ਅੱਜ-ਨਾਮਾ
ਭ੍ਰਿਸ਼ਟਾਚਾਰ ਨੂੰ ਲੱਗ ਰਹੀ ਰੋਕ ਕੋਈ ਨਾ,
ਲਾਲਚੀ ਜਾਂਦੇ ਕਈ ਰੋਜ਼ ਆ ਫੜੇ ਮੀਆਂ।
ਪਹਿਲੇ ਹਾਲੇ ਅਦਾਲਤ ਵਿੱਚ ਪੇਸ਼ ਕਰਨੇ,
ਹੁੰਦੇ ਹਨ ਹੋਰ ਸ਼ਿਕੰਜੇ ਵਿੱਚ ਅੜੇ ਮੀਆਂ।
ਹੱਥੀਂ ਮਾਇਆ ਵੀ ਕਈ ਨਾ ਆਪ ਫੜਦੇ,
ਕਰਦੇ ਹਨ ਦੂਰ ਦਲਾਲ ਕੁਝ ਖੜੇ ਮੀਆਂ।
ਤਦ ਵੀ ਲੱਭਾ ਨਾ ਬਚਣ ਲਈ ਰਾਹ ਕੋਈ,
ਹੁੰਦੇ ਈ ਸੀਖਾਂ ਦੇ ਪਿੱਛੇ ਉਹ ਤੜੇ ਮੀਆਂ।
ਫਿਰ ਵੀ ਬਾਕੀ ਦੇ ਚੋਰ ਨਹੀਂ ਹੋਸ਼ ਕਰਦੇ,
ਲਾਲਚ ਏਹੋ ਜਿਹੀ ਮਾਰ ਦਏ ਮੱਤ ਮੀਆਂ।
ਖੁੱਸ ਜਾਏ ਨੌਕਰੀ, ਜੇਲ੍ਹ ਵੱਲ ਪਵੇ ਜਾਣਾ,
ਰੁਲੇ ਪਈ ਸਾਰੇ ਪਰਵਾਰ ਦੀ ਪੱਤ ਮੀਆਂ।
ਤੀਸ ਮਾਰ ਖਾਂ
24 ਅਗਸਤ, 2024