35.1 C
Delhi
Sunday, May 19, 2024
spot_img
spot_img

ਕੇਜਰੀਵਾਲ ਪੰਜਾਬ ’ਚ ਨਾਗਪੁਰ ਏਜੰਡਾ ਲਾਗੂ ਕਰਨ ਦੀ ਤਾਕ ’ਚ: ਪਰਗਟ ਸਿੰਘ

ਯੈੱਸ ਪੰਜਾਬ
ਜਲੰਧਰ, 3 ਫਰਵਰੀ, 2022 –
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਹ ਪੰਜਾਬ ਵਿਚ ਨਾਗਪੁਰ ਦਾ ਏਜੰਡਾ ਲਾਗੂ ਕਰਨ ਦੀ ਤਾਕ ’ਚ ਹਨ। ਦਿੱਲੀ ਸਰਕਾਰ ਭਾਜਪਾ ਤੇ ਆਰਐੱਸਐੱਸ ਦੀਆਂ ਨੀਤੀਆਂ ਦੀ ਹੀ ਹਮਾਇਤ ਕਰਦੀ ਆ ਰਹੀ ਹੈ।

ਜਲੰਧਰ ਛਾਉਣੀ ਦੇ ਵੱਖ-ਵੱਖ ਮੁਹੱਲਿਆਂ ਵਿਚ ਕੀਤੀਆਂ ਚੋਣ ਮੀਟਿੰਗਾਂ ਦੌਰਾਨ ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੰਮੂ ਕਸ਼ਮੀਰ ’ਚ ਜਦੋਂ ਧਾਰਾ 370 ਤੋਡ਼ੀ ਗਈ ਸੀ ਤਾਂ ਉਸ ਦੀ ਹਮਾਇਤ ਆਮ ਆਦਮੀ ਪਾਰਟੀ ਨੇ ਖੁੱਲ੍ਹ ਕੇ ਕੀਤੀ ਸੀ।

ਇਸੇ ਤਰ੍ਹਾਂ ਖੇਤੀ ਦੇ ਤਿੰਨ ਕਾਲੇ ਕਾਨੂੰਨ ਜਦੋਂ ਮੋਦੀ ਸਰਕਾਰ ਨੇ ਪਾਸ ਕੀਤੇ ਸਨ ਤਾਂ ਸਭ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਨੇ ਉਨ੍ਹਾਂ ਨੂੰ ਹੋਰ ਅੱਗੇ ਵਧਾਉਣ ਲਈ ਮਤਾ ਪਾਸ ਕੀਤਾ ਸੀ। ਵਰ੍ਹਦੇ ਮੀਂਹ ਵਿਚ ਵੀ ਪਰਗਟ ਸਿੰਘ ਨੇ ਆਪਣਾ ਚੋਣ ਪ੍ਰਚਾਰ ਜਾਰੀ ਰੱਖਿਆ।

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਲੋਕਾਂ ਨੂੰ ਗਰੰਟੀਆਂ ਦੇ ਭਰਮ ਭੁਲੇਖਿਆਂ ’ਚ ਪਾਉਣ ਵਾਲੇ ਅਰਵਿੰਦ ਕੇਜਰੀਵਾਲ ਜਿਸ ਦਿੱਲੀ ਦੇ ਮੁੱਖ ਮੰਤਰੀ ਹਨ ਉਥੇ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਰਹੀਆਂ। ਉਨ੍ਹਾਂ ਦਿੱਲੀ ਦੰਗਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਦੇਸ਼ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਏ ਹੋਏ ਸਨ ਤਾਂ ਦਿੱਲੀ ਵਿਚ ਘੱਟ ਗਿਣਤੀਆਂ ਨੂੰ ਸ਼ਰ੍ਹੇਆਮ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਨ੍ਹਾਂ ਘਟਨਾਵਾਂ ਵਿਚ ਕਿੰਨੇ ਲੋਕ ਮਾਰੇ ਗਏ ਤੇ ਕਿੰਨੀ ਜਾਇਦਾਦ ਦੀ ਸਾਡ਼ ਫੂਕ ਕੀਤੀ ਗਈ, ਏਨੀ ਵੱਡੀ ਤਰਾਸਦੀ ਹੋਣ ਦੇ ਬਾਵਜੂਦ ਵੀ ਅਰਵਿੰਦ ਕੇਜਰੀਵਾਲ ਨੇ ਹਾਅ ਦਾ ਨਾਅਰਾ ਨਹੀਂ ਸੀ ਮਾਰਿਆ ਤੇ ਨਾ ਹੀ ਘੱਟ ਗਿਣਤੀਆਂ ਦੀ ਸਾਰ ਲੈਣ ਲਈ ਉਹ ਉਦੋਂ ਤੱਕ ਨਹੀਂ ਗਏ ਜਦੋਂ ਤੱਕ ਅਦਾਲਤ ਨੇ ਉਨ੍ਹਾਂ ਨੂੰ ਫਿਟਕਾਰ ਨਹੀਂ ਪਾ ਦਿੱਤੀ। ਦੇਸ਼ ਵਿਚ ਇਹੋ ਨੀਤੀਆਂ ਹੀ ਭਾਜਪਾ ਲਾਗੂ ਕਰਨਾ ਚਾਹੁੰਦੀ ਹੈ।

ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਕਿਹਾ ਕਿ ਦੇਸ਼ ਵਿਚ ਤਿਰੰਗਾ ਯਾਤਰਾਵਾਂ ਕੱਢਣ ਦੀ ਨੀਤੀ ਆਰਐੱਸਐੱਸ ਤੇ ਭਾਜਪਾ ਦੀ ਹੈ। ਉਸੇ ਨੀਤੀ ਤਹਿਤ ਪੰਜਾਬ ਵਿਚ ਕੇਜਰੀਵਾਲ ਦੀ ਅਗਵਾਈ ਵਿਚ ਪਠਾਨਕੋਟ ਤੇ ਜਲੰਧਰ ’ਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ। ਇਨ੍ਹਾਂ ਯਾਤਰਾਵਾਂ ਲਈ ਟਿਕਟਾਂ ਦੇ ਚਾਹਵਾਨਾਂ ਕੋਲੋਂ ਮੋਟੀਆਂ ਰਕਮਾਂ ਵੀ ਵਸੂਲਣ ਦੀ ਚਰਚਾ ਜ਼ੋਰਾਂ ’ਤੇ ਰਹੀ ਸੀ।

ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰਕ ਸਾਂਝ ਹਮੇਸ਼ਾਂ ਹੀ ਮਜ਼ਬੂਤ ਰਹੀ ਹੈ। ਭਾਜਪਾ ਤੇ ਆਪ ਵਰਗੀਆਂ ਪਾਰਟੀਆਂ ਜਾਣ ਬੁੱਝ ਕੇ ਅਜਿਹਾ ਮਾਹੌਲ ਸਿਰਜਦੀਆਂ ਹਨ ਜਿਵੇਂ ਇਸ ਸੂਬੇ ਵਿਚ ਕੋਈ ਸਮਾਜਿਕ ਸੰਕਟ ਖਡ਼੍ਹਾ ਹੋ ਗਿਆ ਹੋਵੇ।

ਜਦੋਂ ਸਮੁੱਚਾ ਪੰਜਾਬ ਸ਼ਾਂਤ ਹੈ ਤਾਂ ਪਟਿਆਲੇ ਵਿਚ ਆਪ ਨੇ ਕਿਸ ਮਕਸਦ ਨਾਲ ਸ਼ਾਂਤੀ ਮਾਰਚ ਕੀਤਾ ਸੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਦਿੱਲੀ ਦੇ ਇਨ੍ਹਾਂ ਧਾਡ਼ਵੀਆਂ ਤੋਂ ਬਚਣ ਦੀ ਲੋਡ਼ ਹੈ ਜਿਹਡ਼ੇ ਪੰਜਾਬੀਆਂ ਨੂੰ ਬੇਵਕੂਫ ਬਣਾ ਕੇ ਇਹ ਦੱਸਣਾ ਚਾਹੁੰਦੇ ਹਨ ਕਿ ਪੰਜਾਬ ਵਿਚ ਸਿਆਸਤ ਕਰਨੀ ਉਹੀ ਸਿਖਾਉਣਗੇ। ਇਹ ਇਕ ਤਰ੍ਹਾਂ ਨਾਲ ਪੰਜਾਬੀਅਤ ’ਤੇ ਲੁਕਵਾਂ ਹਮਲਾ ਕੀਤਾ ਜਾ ਰਿਹਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

spot_img

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION