨ ਅਤੇ ਆਪਣਾ ਮਨਪਸੰਦ ਮੁਹਾਂਦਰਾ ਬਣਾ ਧਰਨ ਦੀ ਮੁਲਕ ਦੀਆਂ ਦੇਸ਼ ਭਗਤ ਜਮਹੂਰੀ ਸ਼ਕਤੀਆਂ ਕਦਾਚਿਤ ਇਜਾਜ਼ਤ ਨਹੀਂ ਦੇਣਗੀਆਂ।

ਕਮੇਟੀ ਨੇ ਮੰਗ ਪੱਤਰ ’ਚ ਲਿਖਿਆ ਹੈ ਕਿ ਖੁੱਲ੍ਹੇ ਲਾਅਨ ਅਤੇ ਘਾਹ ਪਾਰਕਾਂ ਨੂੰ ਅਜੇਹੀ ਦਿੱਖ ਦੇ ਦਿੱਤੀ ਹੈ ਕਿ ਜਿੱਥੋਂ ਹੁਣ ਸ਼ਹੀਦਾਂ ਅਤੇ ਜ਼ਖ਼ਮੀਆਂ ਨਾਲ ਭਰੀ ਗਰਾਊਂਡ ਦਾ ਕਰੁਣਾਮਈ ਅਤੇ ਰੋਹਲਾ ਪ੍ਰਭਾਵ ਨਹੀਂ ਸਗੋਂ ਮਨੋਰੰਜਨ ਅਤੇ ਸੈਰਗਾਹ ਦਾ ਪ੍ਰਭਾਵ ਪੈਂਦਾ ਹੈ।

ਮੰਗ ਪੱਤਰ ’ਚ ਮੰਗ ਕੀਤੀ ਹੈ ਕਿ ਤੰਗ ਗਲੀ ਵਿੱਚ ਰੋਲਟ ਐਕਟ ਅਤੇ ਕਾਲ਼ੇ ਕਾਨੂੰਨਾਂ ਖਿਲਾਫ਼ ਨਾਅਰੇ ਲਾਉਂਦੇ ਜਾਂਦੇ ਲੋਕਾਂ ਦੇ ਠਾਠਾਂ ਮਾਰਦੇ ਰੋਹ ਨੂੰ ਵਿਸਾਖੀ ਦੇ ਮੇਲੇ  ਦੀ ਮੌਜ ਮਸਤੀ ਦਾ ਪ੍ਰਭਾਵ ਦਿੰਦੀਆਂ ਲਗਾਈਆਂ ਮੂਰਤੀਆਂ ਤੁਰੰਤ ਹਟਾਈਆਂ ਜਾਣ।

ਮੰਗ ਪੱਤਰ ’ਚ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਨਾਮਵਰ ਇਤਿਹਾਸਕਾਰਾਂ ਦੀ ਨਿਰੀਖਣ ਕਮੇਟੀ ਬਣਾਕੇ ਉਹਨਾਂ ਦੀ ਦੇਖ-ਰੇਖ ਹੇਠ ਸਭ ਕੁੱਝ ਇਤਿਹਾਸ ਅਨੁਸਾਰ ਬਹਾਲ ਕੀਤਾ ਜਾਏ। ਦੇਸ਼ ਭਗਤ ਯਾਦਗਾਰ ਕਮੇਟੀ ਸਮੇਤ ਪ੍ਰਮਾਣਿਕ ਇਤਿਹਾਸਕ ਸੰਸਥਾਵਾਂ ਅਤੇ ਪ੍ਰਤੀਨਿੱਧ ਵਿਚਾਰ-ਵਟਾਂਦਰੇ ਅਤੇ ਇਤਿਹਾਸ ਨਾਲ ਇਨਸਾਫ਼ ਕਰਨ ਲਈ ਕਮੇਟੀ ’ਚ ਸ਼ਾਮਲ ਕੀਤੇ ਜਾਣ।

ਕਮੇਟੀ ਨੇ ਮੰਗ ਪੱਤਰ ’ਚ ਤਿੱਖੀ ਪ੍ਰਤੀਕਿਰਿਆ ਕਰਦਿਆਂ ਕਿਹਾ ਹੈ ਕਿ ਜਲ੍ਹਿਆਂਵਾਲਾ ਬਾਗ਼ ’ਚ ਦਾਖਲਾ ਫੀਸ ਲੈਣ ਲਈ ਫਿੱਟ ਕੀਤੀਆਂ ਮਸ਼ੀਨਾਂ ਤੁਰੰਤ ਹਟਾਈਆਂ ਜਾਣ ਅਤੇ ਜਨਤਕ ਬਿਆਨ ਦੇ ਕੇ ਇਹ ਯਕੀਨ ਦੁਆਇਆ ਜਾਏ ਕਿ ਕੋਈ ਦਾਖਲਾ ਫੀਸ ਨਹੀਂ ਲਗੇਗੀ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਮੰਗ ਪੱਤਰ ’ਚ ਸਪੱਸ਼ਟ ਕਿਹਾ ਹੈ ਕਿ ਜੇਕਰ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਦੇਸ਼ ਭਗਤ ਯਾਦਗਾਰ ਕਮੇਟੀ, ਲੋਕ ਰਾਏ ਮੁਤਾਬਕ ਆਵਾਜ਼ ਬੁਲੰਦ ਕਰਨ ਲਈ ਮਜ਼ਬੂਰ ਹੋਏਗੀ। ਇਸ ਮੰਗ ਪੱਤਰ ਦੀਆਂ ਕਾਪੀਆਂ ਰਾਸ਼ਟਰਪਤੀ, ਰਾਜਪਾਲ ਪੰਜਾਬ, ਮੁੱਖ ਮੰਤਰੀ ਪੰਜਾਬ ਨੂੰ ਵੀ ਭੇਜੀਆਂ ਗਈਆਂ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION