40.6 C
Delhi
Saturday, May 18, 2024
spot_img
spot_img

ਕੈਪਟਨ ਅਮਰਿੰਦਰ ਸਿੰਘ ਵੱਲੋਂ ਉਦਯੋਗਾਂ ਉਤੇ ਲਗਾਈਆਂ ਸਾਰੀਆਂ ਬਿਜਲੀ ਬੰਦਿਸ਼ਾਂ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਆਦੇਸ਼

ਯੈੱਸ ਪੰਜਾਬ
ਚੰਡੀਗੜ੍ਹ, 12 ਜੁਲਾਈ, 2021:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿੱਚ ਬਿਜਲੀ ਸੰਕਟ ਨਾਲ ਨਜਿੱਠਣ ਲਈ ਉਦਯੋਗਾਂ ਉਤੇ ਲਗਾਈਆਂ ਸਾਰੀਆਂ ਬਿਜਲੀ ਬੰਦਿਸ਼ਾਂ ਸੋਮਵਾਰ ਸ਼ਾਮ ਨੂੰ ਤੁਰੰਤ ਪ੍ਰਭਾਵ ਨਾਲ ਉਠਾਉਣ ਦੇ ਆਦੇਸ਼ ਦਿੱਤੇ ਹਨ। ਮਾਨਸੂਨ ਵਿੱਚ ਦੇਰੀ ਕਾਰਨ ਖੇਤੀਬਾੜੀ ਤੇ ਘਰੇਲੂ ਖੇਤਰ ਦੋਵਾਂ ਵਿੱਚ ਅਣਕਿਆਸੀ ਮੰਗ ਕਾਰਨ ਇਹ ਸੰਕਟ ਪੈਦਾ ਹੋਇਆ ਸੀ।

ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬੰਦ ਪਏ ਤਿੰਨ ਯੂਨਿਟਾਂ ਵਿੱਚੋਂ ਇਕ ਯੂਨਿਟ ਦੇ ਚੱਲਣ ਉਪਰੰਤ ਸੂਬੇ ਵਿੱਚ ਬਿਜਲੀ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਰਾਜ ਪਾਵਰ ਕਾਰਪਰੋਸ਼ੇਨ ਲਿਮਟਿਡ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਭਰ ਵਿੱਚ ਉਦਯੋਗਾਂ ਉਤੇ ਬਿਜਲੀ ਦੀ ਵਰਤੋਂ ਸਬੰਧੀ ਲਗਾਈਆਂ ਸਾਰੀਆਂ ਬੰਦਿਸ਼ਾਂ ਨੂੰ ਤੁਰੰਤ ਹਟਾਇਆ ਜਾਵੇ। ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ ਕਿ ਤਲਵੰਡੀ ਸਾਬੋ ਵਿਖੇ 660 ਮੈਗਾਵਾਟ ਬਿਜਲੀ ਦਾ ਉਤਪਾਦਨ ਸ਼ੁਰੂ ਹੋਣ ਨਾਲ ਸੂਬੇ ਵਿੱਚ ਬਿਜਲੀ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ।

ਪੀ.ਐਸ.ਪੀ.ਐਸ.ਐਲ. ਵੱਲੋਂ ਪੰਜਾਬ ਦੇ ਕੇਂਦਰੀ ਅਤੇ ਸਰਹੱਦੀ ਜ਼ੋਨ ਦੇ ਜ਼ਿਲ੍ਹਿਆਂ ਵਿੱਚ ਅਜਿਹੀਆਂ ਹੀ ਬੰਦਿਸ਼ਾਂ ਨੂੰ ਅੰਸ਼ਿਕ ਤੌਰ ਉਤੇ ਹਟਾਉਣ ਦੇ ਫੈਸਲੇ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਵੱਲੋਂ ਸਾਰੀਆਂ ਬੰਦਿਸ਼ਾਂ ਪੂਰਨ ਤੌਰ ਉਤੇ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੀ.ਐਸ.ਪੀ.ਐਸ.ਐਲ. ਨੇ ਨਿਰੰਤਰ ਬਿਜਲੀ ਵਰਤੋਂ ਕਰਨ ਵਾਲਿਆਂ ਨੂੰ ਛੱਡ ਕੇ ਸਾਰੇ ਉਦਯੋਗਾਂ ਨੂੰ ਅੱਜ ਤੋਂ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ।

ਹਾਲਾਂਕਿ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਸੂਬੇ ਭਰ ਦੇ ਸਾਰੇ ਉਦਯੋਗ, ਜਿਨ੍ਹਾਂ ਵਿੱਚ 24 ਘੰਟੇ ਨਿਰੰਤਰ ਬਿਜਲੀ ਦੀ ਵਰਤੋਂ ਕਰ ਰਹੇ (ਟੈਕਸਟਾਈਲ, ਕੈਮੀਕਲ ਅਤੇ ਸਪਿਨਿੰਗ ਮਿੱਲ ਆਦਿ) ਸ਼ਾਮਲ ਹਨ, ਹੁਣ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ।

ਗੌਰਤਲਬ ਹੈ ਕਿ ਬਿਜਲੀ ਦੀ ਮੰਗ ਵਿੱਚ ਹੋਏ ਅਸਾਧਾਰਣ ਵਾਧੇ ਦੇ ਕਾਰਨ ਪੀ.ਐਸ.ਪੀ.ਸੀ.ਐਲ. ਨੇ ਇੱਕ ਆਰਜ਼ੀ ਉਪਾਅ ਦੇ ਤੌਰ ‘ਤੇ ਰਾਜ ਦੇ ਉਦਯੋਗਿਕ ਖਪਤਕਾਰਾਂ ‘ਤੇ ਬੰਦਿਸ਼ਾਂ ਲਗਾਉਣ ਦੇ ਹੁਕਮ ਦਿੱਤੇ ਸਨ ਤਾਂ ਜੋ ਘਰੇਲੂ ਖਪਤਕਾਰਾਂ ਨੂੰ ਨਿਰੰਤਰ ਬਿਜਲੀ ਸਪਲਾਈ ਦੇਣ ਦੇ ਨਾਲ ਨਾਲ ਝੋਨੇ ਦੀ ਬਿਜਾਈ ਸਬੰਧੀ ਕਾਰਜਾਂ ਵਾਸਤੇ ਖੇਤੀਬਾੜੀ ਸੈਕਟਰ ਨੂੰ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾ ਸਕੇ। ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਿਰੰਤਰ ਚੱਲਣ ਵਾਲੇ ਉਦਯੋਗਾਂ ਨੂੰ ਆਪਣੇ ਲੋਡ ਦੀ 50 ਫੀਸਦੀ ਸਮਰੱਥਾ ਨਾਲ ਚਲਾਉਣ ਲਈ ਕਿਹਾ ਗਿਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਖਪਤ ਦੀ ਵਧੇਰੇ ਮੰਗ ਦੇ ਬਾਵਜੂਦ ਪਾਵਰਕੌਮ ਨੇ ਸੁਰੂ ਤੋਂ ਹੀ ਛੋਟੇ ਅਤੇ ਦਰਮਿਆਨੀ ਸਪਲਾਈ ਵਾਲੇ ਉਦਯੋਗਿਕ ਖਪਤਕਾਰਾਂ, ਚੌਲ ਸ਼ੈਲਰ ਮਾਲਕਾਂ, ਪਸ਼ੂ ਫੀਡ ਯੂਨਿਟਾਂ, ਕਾਲ ਸੈਂਟਰਾਂ, ਮਸ਼ਰੂਮ ਫਾਰਮਾਂ, ਫੂਡ ਪ੍ਰਾਸੈਸਿੰਗ ਇਕਾਈਆਂ ਅਤੇ ਹੋਰ ਜ਼ਰੂਰੀ ਉਦਯੋਗਾਂ/ਸੇਵਾਵਾਂ ‘ਤੇ ਕੋਈ ਪਾਬੰਦੀ ਨਹੀਂ ਲਗਾਈ।

ਪੰਜਾਬ ਵਿੱਚ ਬਿਜਲੀ ਦੇ 99,834 ਛੋਟੇ ਉਦਯੋਗਿਕ ਖਪਤਕਾਰ ਅਤੇ 30176 ਦਰਮਿਆਨੇ ਖਪਤਕਾਰ ਹਨ ਜਿਨ੍ਹਾਂ ‘ਤੇ ਘਰੇਲੂ ਖੇਤਰ ਵਿੱਚ ਬਿਜਲੀ ਦੀ ਵਧਦੀ ਮੰਗ ਦੇ ਬਾਵਜੂਦ ਬਿਜਲੀ ਦੀ ਵਰਤੋਂ ਸਬੰਧੀ ਕੋਈ ਵੀ ਪਾਬੰਦੀ ਨਹੀਂ ਲਗਾਈ ਗਈ।

ਘਾਟ ਨੂੰ ਪੂਰਾ ਕਰਨ ਲਈ, ਸਿਰਫ ਵੱਡੇ ਸਪਲਾਈ ਵਾਲੇ ਖਪਤਕਾਰ (ਗਿਣਤੀ ਵਿਚ 5071) ਜੋ 1000 ਕੇਵੀਏ ਐਸਸੀਡੀ ਦੀ ਵਰਤੋਂ ਕਰਦੇ ਹਨ, ਨੂੰ ਦਿਨ ਵਿਚ 12 ਘੰਟੇ 100 ਕੇਵੀਏ ਦੀ ਵਰਤੋਂ ਕਰਨ ਲਈ ਕਿਹਾ ਗਿਆ ਸੀ। ਵੱਡੀ ਸਪਲਾਈ ਵਾਲੀਆਂ ਭੱਠੀਆਂ ਜਿਨ੍ਹਾਂ ਵਿਚੋਂ 282 ਸੂਬੇ ਵਿਚ ਕਾਰਜਸ਼ੀਲ ਹਨ, ਨੂੰ ਸਿਰਫ 5 ਫੀਸਦੀ ਐਸ.ਸੀ.ਡੀ. ਤੱਕ ਸੀਮਤ ਕੀਤਾ ਗਿਆ ਸੀ।

ਬੁਲਾਰੇ ਨੇ ਕਿਹਾ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਕੰਮ ਨਾ ਕਰਨ ਦੇ ਬਾਵਜੂਦ ਪਾਵਰਕੌਮ ਨੇ 1 ਜੁਲਾਈ ਨੂੰ ਸਫਲਤਾਪੂਰਵਕ 3066 ਲੱਖ ਯੂਨਿਟ ਦੀ ਬਿਜਲੀ ਦੀ ਮੰਗ ਪੂਰੀ ਕੀਤੀ ਸੀ। ਦਿਨ ਵਿੱਚ ਬਿਜਲੀ ਦੀ ਮੰਗ, ਸੂਬੇ ਵਿੱਚ ਇਕ ਦਿਨ ਵਿੱਚ 3018 ਲੱਖ ਯੂਨਿਟ ਬਿਜਲੀ ਦੀ ਪੂਰਤੀ ਦੇ ਪਹਿਲੇ ਰਿਕਾਰਡ ਨੂੰ ਪਾਰ ਕਰ ਗਈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION