ਯੈੱਸ ਪੰਜਾਬ
ਨਵੀਂ ਦਿੱਲੀ, 2 ਮਾਰਚ, 2022:
ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਅੱਜ ਯੂਕਰੇਨ ਮਾਮਲੇ ਵਿੱਚ ਧਾਰੀ ਚੁੱਪ ਲਈ ਪੰਜਾਬ ਕਾਂਗਰਸ ਦੇ ਚੋਟੀ ਦੇ ਆਗੂਆਂ ਨੂੰ ਘੇਰਿਆ ਹੈ।
ਅੱਜ ਪੰਜਾਬ ਦੇ ਕਾਂਗਰਸ ਸੰਸਦ ਮੈਬਰਾਂ ਦੇ ਇਕ ਵਫ਼ਦ ਨੇ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਮੀਨਾਕਸ਼ੀ ਲੇਖ਼ੀ ਨਾਲ ਮੁਲਾਕਾਤ ਕਰਕੇ ਯੂਕਰੇਨ ਵਿੱਚ ਫ਼ਸੇ ਭਾਰਤੀ ਲੋਕਾਂ ਨੂੰ ਸਰੱਖ਼ਿਅਤ ਭਾਰਤ ਵਾਪਸ ਲਿਆਉਣ ਅਤੇ ਯੂਕਰੇਨ ਦੀ ਪੁਲਿਸ ਵੱਲੋਂ ਭਾਰਤੀਆਂ ’ਤੇ ਹਮਲੇ ਅਤੇ ਤਸ਼ੱਦਦ ਕਰਨ ਦੇ ਮਾਮਲੇ ਵਿੱਚ ਫ਼ੌਰੀ ਕਾਰਵਾਈ ਦੀ ਬੇਨਤੀ ਕੇਂਦਰ ਸਰਕਾਰ ਨੂੂੰ ਕੀਤੀ ਸੀ।
ਇਸ ਮਗਰੋਂ ਸ੍ਰੀ ਤਿਵਾੜੀ ਨੇ ਇਕ ਟਵੀਟ ਕਰਕੇ ਕਿਹਾ ਕਿ ਬੜੀ ਹੈਰਾਟਨੀ ਦੀ ਗੱਲ ਹੈ ਕਿ ਯੂਕਰੇਨ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਮਹਾਨ ਆਗੂ ਕਿਤੇ ਵੀ ਨਜ਼ਰ ਨਹੀਂ ਆ ਰਹੇ ਅਤੇ ਨਾ ਹੀ ਉਨ੍ਹਾਂ ਦੀ ਆਵਾਜ਼ ਸੁਣੀ ਜਾ ਰਹੀ ਹੈ ਜਿਸ ਵੇਲੇ ਸਾਡੇ ਬੱਚੇ ਸੰਕਟ ਵਿੱਚ ਹਨ। ਉਨ੍ਹਾਂ ਸਵਾਲ ਕੀਤਾ ਕਿ ਇਸ ਕੰਮ ਦੀ ਜ਼ਿੰਮੇਵਾਰੀ ਕੀ ਪੰਜਾਬ ਦੇ ਸੰਸਦ ਮੈਂਬਰਾਂ ਦੀ ਹੀ ਹੈ?
ਸ੍ਰੀ ਤਿਵਾੜੀ ਨੇ ਪੁੱਛਿਆ, ਸ: ਚਰਨਜੀਤ ਸਿੰਘ ਚੰਨੀ, ਸ: ਨਵਜੋਤ ਸਿੰਘ ਸਿੱਧੂ, ਸ੍ਰੀ ਸੁਨੀਲ ਜਾਖ਼ੜ ਅਤੇ ਸ੍ਰੀ ਹਰੀਸ਼ ਚੌਧਰੀ ਜਿਹੇ ਆਗੂ ਕਿੱਥੇ ਹਨ? ਉਨ੍ਹਾਂ ਕਿਹਾ ਕਿ ਇਹਨਾਂ ਆਗੂਆਂ ਵਾਸਤੇ ‘ਪਾਵਰ’ ਹੀ ਸਭ ਕੁਝ ਹੈ?
ਉਹਨਾਂ ਆਖ਼ਿਆ ਸਿਆਸੀ ਪਿੜ ਵਿੱਚ ਹੋਣ ਦਾ ਕਾਰਨ ਤਾਂ ਜਨਤਾ ਦੀ ਸੇਵਾ ਕਰਨਾ ਹੁੰਦਾ ਹੈ। ਚੋਣਾਂ ਹੀ ਸਿਆਸਤ ਦੀ ਸ਼ੁਰੂਆਤ ਅਤੇ ਅੰਤ ਨਹੀਂ ਹੁੰਦੀਆਂ। ਕੀ ਤੁਸੀਂ ਵੀਡੀਓ ਨਹੀਂ ਵੇਖ਼ਦੇ, ਕੀ ਤੁਹਾਨੂੂੰ ਆਪਣੇ ਬੱਚਿਆਂ ਦੀ ਕੁਰਲਾਹਟ ਨਹੀਂ ਸੁਣਦੀ? ਕੀ ਇਹੀ ਹੈ ਤੁਹਾਡਾ ਪੰਜਾਬ ਮਾਡਲ? ਤੁਹਾਡੇ ਇਸ ਬੇਰਹਿਮ ਵਤੀਰੇ ’ਤੇ ਮੇਰਾ ਸਿਰ ਸ਼ਰਮ ਨਾਲ ਝੁਕ ਰਿਹਾ ਹੈ। ਜਾਗੋ ਭਦਰ ਪੁਰਸ਼ੋ, ਚੋਣਾਂ ਤੋਂ ਪਰ੍ਹਾਂ ਵੀ ਕੋਈ ਜ਼ਿੰਦਗੀ ਹੁੰਦੀ ਹੈ।
ਅੰਮ੍ਰਿਤਸਰ ਦੇ ਐਮ.ਪੀ. ਸ: ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸਾਡੇ 1100 ਵਿਦਿਆਰਥੀ ਖ਼ਰਕੀਵ ਰੇਲਵ ਸਟੇਸ਼ਨ ’ਤੇ ਫ਼ਸੇ ਹੋਏ ਹਨ। ਯੂਕਰੇਨ ਦੇ ਲੋਕ ਉਨ੍ਹਾਂ ਨੂੰ ਖ਼ਰਕੀਵ ਤੋਂ ਜਾਣ ਦੀ ਇਜਾਜ਼ਤ ਨਾ ਦਿੰਦੇ ਹੋਏ ਰੇਲ ਗੱਡੀਆਂ ਵਿੱਚ ਚੜ੍ਹਣ ਨਹੀਂ ਦੇ ਰਹੇ। ਸ: ਔਜਲਾ ਨੇ ਕਿਹਾ ਕਿ ਯੂਕਰੇਨ ਦੇ ਲੋਕ ਖ਼ਰਕੀਵ ਤੋਂ ਪਹਿਲਾਂ ਆਪਣੇ ਲੋਕਾਂ ਨੂੰ ਬਾਹਰ ਕੱਢ ਰਹੇ ਹਨ ਅਤੇ ਸਾਡੇ ਬੱਚਿਆਂ ਨੂੰ ਇਸ ਵੇਲੇ ਸਾਡੀ ਤੁਰੰਤ ਮਦਦ ਦੀ ਲੋੜ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ