Sunday, October 27, 2024
spot_img
spot_img
spot_img

ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਸੁਰਜੀਤ ਹਾਕੀ ਸੋਸਾਇਟੀ ਨੂੰ 50 ਲੱਖ ਰੁਪਏ ਦੇਣ ਦਾ ਐਲਾਨ

ਯੈੱਸ ਪੰਜਾਬ
ਜਲੰਧਰ, ਅਕਤੂਬਰ 27, 2024:

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਖੇਡ ਸਭਿਆਚਾਰ ਨੂੰ ਹੇਠਲੇ ਪੱਧਰ ਤੱਕ ਹੋਰ ਮਜ਼ਬੂਤ ਬਣਾਉਣ ਲਈ ਕੀਤੇ ਜਾ ਰਹੇ ਸਰਗਰਮ ਯਤਨਾਂ ਸਦਕਾ ਪੰਜਾਬ ਦੇਸ਼ ਲਈ ਖੇਡਾਂ ਦੇ ਹੱਬ ਵਜੋਂ ਉਭਰ ਰਿਹਾ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਵਕਾਰੀ 41ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਵਲੋਂ ਪੰਜਾਬ ਦੇ ਖੇਡ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਫਾਈਨਲ ਮੈਚ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਟੀਮਾਂ ਦੇ ਵਿਚਕਾਰ ਖੇਡਿਆ ਗਿਆ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਵਲੋਂ ਪੰਜਾਬ ਦੇ ਗੌਰਵਮਈ ਖੇਡ ਸੱਭਿਆਚਾਰ ’ਤੇ ਚਾਨਣਾ ਪਾਉਂਦਿਆਂ ਖੇਡਾਂ ਨੂੰ ਸੂਬੇ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਅਤੇ ਖਾਸ ਕਰਕੇ ਉਹਨਾਂ ਖੇਡਾਂ ਦੀ ਸੰਭਾਲ ’ਤੇ ਜ਼ੋਰ ਦਿੱਤਾ ਗਿਆ, ਜੋ ਲੰਬੇ ਸਮੇਂ ਤੋਂ ਇਸ ਖੇਤਰ ਦੀ ਪਹਿਚਾਣ ਬਣੀਆਂ ਹੋਈਆਂ ਹਨ।

ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਪਹਿਲ ਕਦਮੀ ਤਹਿਤ ਕਰਵਾਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਹਰ ਉਮਰ ਵਰਗ ਦੇ ਖਿਡਾਰੀਆਂ ਵਲੋਂ ਸਰਗਰਮੀ ਨਾਲ ਸ਼ਮੂਲੀਅਤ ਕੀਤੀ ਗਈ, ਜਿਸ ਨੇ ਪੰਜਾਬ ਦੇ ਖੇਡਾਂ ਦੇ ਖੇਤਰ ਵਿੱਚ ਨਵਾਂ ਅਧਿਆਏ ਜੋੜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਖੇਡਾਂ ਨੂੰ ਜਿੰਦਗੀ ਦਾ ਅਨਿਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡ ਹਮੇਸ਼ਾਂ ਹੀ ਪੁਰਾਤਨ ਖੇਡਾਂ ਦੇ ਹਾਮੀ ਰਹੇ ਹਨ ਅਤੇ ਇਸ ਹੁਣ ਸਮਾਂ ਆ ਗਿਆ ਹੈ ਕਿ ਇਸ ਵਿਰਾਸਤ ਨੂੰ ਅੱਗੇ ਤੋਰੀਏ।

ਇਸ ਮੌਕੇ ਪੰਜਾਬ ਸਰਕਾਰ ਦੀ ਤਰਫੋਂ ਵਿੱਤ ਮੰਤਰੀ ਵਲੋਂ ਆਪਣੇ ਅਖ਼ਤਿਆਰੀ ਫੰਡ ਵਿਚੋਂ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਯਾਦ ਵਿੱਚ ਓਲੰਪੀਅਨ ਸੁਰਜੀਤ ਹਾਕੀ ਸੁਸਾਇਟੀ ਨੂੰ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨ ਅਤੇ ਭਵਿੱਖੀ ਹੁਨਰ ਨੂੰ ਤਰਾਸ਼ਣ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਸਵਰਗਵਾਸੀ ਸੁਰਜੀਤ ਸਿੰਘ ਵੀ 1975 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਸਨ। ਭਾਰਤੀ ਹਾਕੀ ਦੇ ਪ੍ਰਸਿੱਧ ਫੁੱਲਬੈਕ ਖਿਡਾਰੀ ਸੁਰਜੀਤ ਸਿੰਘ ਨਾਲ 7 ਜਨਵਰੀ 1984 ਨੂੰ ਵਾਪਰੇ ਸੜਕ ਦੁਖਾਂਤਕ ਹਾਦਸੇ ਵਿੱਚ ਇਸ ਦੁਨੀਆਂ ਤੋਂ ਸਦਾ ਲਈ ਤੁਰ ਗਏ ਸਨ। ਉਨ੍ਹਾਂ ਕਿਹਾ ਕਿ ਇਸ ਮਹਾਨ ਖਿਡਾਰੀ ਦੀ ਯਾਦ ਵਿੱਚ ਬਣੀ ਸੁਰਜੀਤ ਹਾਕੀ ਸੁਸਾਇਟੀ ਪਿਛਲੇ 41 ਸਾਲਾਂ ਤੋਂ ਹਾਕੀ ਖੇਡ ਦੀ ਸੇਵਾ ਕਰਦੀ ਆ ਰਹੀ ਹੈ, ਜਿਸ ਲਈ ਸੁਸਾਇਟੀ ਦੇ ਅਹੁਦੇਦਾਰ ਵਧਾਈ ਦੀ ਪਾਤਰ ਹਨ।

ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਨੇ ਇਸ ਵਾਰ ਪੈਰਿਸ ਓਲੰਪਿਕਸ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਇਸ ਟੀਮ ਵਿੱਚ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਸਨ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਰ ਹਾਕੀ ਖਿਡਾਰੀ ਨੂੰ 1-1 ਕਰੋੜ ਰੁਪਏ ਦਿੱਤਾ ਗਿਆ। ਇਸ ਤੋਂ ਇਲਾਵਾ ਪਿਛਲੇ ਸਮੇਂ ਵਿੱਚ 9 ਹਾਕੀ ਖਿਡਾਰੀਆਂ ਨੂੰ ਪੀ.ਸੀ.ਐਸ. ਤੇ ਡੀ.ਐਸ.ਪੀ. ਦੀ ਨੌਕਰੀ ਦਿੱਤੀ।

ਵਿੱਤ ਮੰਤਰੀ ਨੇ ਕਿਹਾ ਕਿ 1975 ਹਾਕੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਨੂੰ ਸਨਮਾਨਤ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਟੂਰਨਾਮੈਂਟ ਵਿੱਚ ਪਹੁੰਚ ਕੇ ਟੀਮ ਦੇ ਕਪਤਾਨ ਪਦਮ ਸ਼੍ਰੀ ਅਜੀਤ ਪਾਲ ਸਿੰਘ, ਬ੍ਰਿਗੇਡੀਅਰ ਹਰਚਰਨ ਸਿੰਘ, ਅਸ਼ੋਕ ਕੁਮਾਰ ਧਿਆਨ ਚੰਦ, ਅਸਲਮ ਸ਼ੇਰ ਖਾਨ, ਬੀਪੀ ਗੋਵਿੰਦਾ, ਐਚ ਜੇ ਐਸ ਚਿਮਨੀ, ਪੀ ਸੀ ਕਲਹੀਆ, ਓਂਕਾਰ ਸਿੰਘ ਤੇ ਲੈਜਲੀ ਫਰਨਾਂਡੇਜ਼ ਨੇ ਹਾਕੀ ਦਾ ਮਾਣ ਵਧਾਇਆ ਹੈ।

ਉਨ੍ਹਾਂ ਵਲੋਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ-ਪਹਿਚਾਣ ਵੀ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਵੀ ਕੀਤਾ ਗਿਆ।

ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਮੁੱਖ ਮਹਿਮਾਨ ਅਤੇ 1975 ਹਾਕੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਖਿਡਾਰੀਆਂ ਸਮੇਤ ਹਾਜ਼ਰੀਨ ਦਾ ਸਵਾਗਤ ਕੀਤਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਚੇਅਰਮੈਨ ਮਿਲਕਫ਼ੈਡ ਨਰਿੰਦਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਮੰਗਲ ਸਿੰਘ, ਸੀਨੀਅਰ ਆਪ ਲੀਡਰ ਦੀਪਕ ਬਾਲੀ, ਰਾਜਵਿੰਦਰ ਕੌਰ ਥਿਆੜਾ, ਪਵਨ ਕੁਮਾਰ ਟੀਨੂੰ, ਦਿਨੇਸ਼ ਢੱਲ, ਐਨ ਆਰ ਆਈ ਅਮੋਲਕ ਸਿੰਘ ਗਾਖਲ, ਸੋਸਾਇਟੀ ਦੇ ਹੋਰ ਅਹੁਦੇਦਾਰ ਅਤੇ ਭਾਰੀ ਗਿਣਤੀ ਵਿੱਚ ਖੇਡ ਪ੍ਰੇਮੀ ਸ਼ਾਮਿਲ ਸਨ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ