29.1 C
Delhi
Saturday, May 4, 2024
spot_img
spot_img

ਅਮਿਤ ਸ਼ਾਹ ਦੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਾਕਾਤ ਨੇ ਪੰਥਕ ਅਤੇ ਸਿਆਸੀ ਹਲਕਿਆਂ ਵਿੱਚ ਛੇੜੀ ਨਵੀਂ ਚਰਚਾ

ਯੈੱਸ ਪੰਜਾਬ
ਅੰਮ੍ਰਿਤਸਰ, 13 ਫ਼ਰਵਰੀ, 2022:
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਦੇਸ਼ ਦੇ ਗ੍ਰਹਿ ਮੰਤਰੀ ਜੋ ਐਤਵਾਰ ਨੂੰ ਪਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਾਸਤੇ ਪੰਜਾਬ ਪੁੱਜੇ ਸਨ, ਲੁਧਿਆਣਾ ਅਤੇ ਪਟਿਆਲਾ ਵਿੱਚ ਚੋਣ ਰੈਲੀਆਂ ਨੂੂੰ ਸੰਬੋਧਨ ਕਰਨ ਉਪਰੰਤ ਅੰਮ੍ਰਿਤਸਰ ਪੁੱਜੇ।

ਸ੍ਰੀ ਅਮਿਤ ਸ਼ਾਹ ਨੇ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਿਰ ਅਤੇ ਵਾਲਮੀਕ ਰਾਮ ਤੀਰਥ ਵਿਖ਼ੇ ਨਤਮਸਤਕ ਹੋਣ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਜਿਸ ਨੇ ਨਾ ਕੇਵਲ ਪੰਥਕ ਸਗੋਂ ਰਾਜ ਦੇ ਸਿਆਸੀ ਹਲਕਿਆਂ ਵਿੱਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ।

ਇਸ ਮੌਕੇ ਉਨ੍ਹਾਂ ਦੇ ਨਾਲ ਕੇਂਦਰੀ ਮੰਤਰੀ ਸ: ਹਰਦੀਪ ਸਿਘ ਪੁਰੀ, ਭਾਜਪਾ ਦੇ ਕੌਮੀ ਜਨਰਲ ਸਕੱਤਰ ਸ੍ਰੀ ਤਰੁਣ ਚੁੱਘ, ਭਾਜਪਾ ਆਗੂ ਸ: ਮਨਜਿੰਦਰ ਸਿੰਘ ਸਿਰਸਾ, ਸ: ਇਕਬਾਲ ਸਿੰਘ ਲਾਲਪੁਰਾ, ਸ੍ਰੀ ਸ਼ਵੇਤ ਮਲਿਕ, ਸ: ਰਜਿੰਦਰ ਮੋਹਨ ਸਿੰਘ ਛੀਨਾ ਆਦਿ ਆਗੂ ਹਾਜ਼ਰ ਸਨ।

ਇਸ ਦੌਰਾਨ ਖ਼ਬਰ ਇਹ ਵੀ ਹੈ ਕਿ ਸਿਰ ’ਤੇ ਦਸਤਾਰ ਸਜਾਈ ਸ੍ਰੀ ਹਰਮਿੰਦਰ ਸਾਹਿਬ ਅਤੇ ਸਕੀ ਅਕਾਲ ਤਖ਼ਤ ਵਿਖ਼ੇ ਪੁੱਜੇ ਸ੍ਰੀ ਅਮਿਤ ਸ਼ਾਹ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਇਕ ਲੰਬੀ ਬੰਦ ਕਮਰਾ ਮੀਟਿੰਗ ਵੀ ਹੋਈ।

ਇਹ ਖ਼ਬਰਾਂ ਆਮ ਹਨ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਸ੍ਰੀ ਅਮਿਤ ਸ਼ਾਹ ਦੇ ਸਾਹਮਣੇ ਦੇਸ਼ ਵਿਦੇਸ਼ ਦੇ ਕਈ ਅਹਿਮ ਲਟਕਦੇ ਸਿੱਖ ਮਸਲਿਆਂ ਅਤੇ ਮੰਗਾਂ ਦਾ ਜ਼ਿਕਰ ਕੀਤਾ ਹੈਅਤੇ ਇਨ੍ਹਾਂ ਨੂੰ ਹੱਲ ਕਰਨ ਲਈ ਵੀ ਕਿਹਾ ਹੈ।

ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਇਹ ਮੀਟਿੰਗ ਕੋਈ ਅਚਨਚੇਤ ਨਹੀਂ ਹੋਈ ਸਗੋਂ ਪਹਿਲਾਂ ਹੀ ਨਿਰਧਾਰਿਤ ਸੀ ਅਤੇ ਇਸ ਮੀਟਿੰਗ ਦੇ ਪ੍ਰੋਗਰਾਮ ਦੇ ਮੱਦੇਨਜ਼ਰ ਗਿਆਨੀ ਹਰਪ੍ਰੀਤ ਸਿੰਘ, ਜੋ ਤਲਵੰਡੀ ਸਾਬੋ ਵਿੱਚ ਸਨ, ਪਹਿਲਾਂ ਹੀ ਅਕਾਲ ਤਖ਼ਤ ਸਾਹਿਬ ਵਿਖ਼ੇ ਪੁੱਜੇ ਹੋਏ ਸਨ। ਕਿਹਾ ਜਾ ਰਿਹਾ ਹੈ ਕਿ ਇਹ ਮੀਟਿੰਗ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਅਕਾਲੀ ਨੇਤਾ, ਸ: ਮਨਜਿੰਦਰ ਸਿੰਘ ਸਿਰਸਾ, ਜੋ ਹੁਣ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ, ਦੀ ਪਹਿਲਕਦਮੀ ’ਤੇ ਹੋਈ ਹੈ।

ਪੰਜਾਬ ਦੀਆਂ ਤਾਜ਼ਾ ਚੋਣਾਂ ਦੌਰਾਨ ਭਾਜਪਾ ਅਤੇ ਅਕਾਲੀ ਦਲ ਦੇ ਆਹਮੋ ਸਾਹਮਣੇ ਹੁੰਦਿਆਂ ਸ੍ਰੀ ਅਮਿਤ ਸ਼ਾਹ ਦੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਮੁਲਕਾਤ ਨੂੰ ਪੰਥਕ ਅਤੇ ਸਿਆਸੀ ਹਲਕਿਆਂ ਵਿੱਚ ਗਹੁ ਨਾਲ ਵਾਚਿਆ ਜਾ ਰਿਹਾ ਹੈ ਅਤੇ ਇਸ ਦੇ ਕਈ ਸਿਆਸੀ ਮਤਲਬ ਕੱਢੇ ਜਾ ਰਹੇ ਹਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION