ਅੱਜ-ਨਾਮਾ

ਕਹਿ ਕੇ ਉੱਤਰ ਪ੍ਰਦੇਸ਼ ਨੂੰ ਬਣੂੰ ਉੱਤਮ,
ਡੂੰਘੇ ਛੱਪੜ ਵਿੱਚ ਦਿੱਤਾ ਹੈ ਸੁੱਟ ਬੇਲੀ।


ਜਿਹੜੀ ਪਾਰਟੀ ਦੇ ਹੱਥੀਂ ਰਾਜ ਆਉਂਦਾ,
ਪੈਂਦੀ ਲੋਕਾਂ ਨੂੰ ਰਹਿੰਦੀ ਕੜ-ਕੁੱਟ ਬੇਲੀ।


ਵੇਖ ਬੱਕਰੀਆਂ ਜਿੱਦਾਂ ਬਘਿਆੜ ਭੁੱਖਾ,
ਭੁੱਖ ਕੱਢਣ ਲਈ ਪੈਂਦਾ ਹੈ ਟੁੱਟ ਬੇਲੀ।


ਜੋ ਵੀ ਗੱਦੀ ਦੇ ਉੱਤੇ ਹੈ ਆਣ ਬਹਿੰਦਾ,
ਪਾਵੇ ਭੁੱਖੇ ਬਘਿਆੜ ਜਿਹੀ ਲੁੱਟ ਬੇਲੀ।


 ਜਿਹੜੀ ਇਨ੍ਹਾਂ ਤੋਂ ਕਸਰ, ਉਹ ਚੋਣ ਵੇਲੇ,
 ਡਾਕੂ ਚੰਬਲ ਦੇ ਕੱਢਣ ਲਈ ਆਏ ਬੇਲੀ।


 ਠੇਕਾ ਹਲਕੇ ਦਾ ਕਰ ਲਿਆ ਡਾਕੂਆਂ ਨੇ,
 ਨੁੱਕਰ ਵਿੱਚ ਪਏ ਵੋਟਰ ਨੇ ਲਾਏ ਬੇਲੀ।


     -ਤੀਸ ਮਾਰ ਖਾਂ

ਅੱਜ-ਨਾਮਾ

ਹਾਸੇ ਨਾਲ ਜੇ ਕਿਸੇ ਨੂੰ ਪੁੱਛ ਬਹੀਏ,
ਦੱਸ ਯਾਰਾ ਕੀ ਐਤਕੀਂ ਕਰੇਂਗਾ ਤੂੰ?


ਭੇਡਾਂ ਵਾਂਗ ਹੀ ਭੀੜ ਦਾ ਭਾਗ ਬਣ ਕੇ,
ਨਾਲ ਮਰਦਿਆਂ ਦੇ ਯਾਰਾ ਮਰੇਂਗਾ ਤੂੰ?


ਕਾਲਾ ਵੇਖ ਪ੍ਰਛਾਵਾਂ ਜਾਂ ਸਿਰ ਉੱਤੇ,
ਕਿਸੇ ਪਾਪ ਅਚਿੰਤੇ ਤੋਂ ਡਰੇਂਗਾ ਤੂੰ?


ਜਾਂ ਤੂੰ ਨੋਟਾਂ ਦੀ ਵੇਖ ਕੇ ਸੋਟ ਹੁੰਦੀ,
ਆਪੇ ਮਾਰ ਜ਼ਮੀਰ ਨੂੰ ਮਰੇਂਗਾ ਤੂੰ?


 ਅੱਗੋਂ ਕੱਖ ਵੀ ਕਹੇ ਨਾ, ਚੁੱਪ ਵੋਟਰ,
 ਕਦੀ ਜਾਪਦਾ ਨੋਟ ਹੀ ਗਿਣੀ ਜਾਂਦਾ।


 ਕਦੀ ਕੱਦ ਸਵਾਲਾਂ ਦਾ ਮਿਣੀ ਜਾਂਦਾ,
 ਕਦੇ ਭਵਨ ਭਵਿੱਖ ਦਾ ਚਿਣੀ ਜਾਂਦਾ।


     -ਤੀਸ ਮਾਰ ਖਾਂ

ਅੱਜ-ਨਾਮਾ

ਰਾਮਦੇਵ ਨਹੀਂ ਰਹਿੰਦਾ ਚਲਾਕੀਆਂ ਤੋਂ,
ਉੱਤੋਂ ਯੋਗੀ, ਸਿਆਸੀ ਹੈ ਜੜ੍ਹ ਮੀਆਂ।


ਟਿਕਦਾ ਆਪ ਨਹੀਂ ਕਿਸੇ ਅਸੂਲ ਉੱਪਰ,
ਛੱਡਦਾ ਕਸਰ ਨਹੀਂ ਮਾਰਦਾ ਫੜ੍ਹ ਮੀਆਂ।


ਉਂਜ ਯੋਗੀ, ਪਰ ਕਰੇ ਉਹ ਰਾਜਨੀਤੀ,
ਅੰਦਰ ਗਈ ਉਹ ਓਸ ਦੇ ਵੜ ਮੀਆਂ।


ਲੇਖਾ ਮਾਇਆ ਦਾ ਛੋਹ ਲਿਆ ਮੰਚ ਉੱਤੇ,
ਜਿਹੜਾ ਕੈਮਰੇ ਅੰਦਰ ਗਿਆ ਵੜ ਮੀਆਂ।


 
ਦੇਂਦਾ ਪਿਆ ਸਫਾਈਆਂ ਹੁਣ ਸਾਧ ਲਗਦਾ,
 
ਮਾਇਆ ਨਾਲ ਨਹੀਂ ਕੋਈ ਪਿਆਰ ਸਾਡਾ।


 
ਅਸੀਂ ਯੋਗੀ ਹਾਂ ਰਜ਼ਾ ਵਿੱਚ ਰਹਿਣ ਵਾਲੇ,
 
ਹੁੰਦਾ ਐਵੇਂ ਪਿਆ ਉਲਟ ਪਰਚਾਰ ਸਾਡਾ।


     -
ਤੀਸ ਮਾਰ ਖਾਂ

TB Banner3 2

Facebook

Twitter

LinkedId

Site by : BIGBASICS.COM