34 C
Delhi
Sunday, April 28, 2024
spot_img
spot_img

ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਅਜੋਕੀਆਂ ਚੁਣੌਤੀਆਂ ਨੂੰ ਸਮਰਪਤ ਹੋਏਗਾ 32ਵਾਂ ਮੇਲਾ ਗ਼ਦਰੀ ਬਾਬਿਆਂ ਦਾ

ਯੈੱਸ ਪੰਜਾਬ
ਜਲੰਧਰ, 26 ਅਗਸਤ, 2023:
ਦੇਸ਼ ਭਗਤ ਯਾਦਗਾਰ ਕਮੇਟੀ ਦੇ ਬੋਰਡ ਆਫ਼ ਟਰੱਸਟ ਅਤੇ ਉਸ ਉਪਰੰਤ ਜਨਰਲ ਬਾਡੀ ਦੀਆਂ ਹੋਈਆਂ ਮੀਟਿੰਗਾਂ ’ਚ ਗੰਭੀਰ ਵਿਚਾਰ-ਚਰਚਾ ਉਪਰੰਤ ਫੈਸਲਾ ਕੀਤਾ ਗਿਆ ਕਿ, ‘ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਅਜੋਕੀਆਂ ਚੁਣੌਤੀਆਂ ਨੂੰ ਸਮਰਪਤ ਕੀਤਾ ਜਾਏਗਾ 32ਵਾਂ ਮੇਲਾ ਗ਼ਦਰੀ ਬਾਬਿਆਂ ਦਾ।’

ਦੋਵੇਂ ਮੀਟਿੰਗਾਂ ’ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਸਿਖਰਾਂ ਛੋਹਣ ਵਾਲੇ ਮੇਲੇ ’ਚ ਸਵੇਰੇ 10 ਵਜੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਦਾ ਕਰਨਗੇ ਅਤੇ ਮੇਲੇ ਨੂੰ ਸੰਬੋਧਨ ਕਰਨਗੇ।

ਜਨਰਲ ਸਕੱਤਰ, ਪ੍ਰਧਾਨ ਦੇ ਸੰਬੋਧਨ ਉਪਰੰਤ ਝੰਡੇ ਦਾ ਗੀਤ, ਗੀਤ-ਸੰਗੀਤ, ਵੱਖ-ਵੱਖ ਕਲਾ-ਵੰਨਗੀਆਂ, ਭਾਸ਼ਣ, ਵਿਚਾਰ-ਚਰਚਾ ਅਤੇ ਪਹਿਲੀ ਨਵੰਬਰ ਦੀ ਸਾਰੀ ਰਾਤ ਨਾਟਕਾਂ ਅਤੇ ਗੀਤਾਂ ਭਰੀ ਰਾਤ ਹੋਏਗੀ। ਇਹ ਮੇਲਾ ਨਿਰੰਤਰ 2 ਨਵੰਬਰ ਸਰਘੀ ਵੇਲੇ ਤੱਕ ਜਾਰੀ ਰਹੇਗਾ।

30 ਅਕਤੂਬਰ ਪੁਸਤਕ ਮੇਲਾ ਸਵੇਰੇ ਹੀ ਆਉਣ ਵਾਲੇ ਸਾਹਿਤ ਪ੍ਰੇਮੀਆਂ ਨੂੰ ਬਾਹਵਾਂ ਫੈਲਾ ਕੇ ਜੀ ਆਇਆਂ ਕਹੇਗਾ। ਪੁਸਤਕ ਮੇਲੇ ਦੇ ਪੰਡਾਲ ’ਚ ਹੀ 30 ਅਕਤੂਬਰ ਦੀ ਸ਼ਾਮ: ਪੁਸਤਕ ਸਭਿਆਚਾਰ ਦੇ ਨਾਮ ਹੋਏਗੀ।

ਮੇਲੇ ਦਾ ਵਿਸ਼ੇਸ਼ ਆਕਰਸ਼ਣ ਹੋਏਗੀ ਚਿੱਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ, ਜੋ 30 ਅਕਤੂਬਰ ਤੋਂ 2 ਨਵੰਬਰ ਸਵੇਰ ਤੱਕ ਭਾਈ ਸੰਤੋਖ ਸਿੰਘ ਕਿਰਤੀ ਲਾਇਬੇ੍ਰਰੀ ਹਾਲ ਵਿੱਚ ਲੱਗੀ ਰਹੇਗੀ।

31 ਅਕਤੂਬਰ ਕੁਇਜ਼, ਪੇਟਿੰਗ ਮੁਕਾਬਲਾ ਅਤੇ ਠੀਕ 2 ਵਜੇ ਤੋਂ ਸ਼ਾਮ 4 ਵਜੇ ਤੱਕ ਗ਼ਦਰੀ ਬਾਬਿਆਂ ਦੇ ਮੇਲੇ ਦਾ ਸੁਨੇਹਾ ਕੌਮੀ ਸਾਹਿਤਕੀ/ਸਭਿਆਚਾਰਕ ਮੰਚ ’ਤੇ ਲਿਜਾਣ ਲਈ ਦੇਸ਼ ਦੇ ਪ੍ਰਮੁੱਖ ਬੁੱਧੀਜੀਵੀ ਗ਼ਦਰੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਭਾਰਤ ਅਤੇ ਇਸ ਮੁਲਕ ਉਪਰ ਫ਼ਿਰਕੂ ਫਾਸ਼ੀਵਾਦ, ਸਾਮਰਾਜੀਆਂ ਅਤੇ ਉਹਨਾਂ ਦੇ ਹਿੱਤ-ਪਾਲਕਾਂ ਦੇ ਮਾਰੂ ਚੌਤਰਫ਼ੇ ਹੱਲੇ ਬਾਰੇ ਵਿਚਾਰਾਂ ਕਰਨਗੇ ਅਤੇ ਮੁਲਕ ਦੇ ਅੰਬਰ ’ਤੇ ਛਾਈਆਂ ਕਾਲੀਆਂ ਘਟਾਵਾਂ ਖ਼ਿਲਾਫ਼ ਆਵਾਮ ਨੂੰ ਚੇਤਨ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਵਾਸਤੇ ਪ੍ਰੇਰਿਤ ਕਰਨਗੇ। ਸ਼ਾਮ 4 ਤੋਂ 6 ਵਜੇ ਤੱਕ ਕਵੀ ਦਰਬਾਰ ਉਪਰੰਤ ਫ਼ਿਲਮ ਸ਼ੋਅ ਹੋਏਗਾ।

ਮੀਟਿੰਗ ’ਚ ਲਏ ਫੈਸਲੇ ਮੁਤਾਬਕ ਪੰਜਾਬ ਦੀਆਂ ਸਮੂਹ ਸਰਕਾਰੀ, ਨਿੱਜੀ ਯੂਨੀਵਰਸਿਟੀਆਂ ਨੂੰ ਅਪੀਲ-ਪੱਤਰ ਭੇਜਿਆ ਜਾਏਗਾ ਕਿ ਉਹ ਮਹਾਨ ਆਜ਼ਾਦੀ ਸੰਗਰਾਮੀਆਂ ਦੀ ਯਾਦ ’ਚ ਹੋਣ ਵਾਲੇ ਉੱਤਰੀ ਭਾਰਤ ਦੇ ਪ੍ਰਮੁੱਖ ਸਭਿਆਚਾਰਕ ਉਤਸਵ, ‘ਮੇਲਾ ਗ਼ਦਰੀ ਬਾਬਿਆਂ ਦਾ’ ਧਿਆਨ ਰੱਖਦਿਆਂ ਯੂਥ ਫੈਸਟੀਵਲਾਂ ਦੀ ਸਮਾਂ-ਸਾਰਣੀ ਨਾ ਬਣਾਉਣ। 32ਵੇਂ ਮੇਲੇ ਮੌਕੇ ਗ਼ਦਰੀ ਬਾਬਿਆਂ ਸਮੂਹ ਦੇਸ਼ ਭਗਤਾਂ ਦੇ ਘੱਟੋ-ਘੱਟ 32 ਪਿੰਡਾਂ ਨੂੰ ਚੁਣਕੇ ਉਥੇ ਤਿਆਰੀ, ਲਾਮਬੰਦੀ ਅਤੇ ਸਹਾਇਤਾ ਇਕੱਤਰ ਕਰਨ ਦੀ ਮੁਹਿੰਮ ਚਲਾਈ ਜਾਏਗੀ।

ਅੱਜ ਦੀ ਮੀਟਿੰਗ ਦਾ ਆਗਾਜ਼ ਇਨਕਲਾਬੀ ਗਾਇਕ ਗ਼ਦਰ, ਵਿਜੈ ਮਿਸ਼ਰਾ, ਸ਼ਿਵ ਨਾਥ, ਬਾਰੂ ਸਤਬਰਗ ਮਹਿਰਾਜ, ਮਾਸਟਰ ਤਰਲੋਚਨ ਸਮਰਾਲਾ, ਨਿਰੰਜਣ ਸਿੰਘ ਕੁੱਲੇਵਾਲ ਗੜ੍ਹਸ਼ੰਕਰ, ਪ੍ਰੀਤਮ ਸਿੰਘ ਮੰਡੇਰ ਸੰਗਰੂਰ, ਅਧਿਆਪਕਾ ਰਵਿੰਦਰ ਕੌਰ ਬੱਦੋਵਾਲ, ਕਾ. ਠਾਣਾ ਸਿੰਘ, ਜਗਸੀਰ ਸਿੰਘ ਕੁਸ਼ਲਾ, ਐਸ.ਜੀ.ਜੀ.ਐਸ ਖਾਲਸਾ ਕਾਲਜ ਮਾਹਿਲਪੁਰ ਦੇ ਦਿਲਪ੍ਰੀਤ ਸਿੰਘ ਨੂੰ ਖੜ੍ਹੇ ਹੋ ਕੇ ਸ਼ਰਧਾਂਜ਼ਲੀ ਦੇਣ ਨਾਲ ਹੋਇਆ।

ਇਹ ਫੈਸਲਾ ਵੀ ਕੀਤਾ ਗਿਆ ਕਿ ਸਮੂਹ ਜਨਤਕ ਜਮਹੂਰੀ ਜੱਥੇਬੰਦੀਆਂ ਅਤੇ ਦੇਸ਼ ਭਗਤਾਂ ਦੇ ਪਿੰਡਾਂ ’ਚ ਸਰਗਰਮ ਕਮੇਟੀਆਂ ਦੇ ਪ੍ਰਤੀਨਿੱਧਾਂ ਦੀ ਦੇਸ਼ ਭਗਤ ਯਾਦਗਾਰ ਹਾਲ ਮੀਟਿੰਗ ਕਰਕੇ ਉਹਨਾਂ ਨੂੰ ਮੇਲਾ ਸਫ਼ਲ ਬਣਾਉਣ ਲਈ ਸਹਿਯੋਗ ਦੀ ਅਪੀਲ ਕੀਤੀ ਜਾਏਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION