ਯੈੱਸ ਪੰਜਾਬ
ਨਵੀਂ ਦਿੱਲੀ, 28 ਮਈ, 2022 –
ਦਿੱਲੀ ਦੇ ਰਾਜੌਰੀ ਗਾਰਡਨ ਵਿਖੇ ਬਣੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਮੁੱਖ ਗੇਟ ਦੇ ਸੁੰਦਰੀਕਰਨ ਦਾ ਕੰਮ ਅੱਜ ਪ੍ਰਧਾਨ ਹਰਮਨਜੀਤ ਸਿੰਘ, ਜਨਰਲ ਸਕੱਤਰ ਹਰਿੰਦਰ ਸਿੰਘ ਅਤੇ ਹੋਰ ਕਮੇਟੀ ਮੈਂਬਰਾਂ ਵੱਲੋਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਕੇ ਅਰੰਭ ਕੀਤਾ ਗਿਆ ।
ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਫਰੰਟੀਅਰ ਸੁਸਾਇਟੀ ਵੱਲੋਂ ਇਹ ਕਾਰਜ ਕਰਵਾਇਆ ਜਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਕੋਲ ਹੱਥ ਧੋਣ ਲਈ 4 ਵਾਸ਼ਵਾਸ਼ਨ, ਪੀਣ ਵਾਲੇ ਪਾਣੀ ਦੀ ਮਸ਼ੀਨ ਆਦਿ ਸਮੇਤ ਹੋਰ ਸੁੰਦਰੀਕਰਨ ਦੇ ਕੰਮ ਕੀਤੇ ਜਾਣਗੇ , ਜਿਸ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ 15 ਦਿਨਾਂ ਅੰਦਰ ਇਹ ਤਿਆਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗੇਟ ਦਾ ਕੰਮ ਵੀ ਇਸ ਸੰਸਥਾ ਵੱਲੋਂ ਕੀਤਾ ਗਿਆ ਸੀ।
ਸ: ਹਰਿੰਦਰ ਸਿੰਘ ਨੇ ਦੱਸਿਆ ਕਿ ਸ: ਹਰਮਨਜੀਤ ਸਿੰਘ ਸਮੇਤ ਸਮੁੱਚੀ ਟੀਮ ਦੀ ਕੋਸ਼ਿਸ਼ ਰਹਿੰਦੀ ਹੈ ਕਿ ਗੁਰਦੁਆਰਾ ਸਾਹਿਬ ਨੂੰ ਅਤਿ ਸੁੰਦਰ ਬਣਾਇਆ ਜਾਵੇ, ਜਿਸ ਦੇ ਚਲਦੇ ਸਮੇਂ-ਸਮੇਂ ‘ਤੇ ਸੁੰਦਰੀਕਰਨ ਦੇ ਕੰਮ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਕੀਮੋਥੈਰੇਪੀ, ਡਾਇਲਸਿਸ ਸੈਂਟਰ, ਡਿਸਪੈਂਸਰੀ ਹੋਣ ਕਾਰਨ ਦਿੱਲੀ ਦੇ ਦੂਰ-ਦੁਰਾਡੇ ਤੋਂ ਸੰਗਤਾਂ ਇਥੇ ਆਉਂਦੀਆਂ ਹਨ ਅਤੇ ਕਈ ਹੋਰ ਸੂਬਿਆਂ ਤੋਂ ਵੀ ਲੋਕ ਇੱਥੇ ਇਲਾਜ ਲਈ ਪਹੁੰਚਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇ ਇਸ ਲਈ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਸ. ਸੁੰਦਰ ਸਿੰਘ ਨਾਰੰਗ, ਹਰਬੰਸ ਸਿੰਘ ਭਾਟੀਆ, ਪ੍ਰੀਤ ਪ੍ਰਤਾਪ ਸਿੰਘ, ਰਾਜਾ ਬਖਸ਼ੀ, ਹਰਜੀਤ ਸਿੰਘ, ਤੇਜਿੰਦਰ ਸਿੰਘ ਗੋਆ, ਦਲੀਪ ਸਿੰਘ ਸੇਠੀ ਅਤੇ ਹੋਰ ਮੈਂਬਰ ਹਾਜ਼ਰ ਸਨ |
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ