ਅੱਜ-ਨਾਮਾ
ਚੱਲਣ ਲੱਗੀਆਂ ਰੇਲਾਂ ਫਿਰ ਰੁਕ ਗਈਆਂ,
ਬਿੱਲੀ ਰਾਹ ਫਿਰ ਗਈ ਕੋਈ ਕੱਟ ਬੇਲੀ।
ਸੁਣਦੀ ਨਹੀਂ ਸਰਕਾਰ ਕੋਈ ਚੀਕ ਬੇਲੀ,
ਰੁਲ ਗਏ ਧਰਨਿਆਂ ਵਿੱਚ ਨੇ ਜੱਟ ਬੇਲੀ।
ਕਣਕਾਂ ਬੀਜਣ ਨੂੰ ਵੱਤਰ ਜ਼ਮੀਨ ਓਧਰ,
ਪਾਸਾ ਘੋਲਾਂ ਤੋਂ ਸਕਣ ਨਹੀਂ ਵੱਟ ਬੇਲੀ।
ਹੋਈ ਡਾਢੀ ਬੇਰਹਿਮ ਸਰਕਾਰ ਦਿੱਸਦੀ,
ਮਾਰਦੀ ਪਈ ਉਹ ਸੱਟ `ਤੇ ਸੱਟ ਬੇਲੀ।
ਉਂਜ ਤੇ ਆਖਣ ਕਿਸਾਨਾਂ ਨੂੰ ਅੰਨ-ਦਾਤੇ,
ਬੁਰਾ ਨੰਗਾਂ ਤੋਂ ਕੀਤਾ ਪਿਆ ਹਾਲ ਬੇਲੀ।
ਮਿਹਣੇ-ਚੋਭਾਂ ਵੀ ਲਾਏ ਨੇ ਬਹੁਤ ਜਾਂਦੇ,
ਦਿੱਤਾ ਕਿਰਸਾਨ ਨੂੰ ਆਖ ਦਲਾਲ ਬੇਲੀ।
-ਤੀਸ ਮਾਰ ਖਾਂ
ਨਵੰਬਰ 07, 2020