26.7 C
Delhi
Saturday, April 27, 2024
spot_img
spot_img

ਗੁਰੂ ਨਾਨਕ ਪਾਤਿਸ਼ਾਹ ਨੂੰ ਕਰਤਾਰਪੁਰ ਸਾਹਿਬ ਵਿੱਚ ਚਿਤਵਦਿਆਂ – ਗੁਰਭਜਨ ਗਿੱਲ ਦੀ ਕਲਮ ਤੋਂ

ਗੱਲ 2008 ਦੀ ਹੈ। ਮੈਂ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਕੌਰ ਅਮਰੀਕਾ ਕੈਨੇਡਾ ਗਏ ਹੋਏ ਸਾਂ। ਨਿਊਯਾਰਕ ਤੋਂ ਨਿੱਕੇ ਵੀਰ ਸ੍ਵਃ ਹਰਵਿੰਦਰ ਰਿਆੜ ਦਾ ਫੋਨ ਆਇਆ।

ਭਾ ਜੀ ਤੁਸੀਂ ਕੈਲੇਫੋਰਨੀਆ ਵਿੱਚ ਮੇਰੇ ਲਈ ਇੱਕ ਦਿਨ ਲਾਸ ਐਂਜਲਸ ਲਈ ਰਾਖਵਾਂ ਰੱਖਣਾ। ਮੈਂ ਵੀ ਆ ਰਿਹਾਂ। ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਮੀਟਿੰਗ ਹੈ ਲਾਸ ਐਂਜਲਸ ਨੇੜੇ ਸੈਨ ਬਰਡੀਨੋ ਵਿੱਚ ਰਛਪਾਲ ਸਿੰਘ ਢੀਂਡਸਾ ਦੇ ਘਰ। ਤੁਸੀਂ ਲਾਜ਼ਮੀ ਆਉਣਾ। ਯੂਨਾਈਟਿਡ ਸਿੱਖ ਮਿਸ਼ਨ ਇਸ ਕਾਰਜ ਨੂੰ ਅੱਗੇ ਵਧਾਉਣ ਵਿੱਚ ਤੁਹਾਡਾ ਸਾਥ ਚਾਹੁੰਦੀ ਹੈ।

ਮੈਨੂੰ ਯਾਦ ਆਇਆ ਬਚਪਨ ਵਿੱਚ ਅਕਸਰ ਜਦ ਕਦੀ ਡੇਰਾ ਬਾਬਾ ਨਾਨਕ ਜਾਂਦੇ ਸਾਂ ਤਾਂ ਦਰਬਾਰ ਸਾਹਿਬ ਦੀਆਂ ਬੁਰਜੀਆਂ ਤੇ ਚੜ੍ਹ ਕੇ ਅਕਸਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੂਰੋਂ ਹੀ ਕਰ ਲੈਂਦੇ ਸਾਂ। ਕਾਗ ਉਡਾਰੀ ਮੁਤਾਬਕ ਪੈਂਡਾ ਵੀ ਤਾਂ ਮੀਲੋਂ ਘੱਟ ਹੋਵੇਗਾ।

ਮੈਂ ਹਾਮੀ ਭਰ ਦਿੱਤੀ ਤੇ ਨਿਸ਼ਚਿਤ ਤਰੀਕ ਤੋਂ ਦੋ ਦਿਨ ਪਹਿਲਾਂ ਬੇਕਰਜ਼ਫੀਲਡ ਪਹੁੰਚ ਗਿਆ। ਪਿਆਰੇ ਮਿੱਤਰ ਅਜੀਤ ਸਿੰਘ ਭੱਠਲ ਤੇ ਪਰਮਜੀਤ ਦੋਸਾਂਝ ਸਮੇਤ ਸੱਜਣਾਂ ਪਿਆਰਿਆਂ ਨੂੰ ਮਿਲ ਕੇ ਪਿਆਰੇ ਪੁੱਤਰ ਗੁਰਦੀਪ ਸਿੰਘ ਢੀਂਡਸਾ ਨੂੰ ਨਾਲ ਲੈ ਕੇ ਅਸੀਂ ਦੋਵੇਂ ਜੀਅ ਸੈਨ ਬਰਡੀਨੋ ਨੂੰ ਚੱਲ ਪਏ।

ਜੂਨ ਦਾ ਮਹੀਨਾ ਸੀ। ਗਰਮੀ ਕਹਿਰਾਂ ਦੀ। ਮਹਾਵੀ ਲੰਘ ਕੇ ਕਾਰ ਦਾ ਪਹੀਆ ਪਾਟ ਗਿਆ। ਹਾਦਸਾ ਵੀ ਹੋਣੋਂ ਬਚਿਆ। ਪਹੀਆ ਬਦਲਦਿਆਂ ਬਾਹਰ ਸੇਕ ਬਾਲੂ ਰੇਤ ਵਾਂਗ ਕਹਿਰ ਤੇ ਸੀ। ਪੁੰਨੂੰ ਵਾਲੀ ਸੱਸੀ ਯਾਦ ਆਈ। ਹਾਸ਼ਮ ਬਾਬੇ ਦੇ ਬੋਲ ਚੇਤੇ ਆਏ।

ਬਾਲੂ ਰੇਤ ਤਪੇ ਵਿੱਚ ਥਲ ਦੇ
ਜਿਉਂ ਜੌਂ ਭੁੰਨਣ ਭਠਿਆਰੇ।
ਸੂਰਜ ਭੱਜ ਵੜਿਆ ਵਿੱਚ ਬੱਦਲੀ,
ਡਰਦਾ ਲਿਸ਼ਕ ਨਾ ਮਾਰੇ।
ਝੁਲਸ ਗਿਆ ਸਰੀਰ। ਧੰਨ ਗੁਰਦੀਪ ਜਿਸ ਪਹੀਆ ਬਦਲਿਆ।

ਮੀਟਿੰਗ ਸਥਾਨ ਤੇ ਕਰਤਾਰਪੁਰ ਸਾਹਿਬ ਲਾਂਘੇ ਲਈ ਉਤਸ਼ਾਹ ਦਾ ਹੜ੍ਹ ਸੀ। ਮੀਟਿੰਗ ਵਿੱਚ ਬਹੁਤ ਸੱਜਣ ਗੁਰਦਾਸਪੁਰੀਏ ਵੀ ਮਿਲੇ। ਪਰ ਸਭ ਤੋਂ ਵਡੇਰੀ ਉਮਰ ਦੇ ਬਜ਼ੁਰਗ ਡਾਃ ਤਰਲੋਕ ਸਿੰਘ ਸੰਧੂ ਜੀ ਨੂੰ ਮਿਲਣਾ ਮੇਰੇ ਲਈ ਪ੍ਰਾਪਤੀ ਵਾਂਗ ਸੀ। ਉਹ ਲੰਮਾ ਸਮਾਂ ਮੋਗਾ ਸਥਿਤ ਨੈਸਲੇ ਕੰਪਨੀ ਦੇ ਪਸਾਰ ਸੈਕਸ਼ਨ ਦੇ ਮੁਖੀ ਰਹੇ ਸਨ। ਇੱਕ ਪਾਸੇ ਵੇਰਕਾ ਦਾ ਪੂਰਾ ਸਹਿਕਾਰੀ ਤਾਣਾ ਬਾਣਾ ਤੇ ਦੂਜੇ ਪਾਸੇ ਡਾਃ ਸੰਧੂ। ਰੱਸਾਕਸ਼ੀ ਵਿੱਚ ਬੀਂਡੀ ਜੁੜੇ ਡਾਃ ਤਰਲੋਕ ਸਿੰਘ ਸੰਧੂ ਦੀ ਮਾਲਵੇ ਚ ਝੰਡੀ ਸੀ। ਲੋਕ ਹਿਤੂ ਨੀਤੀਆਂ ਕਾਰਪੋਰੇਟ ਤੋਂ ਲੈਣੀਆਂ ਤੇ ਲਾਗੂ ਕਰਵਾਉਣਾ ਖਾਲਾ ਜੀ ਦਾ ਵਾੜਾ ਨਹੀਂ ਜਨਾਬ! ਪਰ ਉਨ੍ਹਾਂ ਕੀਤਾ।

ਜਦ ਮੈਂ ਦਰਸ਼ਨ ਕੀਤੇ ਤਾਂ ਚਰਨ ਬੰਦਨਾ ਵੇਲੇ ਇਹੀ ਗੱਲਾਂ ਕਹੀਆਂ।

ਮੀਟਿੰਗ ਚ ਫ਼ੈਸਲਾ ਹੋਇਆ ਕਿ ਦੋਹਾਂ ਸਰਕਾਰਾਂ ਨਾਲ ਸੰਪਰਕ ਕਰਨ ਲਈ ਕਿਸੇ ਅਮਰੀਕਨ ਦੂਤ ਦੀ ਮਦਦ ਲਈ ਜਾਵੇ ਫੀਸ ਤਾਰ ਕੇ। ਪਹਿਲਾਂ ਵੀ ਗੱਲ ਚੱਲ ਰਹੀ ਸੀ ਇਸ ਪਾਸੇ।

ਪੰਜਾਬ ਸਰਕਾਰ ਨੂੰ ਵੀ ਮਤਾ ਪਾਸ ਕਰਨ ਲਈ ਬੇਨਤੀ ਕੀਤੀ ਜਾਵੇ। ਉਸੇ ਸਾਲ ਪੰਜਾਬ ਪਰਤ ਕੇ ਅਸਾਂ ਪਹਿਲਾਂ ਕੋਟਲਾ ਸ਼ਾਹੀਆ(ਗੁਰਦਾਸਪੁਰ) ਵਿਖੇ ਕਰਵਾਏ ਪ੍ਰੋਃ ਮੋਹਨ ਸਿੰਘ ਮੇਲੇ ਤੇ ਸਃ ਜਗਦੇਵ ਸਿੰਘ ਜੱਸੋਵਾਲ ਜੀ ਦੀ ਪ੍ਰਧਾਨਗੀ ਹੇਠ ਕਰਤਾਰਪੁਰ ਸਾਹਿਬ ਲਾਂਘੇ ਲਈ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ। ਪੰਜਾਬੀ ਲੇਖਕ ਡਾਃ ਅਨੂਪ ਸਿੰਘ ਨੂੰ ਇਹ ਮਤਾ ਪੜ੍ਹਨ ਦੀ ਸੇਵਾ ਸੌਂਪੀ ਗਈ। ਇਸ ਮੌਕੇ ਮੇਲੇ ਵਿੱਚ ਅਮਰੀਕਾ ਤੋਂ ਯੂਨਾਈਟਿਡ ਸਿੱਖ ਮਿਸ਼ਨ ਵੱਲੋ ਸਃ ਅਮਰ ਸਿੰਘ ਮੱਲ੍ਹੀ ਵੀ ਹਾਜ਼ਰ ਸਨ।

ਮੇਰਾ ਜੱਦੀ ਪਿੰਡ ਬਸੰਤਕੋਟ ਉਦੋਂ ਫ਼ਤਹਿਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਚ ਪੈਂਦਾ ਸੀ। ਸਾਡੇ ਵਿਧਾਇਕ ਸ੍ਵਃ ਸਃ ਨਿਰਮਲ ਸਿੰਘ ਕਾਹਲੋਂ ਪੰਜਾਬ ਅਸੈਂਬਲੀ ਦੇ ਸਪੀਕਰ ਸਨ। ਸਾਡੀ ਬੇਨਤੀ ਪ੍ਰਵਾਨ ਕਰਕੇ ਉਨ੍ਹਾਂ ਮੁੱਖ ਮੰਤਰੀ ਸਃ ਪਰਕਾਸ਼ ਸਿੰਘ ਬਾਦਲ ਦੀ ਸਹਿਮਤੀ ਲੈ ਕੇ ਕਰਤਾਰਪੁਰ ਸਾਹਿਬ ਲਾਂਘੇ ਲਈ ਵੀ ਮਤਾ ਪਾਸ ਕੀਤਾ।

ਸਾਲ 2012 ਵਿੱਚ ਜਦ ਮੈਂ ਮੁੜ ਅਮਰੀਕਾ ਗਿਆ ਤਾਂ ਉਦੋਂ ਤੀਕ ਅਮਰੀਕਾ ਦੇ ਯੂ ਐੱਨ ਓ ਵਿੱਚ ਪੱਕੇ ਪ੍ਰਤੀਨਿਧ ਰਹੇ ਜੌਹਨ ਮੈਕਡਾਨਲਡ ਰਾਹੀ ਇਹ ਸਰਵੇਖਣ ਦਸਤਾਵੇਜ਼ ਤਿਆਰ ਹੋ ਚੁਕਾ ਸੀ। ਇਸ ਨੂੰ ਲੋਕ ਅਰਪਿਤ ਕਰਨ ਲਈ ਜਰਸੀ ਸਿਟੀ ਦੇ ਇੱਕ ਵੱਡੇ ਹੋਟਲ ਵਿੱਚ ਜਿਹੜੇ ਪੰਜ ਬੰਦਿਆਂ ਨੇ ਇਸ ਦੀ ਮੂੰਹ ਵਿਖਾਲੀ ਕੀਤੀ, ਉਸ ਵਿੱਚ ਮੈਂ ਵੀ ਸ਼ਾਮਿਲ ਸਾਂ। ਚੰਗਾ ਲੱਗਾ ਇਹ ਮਾਣ ਲੈ ਕੇ। ਹਰਵਿੰਦਰ ਰਿਆੜ, ਰਛਪਾਲ ਸਿੰਘ ਢੀਂਡਸਾ, ਅਮਰ ਸਿੰਘ ਮੱਲ੍ਹੀ, ਗੁਰਚਰਨ ਸਿੰਘ ਵਿਸ਼ਵ ਬੈਂਕ, ਡਾਃ ਸੁਰਿੰਦਰ ਸਿੰਘ ਗਿੱਲ ਤੇ ਕਈ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ ਸਮਾਰੋਹ ਵਿੱਚ ਪ੍ਰਬੰਧਕ ਵਜੋਂ। ਸਃ ਰਛਪਾਲ ਸਿੰਘ ਢੀਂਡਸਾ ਦੀ ਪੇਸ਼ਕਸ਼ ਸੀ ਕਿ ਜੇ ਸਰਕਾਰਾਂ ਸਹਿਮਤੀ ਦੇਣ ਤਾਂ ਇਸ ਸੁਰੱਖਿਅਤ ਲਾਂਘੇ ਦਾ ਸਾਰਾ ਖ਼ਰਚ ਵੀ ਅਮਰੀਕਨ ਸਿੱਖ ਸੰਗਤਾਂ ਕਰਨਗੀਆਂ।

ਗੱਲਾਂ ਸੁਣ ਸੁਣਾ ਕੇ ਮੈਂ ਤੇ ਰਿਆੜ ਘਰ ਪਰਤ ਆਏ। ਮੈਂ ਉਸ ਕੋਲ ਹੀ ਹੁੰਦਾ ਸਾਂ ਬਹੁਤੀ ਵਾਰ। ਨੀਂਦ ਨਾ ਆਵੇ। ਮੈਂ ਤਾਂ ਡੇਰਾ ਬਾਬਾ ਨਾਨਕ ਤੁਰਿਆ ਫਿਰ ਰਿਹਾ ਸਾਂ। ਰਾਵੀ ਕੰਢੇ ਬੱਧੇ ਧੁੱਸੀ ਬੰਧ ਤੇ। ਕਾਨੇ ਕਾਹੀਆਂ ਵਿੱਚੋਂ ਦੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਬੁਰਜ ਵੇਖਣ ਲਈ ਤਾਂਘਦਾ।

ਤੀਸਰੇ ਦਿਨ ਮੇਰੀ ਕੈਲੇਫੋਰਨੀਆ ਲਈ ਫਲਾਈਟ ਸੀ। ਜਹਾਜ਼ ਨੇ ਲਗ ਪਗ ਪੰਜ ਘੰਟੇ ਉੱਡਣਾ ਸੀ। ਮੈਂ ਪੰਜ ਘੰਟੇ ਹੀ ਡੇਰਾ ਬਾਬਾ ਨਾਨਕ- ਕਰਤਾਰਪੁਰ ਸਾਹਿਹ ਵਿਚਕਾਰ ਹੀ ਸ਼ਟਲ ਵਾਂਗ ਘੁੰਮਦਾ ਰਿਹਾ।

ਗੁਰੂ ਨਾਨਕ ਪਾਤਿਸ਼ਾਹ ਨੂੰ ਚਿਤਵਦਿਆਂ। ਬਿਜਲੀ ਵਾਂਗ ਚੇਤਨਾ ਚਮਕੀ। ਗੁਰੂ ਨਾਨਕ ਪਾਤਿਸ਼ਾਹ ਕਰਤਾਰਪੁਰ ਸਾਹਿਬ ਦੇ ਖੇਤਾਂ ਚ ਹਲ਼ ਵਾਹੁੰਦੇ ਦਿਸੇ। ਮੇਰੇ ਮਿੱਤਰ ਸ੍ਵਃ ਚਿਤਰਕਾਰ ਤੇ ਕਵੀ ਗਾਜ਼ੀਨੰਗਲ ਦੇ ਜੰਮਪਲ ਸੁਖਵੰਤ ਦੀ ਪੇਂਟਿੰਗ ਯਾਦ ਆਈ। ਬਾਬਾ ਜੀ ਦੇ ਮੋਢੇ ਤੇ ਹਲ਼ ਹੈ। ਜੋਤਰਾ ਲਾਉਂਦੇ, ਫਲ੍ਹੇ ਗਾਹੁੰਦੇ, ਖੁਰਲੀਆਂ ਚ ਡੰਗਰ ਵੱਛੇ ਨੂੰ ਪੱਠੇ ਪਾਉਂਦੇ ਦਿਸੇ।
ਮੈਂ ਕਵਿਤਾ ਲਿਖਣੀ ਆਰੰਭੀ।

ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਵਿਸ਼ਵ ਪੰਜਾਬੀ ਸਾਹਿੱਤ ਅਕਾਡਮੀ ਕੈਲੇਫੋਰਨੀਆ ਦੀ ਮਿਲਪੀਟਸ ਵਿਖੇ ਹੋਈ ਕਾਨਫਰੰਸ ਵਿੱਚ ਇਹ ਕਵਿਤਾ ਮੈਂ ਪਹਿਲੀ ਵਾਰ ਸੁਣਾਈ। ਡਾਃ ਸੁਰਜੀਤ ਪਾਤਰ, ਵਰਿਆਮ ਸਿੰਘ ਸੰਧੂ, ਕੁਲਵਿੰਦਰ ਖ਼ਹਿਰਾ ਤੇ ਸੁਖਵਿੰਦਰ ਅੰਮ੍ਰਿਤ ਵੀ ਹਾਜ਼ਰ ਸਨ ਓਥੇ।

ਵਰਿਆਮ ਨੇ ਕਿਹਾ, ਤੇਰੇ ਵਾਲਾ ਬਾਬਾ ਵੀ ਕੱਲ੍ਹ ਰਾਤੀਂ ਮੈਨੂੰ ਵੀ ਦਰਸ਼ਨ ਦੇ ਗਿਆ ਸੀ। ਇੰਨ ਬਿੰਨ, ਜਿਵੇਂ ਤੂੰ ਕਿਹੈ।
ਅਸਲ ਚ ਸਾਰੇ ਪੰਜਾਬੀਆਂ ਦਾ ਗੁਰੂ ਬਾਬਾ ਨਾਮ ਜਪਣ ਦੇ ਨਾਲ ਨਾਲ ਕਿਰਤ ਕਰਨ ਦਾ ਉਪਦੇਸ਼ ਦੇਣ ਵਾਲਾ ਤੇ ਵੰਡਣ ਵਾਲਾ ਹੀ ਹੈ।

ਲੁਧਿਆਣਾ ਪਰਤ ਕੇ ਇਹ ਕਵਿਤਾ ਮੈਂ ਆਪਣੀ ਕਿਤਾਬ ਮਨ ਤੰਦੂਰ ਵਿੱਚ ਸ਼ਾਮਿਲ ਕੀਤੀ।

ਪੰਜ ਸਦੀਆਂ ਪਰਤ ਕੇ

ਡੇਰਾ ਬਾਬਾ ਨਾਨਕ ਸਰਹੱਦ ਤੇ ਖਲੋ ਕੇ

ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਖੇਤਾਂ ਨੂੰ ਵਾਹੁੰਦਾ, ਬੀਜਦਾ ਤੇ ਆਪ ਪਾਲਣਹਾਰ ਹੈ।
ਜਪਦਾ ਨਾ ਕੱਲ੍ਹੇ ਨਾਮ ਨੂੰ, ਹੱਥੀਂ ਵੀ ਕਰਦਾ ਕਾਰ ਹੈ।
ਗ਼ਰਜ਼ਮੰਦਾਂ ਵੰਡਦਾ ਅੰਨ ਦਾ ਭੰਡਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਕੱਢਦਾ ਸਿਆੜ੍ਹ ਫੇਰ ਖ਼ੁਦ, ਰੂਹਾਂ ‘ਚ ਬਾਣੀ ਕੇਰਦਾ।
ਮਾਲਾ ਨਾ ਕੱਲ੍ਹੀ ਘੁੰਮਦੀ, ਮਨ ਦੇ ਵੀ ਮਣਕੇ ਫੇਰਦਾ।
ਰਾਵੀ ਦੇ ਕੰਢੇ ਵਰਤਦਾ ਅਦਭੁਤ ਨਜ਼ਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਨਿਸ਼ਕਾਮ ਨਿਰਛਲ ਨੀਰ ਨੂੰ ਅੰਗਦ ਬਣਾਇਆ ਲਹਿਣਿਓਂ।
ਸੇਵਾ ਹੈ ਏਦਾਂ ਮੌਲਦੀ, ਮਿਲਦਾ ਬਿਨਾ ਕੁਝ ਕਹਿਣਿਓਂ।
ਬਿਨ ਬੋਲਿਆਂ ਸਭ ਜਾਣਦਾ, ਐਸਾ ਪਿਆਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਪੰਜ ਸਦੀਆਂ ਬਾਦ ਅੱਜ ਰਟਦੇ ਹਾਂ ਤੇਰੇ ਨਾਮ ਨੂੰ।
ਛੇੜਦਾ ਨਾ ਸੁਰ ਅੱਲਾਹੀ ਹੁਣ ਕੋਈ ਸੁਬਹ ਸ਼ਾਮ ਨੂੰ।
ਸੁਰਤਿ ਦਾ ਤਾਹੀਓਂ ਹੀ ਤਾਂ ਪੈਂਦਾ ਖਿਲਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਕਿਹੜਾ ਕਹੇ ਮਰਦਾਨਿਆਂ ਤੂੰ ਛੇੜ ਹੁਣ ਰਬਾਬ ਨੂੰ।
ਤਾਹੀਓਂ ਸਿਉਂਕ ਲੱਗ ਗਈ ਬਾਬਾ ਤੇਰੇ ਪੰਜਾਬ ਨੂੰ।
ਰੂਹਾਂ ਨੂੰ ਚੀਰੀ ਜਾ ਰਿਹਾ, ਭਟਕਣ ਦਾ ਆਰਾ ਦੇਖਿਆ।
ਕਿਰਤ ਦਾ ਕਰਤਾਰਪੁਰ…।

ਦੇ ਕੇ ਪੰਜਾਲੀ ਬੌਲਦਾਂ ਨੂੰ ਬਾਬਾ ਲਾਉਂਦਾ ਜੋਤਰਾ।
ਓਸ ਨੇ ਨਾ ਵੇਖਿਆ ਕਿਹੜਾ ਹੈ ਪੁੱਤ ਜਾਂ ਪੋਤਰਾ।
ਇਕ ਹੀ ਓਂਕਾਰ ਦਾ ਨੂਰੀ ਦੁਲਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਲੋਧੀ ਸਣੇ ਸੁਲਤਾਨਪੁਰ ਬਾਬੇ ਦੀ ਨਗਰੀ ਹੋ ਗਿਆ।
ਬੇਈਂ ‘ਚੋਂ ਉਚਰੇ ਸ਼ਬਦ ਦਾ ਭੀੜਾਂ ‘ਚ ਚਿਹਰਾ ਖੋ ਗਿਆ।
ਅੰਨ੍ਹੀ ਰੱਯਤ ਭਟਕਦੀ ਖ਼ੁਰਦਾ ਕਿਨਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਤੇਰੇ ਵਿਆਹ ਤੇ ਅੱਜ ਵੀ ਹਰ ਸਾਲ ਵਾਜੇ ਵੱਜਦੇ।
ਚੜ੍ਹਦੀ ਬਾਰਾਤ ਕੂੜ ਦੀ, ਬੱਦਲ ਸਿਆਸੀ ਗੱਜਦੇ।
ਪੇਕੇ ਸੁਲੱਖਣੀ ਮਾਤ ਦੇ ਇਹ ਵੀ ਮੈਂ ਕਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਪੌਣ ਗੁਰ, ਪਾਣੀ ਪਿਤਾ, ਧਰਤੀ ਨੂੰ ਮਾਤਾ ਕਹਿ ਗਿਆ।
ਤੇਜ਼ ਰਫ਼ਤਾਰੀ ‘ਚ ਹੁਣ ਉਪਦੇਸ਼ ਪਿੱਛੇ ਰਹਿ ਗਿਆ।
ਕਹਿਰ ਦਾ ਤਾਹੀਓਂ, ਦਿਨੇ ਚੜ੍ਹਿਆ ਸਿਤਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਸਿੱਧਾਂ ਨੇ ਚੋਲੇ ਪਹਿਨ ਕੇ ਤੇਰੀ ਹੀ ਬਾਣੀ ਰੱਟ ਲਈ।
ਅੱਚਲ ਵਟਾਲਾ ਛੱਡ ਕੇ, ਥਾਂ-ਥਾਂ ਚਲਾਉਂਦੇ ਹੱਟ ਕਈ।
ਭਰਮਾਂ ਦਾ ਭਾਂਡਾ ਭਰ ਗਿਆ, ‘ਗੋਸ਼ਟਿ’ ਵਿਚਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਹਾਲੇ ਕੰਧਾਰੀ ਵਲੀ ਦਾ ਹੰਕਾਰ ਨਹੀਓਂ ਟੁੱਟਿਆ।
ਅੱਜ ਵੀ ਉਹ ਪਾਣੀਆਂ ਤੇ ਕਰਨ ਕਬਜ਼ੇ ਜੁੱਟਿਆ।
‘ਤਰਕ’ ਦੀ ਛਾਤੀ ਤੇ ਮੁੜ ਪੱਥਰ ਮੈਂ ਭਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

ਮਲਿਕ ਭਾਗੋ ਅੱਜ ਵੀ, ਓਨਾਂ ਹੀ ਟੇਢਾ ਬੋਲਦਾ।
ਤੱਕੜੀ ਵਾਲਾ ਵੀ ਮੋਦੀ, ਘੱਟ ਸੌਦਾ ਤੋਲਦਾ।
ਉੱਡਦਾ ਅੰਬਰ ‘ਚ ਮੈਂ, ਫੂਕੀ ਗੁਬਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ…।

‘ਜਪੁਜੀ’ ਦੀ ਸਿਰਜਣ-ਭੂਮ ਦੇ ਚੇਤੇ ਨਿਰੰਤਰ ਡੰਗਦੇ।
ਤਾਹੀਓਂ ਹੀ ਤੇਰੇ ਪੁੱਤ ਅੱਜ ਰਾਵੀ ਤੋਂ ਲਾਂਘਾ ਮੰਗਦੇ।
ਪੂਰੀ ਕਰੀਂ ਅਰਦਾਸ ਤੂੰ, ਤੇਰਾ ਸਹਾਰਾ ਵੇਖਿਆ।
ਕਿਰਤ ਦਾ ਕਰਤਾਰਪੁਰ ਵੱਖਰਾ ਨਜ਼ਾਰਾ ਵੇਖਿਆ।

ਇਸ ਵਿੱਚ ਸਿਰਫ਼ ਏਨੀ ਕੁ ਹੀ ਤਬਦੀਲੀ ਕੀਤੀ
ਪੂਰੀ ਕਰੀਂ ਅਰਦਾਸ ਤੂੰ ਦੀ ਥਾਂ ਪੂਰੀ ਕਰੀ ਤੂੰ ਅਰਦਾਸ ਤੂੰ ਹੀ ਕੀਤਾ ਹੈ।

ਤੇ ਅੱਜ ਉਹ ਵੀ ਦਿਨ ਚੇਤੇ ਆ ਰਹੇ ਨੇ ਜਦ 2019 ਵਿੱਚ ਗੁਰੂ ਨਾਨਕ ਸਾਹਿਬ ਦੀ 550ਵੀਂ ਪ੍ਰਕਾਸ਼ ਸਾਲ ਗਿਰ੍ਹਾ ਸੀ। ਕਰਤਾਰਪੁਰ ਸਾਹਿਬ ਲਾਂਘਾ ਖੁੱਲ ਗਿਆ। ਉਦਘਾਟਨ ਵੇਲੇ ਮੈਂ ਵੀ ਸੰਗਤ ਚ ਹਾਜ਼ਰ ਹੋਇਆ।

ਕਰਤਾਰਪੁਰ ਸਾਹਿਬ ਜਾਣ ਵਾਲੇ ਕਾਫ਼ਲੇ ਵਿੱਚ ਸਾਡੇ ਵਰਗਿਆਂ ਨੂੰ ਕਿਸ ਸੁਲ੍ਹਾ ਮਾਰਨੀ ਸੀ। ਤਰਸਦੇ ਤਰਸਦੇ ਖੜ੍ਹੇ ਰਹੇ ਸਰਹੱਦ ਤੇ। ਇਸ ਦਿਨ ਦਾ ਭਾਰ ਅਜੇ ਵੀ ਰੂਹ ਤੇ ਹੈ। ਵਿਸ਼ਵਾਸ ਦੀ ਬੇ ਹੁਰਮਤੀ ਕਰਨ ਵਾਲੇ ਆਪਣੇ ਸਨ। ਚਲੋ! ਉਹ ਵੀ ਜਿਉਣ ਜਾਗਣ!

ਮੇਰੇ ਕਰਤਾਰਪੁਰ ਸਾਹਿਬ ਬਾਰੇ ਲਿਖੇ ਗੀਤ ਨੂੰ ਤਰਨ ਤਾਰਨ ਵਾਲੇ ਦਿਲਬਾਗ ਸਿੰਘ ਹੁੰਦਲ ਨੇ ਪ੍ਰੀਤ ਪੰਜਾਬੀ ਅੰਮ੍ਰਿਤਸਰ ਵਾਲੇ ਸੰਗੀਤਕਾਰ ਦੇ ਸੰਗੀਤ ਵਿੱਚ ਸੁਰਿੰਦਰ ਸ਼ਿੰਦਾ, ਜੱਸੀ, ਪਾਲੀ ਦੇਤਵਾਲੀਆ, ਸੁਰਜੀਤ ਭੁੱਲਰ ਸਮੇਤ ਤੇਰਾਂ ਗਾਇਕਾਂ ਤੋਂ ਰੀਕਾਰਡ ਕਰਵਾਇਆ।

ਅਮਰੀਕ ਸਿੰਘ ਗਾਜ਼ੀਨੰਗਲ ਨੇ ਵੀ ਇਸ ਨੂੰ ਕੁਲਜੀਤ ਸੰਗੀਤਕਾਰ ਜਲੰਧਰ ਵਾਲਿਆਂ ਦੀ ਨਿਰਦੇਸ਼ਨਾ ਹੇਠ ਰੀਕਾਰਡ ਕੀਤਾ ਹੈ।

ਪਿਛਲੇ ਸਾਲ 28 ਦਸੰਬਰ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਤਾ ਓਧਰੋਂ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਬਾਬਾ ਨਦੀਮ, ਬੁਸ਼ਰਾ ਨਾਜ਼, ਸਾਨੀਆ ਸ਼ੇਖ਼, ਮੁਨੀਰ ਹੋਸ਼ਿਆਰਪੁਰੀ, ਰੁਖ਼ਸਾਨਾ ਭੱਟੀ ਤੇ ਕਿੰਨੇ ਹੀ ਜੀਅ ਹੋਰ ਸਾਨੂੰ ਮਿਲਣ ਆਏ। ਵਿਦਵਾਨ ਪੁਰਖੇ ਅਹਸਾਨ ਬਾਜਵਾ, ਨਾਸਿਰ ਢਿੱਲੋਂ, ਭੁਪਿੰਦਰ ਸਿੰਘ ਲਵਲੀ ਤੇ ਵੱਕਾਸ ਹੈਦਰ ਵੀ ਪੰਜਾਬੀ ਲਹਿਰ ਚੈਨਲ ਵਾਲੇ। ਏਧਰੋਂਮੈਂ ਤੇ ਮੇਰੀ ਜੀਵਨ ਸਾਥਣ ਜਸਵਿੰਦਰ ਸਾਂ, ਸ੍ਵਃ ਡਾਃ ਸੁਲਤਾਨਾ ਬੇਗਮ, ਡਾਃ ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਿਜ ਜਲੰਧਰ ਤੇ ਪੰਜਾਬੀ ਸ਼ਾਇਰ ਮਨਜਿੰਦਰ ਧਨੋਆ। ਇਸ ਧਰਤੀ ਤੇ ਪਹਿਲੀ ਵਾਰ ਇੰਡੋ ਪਾਕਿ ਕਵੀ ਦਰਬਾਰ ਕੀਤਾ ਬਾਬੇ ਦੇ ਚਰਨਾਂ ਵਿੱਚ। ਗੁਰਦੁਆਰਾ ਸਾਹਿਬ ਚ ਬੈਠ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ। ਲੱਗਿਆ ਗੁਰੂ ਨਾਨਕ ਪਾਤਸ਼ਾਹ ਆਪਣੀ ਬਾਣੀ ਮੇਰੇ ਕੋਲੋਂ ਸੁਣ ਰਹੇ ਹਨ ਕਿ ਕਿਤੇ ਮੈਂ ਗਲਤ ਤਾਂ ਨਹੀਂ ਉਚਾਰ ਰਿਹਾ।

ਗੁਰੂ ਨਾਨਕ ਪ੍ਰਕਾਸ਼ ਮੌਕੇ ਇਹ ਗੱਲਾਂ ਚੇਤੇ ਆ ਗਈਆਂ ਸਨ। ਸੋਚਿਆ! ਤੁਹਾਨੂੰ ਵੀ ਸੁਣਾ ਦਿਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION