ਅੱਜ-ਨਾਮਾ
ਕਰਿਆ ਕਿਸੇ ਪਰਵਾਸੀ ਨੇ ਫੋਨ ਏਧਰ,
ਕਹਿੰਦਾ ਚਾਹੀਦੀ ਸਾਨੂੰ ਸਲਾਹ ਮਿੱਤਰ।
ਲਾਉਣਾ ਚਾਹੁੰਦੇ ਹਾਂ ਗੇੜਾ ਪੰਜਾਬ ਵੰਨੀਂ,
ਸਾਕਦਾਰੀ ਵਿੱਚ ਕੋਈ ਵਿਆਹ ਮਿੱਤਰ।
ਐਜੀਟੇਸ਼ਨ ਕੋਈ ਚੱਲਦੀ ਸੁਣੀਦੀ ਆ,
ਕਹਿੰਦੇ ਰੁਕੇ ਨੇ ਕਈ ਥਾਂ ਰਾਹ ਮਿੱਤਰ।
ਸਾਨੂੰ ਦਿਓ ਸਲਾਹ ਕੋਈ ਅਕਲ ਵਾਲੀ,
ਉੱਡੇ ਸਾਡੇ ਤਾਂ ਪਏ ਹਨ ਸਾਹ ਮਿੱਤਰ।
ਮਿੱਤਰ ਕਹਿੰਦਾ ਪੰਜਾਬ ਤੋਂ ਕੀ ਕਹੀਏ,
ਸਾਨੂੰ ਆਪ ਨਹੀਂ ਸੁੱਝਦੀ ਗੱਲ ਮਿੱਤਰ।
ਚੰਗੀ ਰਾਏ ਕਿ ਐਤਕੀਂ ਆੳਣ ਨਾਲੋਂ,
ਸ਼ਗਨ ਓਥੋਂ ਹੀ ਛੱਡੋ ਜੀ ਘੱਲ ਮਿੱਤਰ।
-ਤੀਸ ਮਾਰ ਖਾਂ
ਦਸੰਬਰ 23, 2019