30.1 C
Delhi
Saturday, May 4, 2024
spot_img
spot_img

ਕਾਲ਼ੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸਾਰੇ ਮੋਰਚਿਆਂ ‘ਚ ਵੱਡੇ ਇਕੱਠ ਕਰਕੇ ਸਾਂਝੇ ਘੋਲ਼ ਦੀ ਵਰ੍ਹੇਗੰਢ ਮਨਾਈ ਜਾਵੇਗੀ: ਜੋਗਿੰਦਰ ਸਿੰਘ ਉਗਰਾਹਾਂ, ਸ਼ਿੰਗਾਰਾ ਸਿੰਘ ਮਾਨ

ਦਲਜੀਤ ਕੌਰ ਭਵਾਨੀਗੜ੍ਹ
ਨਵੀਂ ਦਿੱਲੀ, 11 ਨਵੰਬਰ, 2021:
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਟਿਕਰੀ ਬਾਰਡਰ ਤੋਂ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤਹਿਤ 26 ਨਵੰਬਰ ਨੂੰ ਦਿੱਲੀ ਮੋਰਚੇ ਦਾ ਇੱਕ ਸਾਲ ਪੂਰਾ ਹੋਣ ‘ਤੇ ਮੋਰਚੇ ਦੀ ਵਰ੍ਹੇਗੰਢ ਮਨਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਮੋਰਚਿਆਂ ‘ਚ ਨੇੜਲੇ ਸੂਬਿਆਂ ਵਲੋਂ ਵੱਡੇ ਇਕੱਠ ਕੀਤੇ ਜਾਣਗੇ। ਬਾਕੀ ਦੂਰ ਵਾਲੇ ਸੂਬੇ ਆਪੋ ਆਪਣੀ ਰਾਜਧਾਨੀ ਜਾਂ ਜ਼ਿਲ੍ਹਿਆਂ ‘ਚ ਵੱਡੇ ਇਕੱਠ ਕਰਨਗੇ।

ਖੇਤੀ ਵਿਰੋਧੀ ਕਾਲ਼ੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸਾਰੇ ਸਥਾਨਕ ਮੋਰਚਿਆਂ ‘ਚ ਵੀ ਵੱਡੇ ਇਕੱਠ ਕਰਕੇ ਸਾਂਝੇ ਘੋਲ਼ ਦੀ ਵਰ੍ਹੇਗੰਢ ਮਨਾਈ ਜਾਵੇਗੀ। 29 ਨਵੰਬਰ ਨੂੰ ਸ਼ੁਰੂ ਹੋ ਰਹੇ ਪਾਰਲੀਮੈਂਟ ਸੈਸ਼ਨ ਦੌਰਾਨ ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ਤੋਂ ਜਿੰਨੇ ਦਿਨ ਪਾਰਲੀਮੈਂਟ ਸੈਸ਼ਨ ਚੱਲੇਗਾ 500 ਕਿਸਾਨਾਂ ਦਾ ਜੱਥਾ ਹਰ ਰੋਜ਼ ਦਿੱਲੀ ਵੱਲ ਮਾਰਚ ਕਰਿਆ ਕਰੇਗਾ।

ਟਿਕਰੀ ਬਾਰਡਰ ‘ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਮਾਨਸਾ ਜ਼ਿਲ੍ਹੇ ਦੇ ਜਰਨਲ ਸਕੱਤਰ ਇੰਦਰਜੀਤ ਸਿੰਘ ਝੱਬਰ ਅਤੇ ਬਠਿੰਡਾ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਦੀ ਬਾਂਹ ਮਰੋੜ ਕੇ ਸਾਮਰਾਜੀ ਕਾਰਪੋਰੇਟ ਘਰਾਣੇ ਆਪਣੀ ਆਮਦਨ ‘ਚ ਚੋਖਾ ਵਾਧਾ ਕਰਨ ਲਈ ਆਪਣੀ ਮਰਜ਼ੀ ਦੇ ਕਾਨੂੰਨ ਬਣਾ ਕੇ ਲਾਗੂ ਕਰਨਾ ਚਾਹੁੰਦੇ ਹਨ।

ਅੱਜ ਇਨ੍ਹਾਂ ਮਾਰੂ ਕਾਨੂੰਨਾਂ ਦਾ ਮਸਲਾ ਇਕੱਲੇ ਭਾਰਤ ਦਾ ਨਹੀਂ ਸਾਮਰਾਜੀ ਕੰਪਨੀਆਂ ਦਾ ਗਲਬਾ ਮੁਲਕ ਪੱਧਰ ‘ਤੇ ਬਹੁਤ ਸਾਰੇ ਦੇਸ਼ਾਂ ‘ਚ ਫੈਲ ਚੁੱਕਿਆ ਹੈ। ਜਿੱਥੇ ਵੀ ਇਨ੍ਹਾਂ ਕੰਪਨੀਆਂ ਨੇ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ ਉਥੇ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਭਾਰਤ ਸਮੇਤ ਕੁੱਲ ਸੰਸਾਰ ਦੇ ਮੁਲਕਾਂ ‘ਚ ਇਹੋ ਜਿਹੇ ਲੋਕ ਦੋਖੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ ਇਸ ਕਰਕੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਚੱਲ ਰਹੇ ਦਿੱਲੀ ਮੋਰਚੇ ਦਾ ਅਸਰ ਸੰਸਾਰ ਦੇ ਦੂਜੇ ਮੁਲਕਾਂ ‘ਤੇ ਵੀ ਪੈ ਰਿਹਾ ਹੈ ਜਿਵੇਂ ਉਦਾਹਰਨ ਦੇ ਵਜੋਂ ਪਿਛਲੇ ਦਿਨੀਂ ਆਸਟ੍ਰੇਲੀਆ ‘ਚ ਇਨ੍ਹਾਂ ਬਹੁਕੌਮੀ ਕੰਪਨੀਆਂ ਦਾ ਅਤੇ ਦੇਸ਼ ‘ਤੇ ਰਾਜ ਕਰਨ ਵਾਲੇ ਹਾਕਮਾਂ ਦਾ ਵੱਡੀ ਪੱਧਰ ‘ਤੇ ਵਿਰੋਧ ਹੋਇਆ ਹੈ।

ਇੱਥੇ ਦੇਸ਼ ਦੇ ਹਾਕਮਾਂ ਦਾ ਵਿਰੋਧ ਕਰਕੇ ਸਦਨ ਚੋਂ ਭਜਾਇਆ ਹੈ ਸੋ ਆਉਣ ਵਾਲੇ ਸਮੇਂ ‘ਚ ਇੱਕ ਲੋਕ ਪੱਖੀ ਵਰਤਾਰੇ ਦੀ ਸਿਰਜਣਾ ਹੋਣ ਦੀ ਆਸ ਦਿਖਾਈ ਦੇ ਰਹੀ ਹੈ।

ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਸੰਗਰੂਰ ਜ਼ਿਲ੍ਹੇ ਤੋਂ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਇੱਕ ਪਾਸੇ ਕਿਸਾਨ ਤਿੰਨ ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਆਪਣੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਲੜ ਰਹੇ ਹਨ ਦੂਜੇ ਪਾਸੇ 2022 ‘ਚ ਪੰਜ ਸੂਬਿਆਂ ‘ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਪਿੰਡਾਂ ‘ਚ ਸਾਰੀਆਂ ਹੀ ਵੋਟ ਪਾਰਟੀਆਂ ਆਪਣੇ ਆਪਣੇ ਢੰਗਾਂ ਨਾਲ ਪ੍ਰਚਾਰ ਕਰਨ ਦੇ ਰਾਹ ਪਈਆਂ ਹੋਈਆਂ ਹਨ।

ਇਸ ਲਈ ਕਿਰਤੀ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਸਾਰੀਆਂ ਹੀ ਵੋਟ ਪਾਰਟੀਆਂ ਨੂੰ ਇਨ੍ਹਾਂ ਕਾਨੂੰਨਾਂ ਪ੍ਰਤੀ ਸ਼ਾਂਤਮਈ ਢੰਗ ਨਾਲ ਸਵਾਲ ਕਰਨ ਦੀ ਲੋੜ ਬਣਦੀ ਹੈ। ਸਟੇਜ ਸਕੱਤਰ ਦੀ ਭੂਮਿਕਾ ਬਰਨਾਲੇ ਜ਼ਿਲ੍ਹੇ ਦੇ ਆਗੂ ਜੱਜ ਸਿੰਘ ਗਹਿਲ ਨੇ ਬਾਖੂਬੀ ਨਿਭਾਈ ਅਤੇ ਬਿੱਟੂ ਮੱਲਣ (ਮੁਕਤਸਰ) ਅਤੇ ਦੇਸਾ ਸਿੰਘ ਘਰਿਆਲਾ ਨੇ ਵੀ ਸਟੇਜ ਤੋਂ ਸੰਬੋਧਨ ਕੀਤਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION