36.7 C
Delhi
Friday, April 26, 2024
spot_img
spot_img

ਕਾਂਗਰਸ ਅੰਦਰਲੇ ‘ਫੁੱਫੜਾਂ’ ਦੀ ਬਾਤ ਪਾ ਗਏ ਸੁਨੀਲ ਜਾਖ਼ੜ, ਕਿਹਾ ਕਿਸੇ ਨੇ ਅਮਿਤ ਸ਼ਾਹ ਤੇ ਕਿਸੇ ਨੇ ਕੇਜਰੀਵਾਲ ਨਾਲ ਜੋੜ ਰੱਖੀਆਂ ਸਨ ਤਾਰਾਂ

ਯੈੱਸ ਪੰਜਾਬ
ਚੰਡੀਗੜ੍ਹ, 23 ਜੁਲਾਈ, 2021:
ਪੰਜਾਬ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਦੇ ਤਾਜਪੋਸ਼ੀ ਸਮਾਗਮ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖ਼ੜ ਨੇ ਅੱਜ ਕਈ ਪਾਸੇ ਨਿਸ਼ਾਨੇ ਸਾਧੇ ਅਤੇ ਆਪਣੇ ਮਨ ਦਾ ਕੁਝ ਗੁੱਭ ਗੁਭਾਟ ਕੱਢਦਿਆਂ ਦਿਲ ਵੀ ਹੌਲਾ ਕੀਤਾ।

ਉਹਨਾਂ ਨੇ ਬਿਨਾਂ ਕਿਸੇ ਦਾ ਨਾਂਅ ਲਏ ਕਿਹਾ ਕਿ ਕਾਂਗਰਸ ਦੇ ਅੰਦਰ ਰੁੱਸਣ ਮਨਾਉਣ ਦਾ ਦੌਰ ਚੱਲ ਰਿਹਾ ਹੈ। ਇਹ ਰੁੱਸਣ ਵਾਲੇ ਉਵੇਂ ਹੀ ਨੇ ਜਿਵੇਂ ਵਿਆਹ ਵਿੱਚ ਫੁੱਫੜ ਰੁੱਸ ਜਾਂਦੈ। ਉਵੇਂ ਹੀ ਇਹ ਕਾਂਗਰਸ ਦੇ ਫੁੱਫੜ ਨੇ।

ਪਿਛਲੇ ਦਿਨਾਂ ਦੇ ਕਾਂਗਰਸ ਦੇ ਅੰਦਰੂਨੀ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਸ੍ਰੀ ਜਾਖ਼ੜ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਤਮਾਸ਼ਾ ਬਣਾ ਰੱਖਿਆ ਸੀ…।

ਉਹਨਾਂ ਪਿਛਲੇ ਦਿਨਾਂ ਵਿੱਚ ਖ਼ੁਦ ਨੂੰ ਅਣਗੌਲਿਆਂ ਕੀਤੇ ਜਾਣ ਬਾਰੇ ਵੀ ਭੜਾਸ ਕੱਢੀ ਅਤੇ ਕਿਹਾ ਕਿ ਜਿਹੜੇ ਨਾਲ ਚੱਲਦੇ ਹਨ ਉਨ੍ਹਾਂ ਨੂੂੰ ਕੋਈ ਨਹੀਂ ਪੁੱਛਦਾ ਜਿਹੜੇ ਰੁੱਸ ਰੁੱਸ ਜਾਂਦੇ ਹਨ ਉਨ੍ਹਾਂ ਦੇ ਮਨਾਉਣ ਘਰ ਵੀ ਜਾ ਵੜਦੇ ਹਨ।

ਆਪਣੇ ਦਿਲ ਦਾ ਦਰਦ ਫ਼ਰੋਲਦਿਆਂ ਸ੍ਰੀ ਜਾਖ਼ੜਨੇ ਕਿਹਾ ਕਿ ਪਿਛਲੇ 2-3 ਮਹੀਨੇ ਵਿੱਚ ਉਨ੍ਹਾਂ ਨੂੰ ਚੰਗੇ ਮਾੜੇ ਦੀ ਪਹਿਚਾਣ ਹੋ ਗਈ ਹੈ ਅਤੇ ਇਹ ਵੀ ਪਤਾ ਲੱਗ ਗਿਆ ਹੈ ਕਿ ਕਿਨ੍ਹਾਂ ਕਿੰਨ੍ਹਾਂ ਨੇ ਕਿੱਥੇ ਕਿੱਥੇ ਤਾਰਾਂ ਜੋੜ ਰੱਖੀਆਂ ਸਨ। ਉਹਨਾਂ ਨਾਂਅ ਨਾ ਲਏ ਬਿਨਾ ਆਖ਼ਿਆ ਕਿ ਕਿਸੇ ਨੇ ਅਮਿਤ ਸ਼ਾਹ ਨਾਲ ਅਤੇ ਕਿਸੇ ਨੇ ਕੇਜਰੀਵਾਲ ਨਾਲ ਤਾਰਾਂ ਜੋੜ ਰੱਖੀਆਂ ਸਨ।

ਆਪਣੇ ਮੁੱਖ ਮੰਤਰੀ ਅਤੇ ਨਵੇਂ ਪ੍ਰਧਾਨ ਨੂੰ ਚੇਤੰਨ ਕਰਦਿਆਂ ਉਹਨਾਂ ਕਿਹਾ ਕਿ ਕਾਂਗਰਸ ਦੀ ਪੁਨਰਸੁਰਜੀਤੀ ਦਾ ਰਸਤਾ ਪੰਜਾਬ ਵਿੱਚੋਂ ਹੋ ਕੇ ਲੰਘਦਾ ਹੈ ਅਤੇ ਪੰਜਾਬ ਕਾਂਗਰਸ ਦੀ ਚੋਣਾਂ ਰਾਹੀਂ ਵਾਪਸੀ ਦਾ ਰਸਤਾ ਬਰਗਾੜੀ, ਕੋਟਕਪੂਰਾ ਅਤੇ ਬਹਿਬਲ ਕਲਾਂ ਤੋਂ ਹੋ ਕੇ ਜਾਂਦਾ ਹੈ। ਉਹਨਾਂ ਕਿਹਾ ਕਿ ਜਿੰਨ੍ਹਾਂ ਨੇ ਬੇਅਦਬੀਆਂ ਉਹਨਾਂ ਨੂੰ ਆਨੇ ਵਾਲੀ ਥਾਂ ਪੁਚਾਉਣਾ ਹੋਵੇਗਾ।

ਉਹਨਾਂ ਨੇ ਅਕਾਲੀਆਂ ’ਤੇ ਵਰ੍ਹਦੇ ਹੋਏ ਕਿਹਾ ਕਿ ਇਹਨਾਂ ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਤਕ ਵਿਛਾਏ ‘ਰੈੱਡ ਕਾਰਪੈਟ’ ਮਾਰ ਗਏ ਪਰ ਨਾਲ ਹੀ ਕਾਂਗਰਸ ’ਤੇ ਤੰਜ਼ ਕੱਸਦਿਆਂ ਉਹਨਾਂ ਕਿਹਾ ਕਿ ਸਾਡੀ ਕਾਂਗਰਸ ਨੂੰ ‘ਰੈਡ ਟੇਪ’ ਮਾਰ ਗਈ, ਅਫ਼ਸਰਸ਼ਾਹੀ ਲੈ ਕੇ ਬਹਿ ਗਈ।

ਉਹਨਾਂ ਨਾਲ ਹੀ ਕਿਹਾ ਅਜੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਤੇ ਜੇ ਇਕੱਠੇ ਹੋ ਕੇ ਨਿਕਲੀਏ ਤਾਂ ਜਿਨ੍ਹਾਂ ਅਫ਼ਸਰਾਂ ਨੇ ਕੰਮਾਂ ਵਿੱਚ ਅੜਚਨਾਂ ਪਾਈਆਂ ਉਹਨਾਂ ਦਾ ਧਿਆਨ ਕਰਨਾ ਪਵੇਗਾ।

ਉਹਨਾਂ ਇਹ ਵੀ ਆਖਿਆ ਕਿ ਸਾਡੀ ਸਰਕਾਰ ਨੇ ਕੰਮ ਤਾਂ ਬੜੇ ਕੀਤੇ ਪਰ ਅਸੀਂ ਇਹ ਗੱਲ ਲੋਕਾਂ ਤਕ ਪੁਚਾ ਨਹੀਂ ਸਕੇ। ਉਹਨਾਂ ਆਖ਼ਿਆ ਕਿ ਇਹ ਤਾਂ ਉਹੀ ਗੱਲ ਰਹੀ ਕਿ ਸੁਰਮਾ ਤਾਂ ਪਾ ਲਿਆ ਪਰ ਮਟਕਾਉਣਾ ਨਹੀਂ ਆਇਆ।

ਸ੍ਰੀ ਜਾਖ਼ੜ ਨੇ ਕਿਹਾ ਕਿ ਇਹ ਸਮਝਣ ਅਤੇ ਸਮਝਾਉਣ ਦੀ ਲੋੜ ਹੈਕਿ ਸਰਕਾਰ ਤੁਹਾਡੀ ਹੈ, ਬਾਬੂਆਂ ਦੀ ਨਹੀਂ। ਇਹ ਸੁਨੇਹਾ ਸਪਸ਼ਟ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਜਦ ਦੇ ਕਾਲੇ ਖ਼ੇਤੀ ਕਾਨੂੰਨ ਆਏ ਹਨ ਭਾਜਪਾ ਆਗੂਆਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ ਹੈ ਅਤੇ ਜੇ ਇਸ ਮੌਕੇ ਕੋਈ ਹੋਰ ਮੁੱਖ ਮੰਤਰੀ ਹੁੰਦਾ ਤਾਂ ਇਹ ਜਿਹੜੇ ਧਰਨੇ ਭਾਜਪਾ ਦੇ ਖਿਲਾਫ਼ ਲੱਗ ਰਹੇ ਹਨ, ਸਾਡੇ ਖਿਲਾਫ਼ ਲੱਗਣੇ ਸੀ, ਜੇ ਮੌਕਾ ਨਾ ਸੰਭਾਲਿਆ ਹੁੰਦਾ ਤਾਂ ਕਿਸਾਨਾਂ ਦਾ ਗੁੱਸਾ ਪੰਜਾਬ ਵਿੱਚ ਨਿਕਲਣਾ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION