30.1 C
Delhi
Friday, April 26, 2024
spot_img
spot_img

‘ਆਪ’ ਨੇ ਸਿੱਧੂ ਨੂੰ ਦਿੱਤੀ ਸਿੱਧੀ ਚੁਣੌਤੀ: ਰਾਘਵ ਚੱਢਾਂ ਨੇ ਕਿਹਾ ਪੰਜਾਬ ਪੁਲਿਸ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਸੁਰੱਖ਼ਿਆ ਘੇਰਾ ਛੱਡਣ ਸਿੱਧੂ

ਯੈੱਸ ਪੰਜਾਬ
ਚੰਡੀਗੜ੍ਹ, 29 ਦਸੰਬਰ, 2021 –
ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਬੁੱਧਵਾਰ ਨੂੰ ਇੱਥੇ ਪਾਰਟੀ ਹੈੱਡਕੁਆਰਟਰ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਇਕ ਪ੍ਰੋਗਰਾਮ ਦੌਰਾਨ ਪੰਜਾਬ ਪੁਲਿਸ ਅਧਿਕਾਰੀਆਂ ‘ਤੇ ਕੀਤੀ ਟਿੱਪਣੀ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ, ਜਗਤਾਰ ਸਿੰਘ ਸੰਘੇੜਾ ਅਤੇ ਸਤੀਸ਼ ਸੈਣੀ ਵੀ ਹਾਜ਼ਰ ਸਨ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੀ ਚੰਨੀ ਸਰਕਾਰ, ਖਾਸ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਪੁਲਿਸ ਨੂੰ ਜ਼ਲੀਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਇੱਕ ਜਨਤਕ ਪ੍ਰੋਗਰਾਮ ਵਿੱਚ ਪੰਜਾਬ ਪੁਲੀਸ ਦੇ ਅਧਿਕਾਰੀਆਂ ਬਾਰੇ ਦਿੱਤਾ ਗਿਆ ਬਿਆਨ ਮੁਆਫ਼ੀ ਦੇ ਲਾਇਕ ਨਹੀਂ ਹੈ।

ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇਸ ਗੈਰ-ਜ਼ਿੰਮੇਵਾਰਾਨਾ ਬਿਆਨ ਦੀ ਸਖ਼ਤ ਨਿਖੇਧੀ ਕਰਦੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬੌਖਲਾ ਗਏ ਹਨ ਅਤੇ ਇਸ ਬੌਖਲਾਹਟ ਵਿੱਚ ਸਿੱਧੂ ਅਜਿਹੇ ਬਿਆਨ ਦੇ ਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਜ਼ਲੀਲ ਕਰ ਰਹੇ ਹਨ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਸਿਆਸੀ ਲੋਕ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਆਪਣੇ ਹੱਥਾਂ ਦਾ ਖਿਡੌਣਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ 70 ਹਜ਼ਾਰ ਦੇ ਲਗਪਗ ਅਧਿਕਾਰੀ, ਜੋ ਆਪਣਾ ਘਰ-ਬਾਰ ਛੱਡ ਕੇ ਸੂਬੇ ਦੇ ਲੋਕਾਂ ਦੀ ਸੁਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ, ਉਨ੍ਹਾਂ ਲਈ ਕਾਂਗਰਸ ਪ੍ਰਧਾਨ ਸਿੱਧੂ ਦਾ ਇਹ ਬਿਆਨ ਬਹੁਤ ਹੀ ਸ਼ਰਮਨਾਕ ਕਾਰਾ ਹੈ।

ਇਸ ਬਿਆਨ ਨਾਲ ਜਿੱਥੇ ਪੁਲਿਸ ਮੁਲਾਜ਼ਮਾਂ ਦਾ ਹੋਂਸਲਾ ਡਿੱਗਿਆ ਹੈ, ਉੱਥੇ ਹੀ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਕ ਮੈਂਬਰਾਂ ਦੇ ਹਿਰਦਿਆਂ ਤੇ ਵੀ ਡੂੰਘੀ ਸੱਟ ਵੱਜੀ ਹੈ। ਸਿੱਧੂ ਦੇ ਇਸ ਬਿਆਨ ਤੋਂ ਪੰਜਾਬ ਪੁਲਿਸ ਅਧਿਕਾਰੀਆਂ ਦੇ ਪਰਿਵਾਰਕ ਮੈਂਬਰ ਅਪਮਾਨਿਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਬਾਰੇ ਦਿੱਤੇ ਗਏ ਇਸ ਬਿਆਨ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਪੁਲਿਸ ਦੇ ਇਮਾਨਦਾਰ ਅਤੇ ਬਹਾਦਰ ਅਫ਼ਸਰਾਂ ਲਈ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਸਿੱਧੂ ਦੇ ਦਿਲਾਂ ਵਿੱਚ ਕੀ ਸਤਿਕਾਰ ਹੈ।

ਰਾਘਵ ਚੱਢਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਇਹ ਉਹੀ ਪੁਲਿਸ ਅਧਿਕਾਰੀ ਹੈ ਜੋ ਉਹਨਾਂ ਦੀ ਸੁਰੱਖਿਆ ਲਈ ਦਿਨ ਰਾਤ ਡਿਊਟੀ ‘ਤੇ ਰਹਿੰਦੇ ਹਨ। ਉਨ੍ਹਾਂ ਸਿੱਧੂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਪ੍ਰਤੀ ਅਜਿਹੀ ਸੋਚ ਹੈ ਤਾਂ ਉਹ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਸ ਕਰ ਦੇਣ। ਉਹਨਾਂ ਕਿਹਾ ਕਿ ਉਹ ਸਿਰਫ਼ ਇੱਕ ਦਿਨ ਬਿਨਾਂ ਸੁਰੱਖਿਆ ਦੇ ਘੁੰਮ ਕੇ ਦੇਖ ਲੈਣ, ਕੋਈ ਉਨ੍ਹਾਂ ਨੂੰ ਸਲਾਮ ਤੱਕ ਵੀ ਨਹੀਂ ਕਰੇਗਾ।

ਚੱਢਾ ਨੇ ਕਿਹਾ ਕਿ ਸਿੱਧੂ ਸ਼ਾਇਦ ਇਹ ਭੁੱਲ ਗਏ ਸਨ ਕਿ ਜਿਸ ਪ੍ਰੋਗਰਾਮ ਵਿੱਚ ਉਹ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ‘ਪਤਲੂਨ ਗਿੱਲੀ’ ਕਰਨ ਬਾਰੇ ਬਿਆਨਬਾਜ਼ੀ ਕਰਕੇ ‘ਤਾੜੀਆਂ ਠੋਕਣ’ ਦੀ ਗੱਲ ਕਰ ਰਹੇ ਸਨ, ਉੱਥੇ ਉਨ੍ਹਾਂ ਦੀ ਸੁਰੱਖਿਆ ਲਈ 100 ਦੇ ਕਰੀਬ ਪੁਲਿਸ ਸੁਰੱਖਿਆ ਮੁਲਾਜ਼ਮ ਵੀ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੇ ਦਿਲ ‘ਤੇ ਕੀ ਬੀਤੀ ਹੋਵੇਗੀ।

ਰਾਘਵ ਚੱਢਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਵਿੱਚ ਸਿਆਸੀ ਦਖ਼ਲਅੰਦਾਜ਼ੀ ਬੰਦ ਕਰੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਮਰਜ਼ੀ ਨਾਲ ਸੁਤੰਤਰਤਾ ਨਾਲ ਕੰਮ ਕਰਨ ਦੇਣ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਪੰਜਾਬ ‘ਚ ਪੁਲਿਸ ‘ਤੇ ਸਿਆਸੀ ਦਬਾਅ ਖਤਮ ਹੁੰਦਾ ਹੈ ਤਾਂ ਡਰੱਗ ਮਾਫੀਆ, ਟਰਾਂਸਪੋਰਟ ਮਾਫੀਆ ਅਤੇ ਕੇਬਲ ਮਾਫੀਆ ਆਦਿ ਨੂੰ ਇੱਕ ਚੁਟਕੀ ਵਿੱਚ ਨੱਥ ਪਾਈ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਪੁਲਿਸ ਦੇ ਕੰਮ ਵਿਚ ਇੰਨੀ ਜ਼ਿਆਦਾ ਸਿਆਸੀ ਦਖਲਅੰਦਾਜ਼ੀ ਹੈ ਕਿ ਪੰਜਾਬ ਦਾ ਵਿਧਾਇਕ ਇਹ ਫੈਸਲਾ ਕਰਦਾ ਹੈ ਕਿ ਕਿਸ ਦੇ ਖਿਲਾਫ ਜਾਂ ਕਿਸ ਦੇ ਨਾ ਖਿਲਾਫ ਪਰਚਾ ਦਰਜ ਕੀਤਾ ਜਾਵੇ ਅਤੇ ਥਾਣਿਆਂ ‘ਚ ਫੋਨ ਕਰਕੇ ਸਿੱਧੇ ਹੀ ਦਖਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪੁਲਿਸ ਮੁਲਾਜ਼ਮ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਹਨ, ਜਿਨ੍ਹਾਂ ਨੂੰ ਘਰ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਉਨ੍ਹਾਂ ਬਹਾਦਰ ਜਵਾਨਾਂ ਨੂੰ ਪੰਜਾਬ ਵਿੱਚ ਸਿਆਸੀ ਦਖ਼ਲਅੰਦਾਜ਼ੀ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਦੇ ਭੱਤੇ, ਤਨਖ਼ਾਹ ਅਤੇ ਹੋਰ ਸਹੂਲਤਾਂ ਵਧਾਉਣ ਦੇ ਨਾਲ-ਨਾਲ ਉਨ੍ਹਾਂ ਦੀ ਡਿਊਟੀ ਕਰਨ ਦਾ ਸਮਾਂ ਤੈਅ ਕਰਨ ‘ਤੇ ਵੀ ਵਿਚਾਰ ਕੀਤਾ ਜਾਵੇਗਾ।

ਚੱਢਾ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਪੁਲਿਸ ਪ੍ਰਸ਼ਾਸਨ ‘ਤੇ ਸਿਆਸੀ ਦਖ਼ਲਅੰਦਾਜ਼ੀ ਬੰਦ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਸੁਤੰਤਰ ਢੰਗ ਨਾਲ ਕੰਮ ਕਰਨ ਦਾ ਮਾਹੌਲ ਸਿਰਜਣਗੇ। ਪੰਜਾਬ ਪੁਲਿਸ ਸਿਰਫ਼ ਪੁਲਿਸਿੰਗ ਦਾ ਕੰਮ ਕਰੇਗੀ ਅਤੇ ਪੁਲਿਸ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ‘ਤੇ ਸਿਆਸੀ ਲੋਕਾਂ ਦੇ ਨਿੱਜੀ ਕਾਰਜ ਨਹੀਂ ਕਰਨ ਦਿੱਤੇ ਜਾਣਗੇ।

ਰਾਘਵ ਚੱਢਾ ਨੇ ਦੱਸਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਡਿਊਟੀ ‘ਤੇ ‘ਸ਼ਹੀਦ’ ਹੋਣ ਵਾਲੇ ਹਰੇਕ ਪੁਲਿਸ ਮੁਲਾਜ਼ਮ ਅਤੇ ਅਧਿਕਾਰੀ ਨੂੰ ਇਕ ਕਰੋੜ ਰੁਪਏ ਦੀ ਨਕਦ ਸਹਾਇਤਾ ਦਿੰਦੀ ਹੈ। ਪੰਜਾਬ ‘ਚ ਵੀ ‘ਆਪ’ ਸੁਪਰੀਮੋ ਕੇਰਜੀਵਾਲ ਨੇ ਸ਼ਹੀਦ ਜਵਾਨਾਂ ਨੂੰ ਇਹ ਸਨਮਾਨ ਦੇਣ ਦਾ ਐਲਾਨ ਕੀਤਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਟੁੱਟਦੀ ਨਜ਼ਰ ਆ ਰਹੀ ਹੈ। ਅੱਜ ਪਾਰਟੀ ਦੇ ਸੀਨੀਅਰ ਆਗੂ, ਵੱਡੇ ਵੱਡੇ ਮੰਤਰੀ ਆਦਿ ਕਾਂਗਰਸ ਪਾਰਟੀ ਛੱਡ ਕੇ ਹੋਰ ਪਾਰਟੀਆਂ ਵਿੱਚ ਜਾ ਰਹੇ ਹਨ। ਕਾਂਗਰਸ ਪਾਰਟੀ ਆਪਣੇ ਅੰਦਰੂਨੀ ਕਾਟੋ-ਕਲੇਸ਼ ਕਾਰਨ ਖ਼ਤਮ ਹੋਣ ਦੇ ਕੰਢੇ ‘ਤੇ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION