Friday, October 4, 2024
spot_img
spot_img
spot_img
spot_img
spot_img

ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ PAU ਨੂੰ ਚਾਰਿਆਂ ਦੇ ਖੇਤਰ ਵਿਚ ਸਰਵੋਤਮ ਕੇਂਦਰ ਦਾ ਪੁਰਸਕਾਰ ਦਿੱਤਾ

ਯੈੱਸ ਪੰਜਾਬ
ਲੁਧਿਆਣਾ, 7 ਅਗਸਤ, 2024

ਪੀ.ਏ.ਯੂ. ਵੱਲੋਂ ਹਰੇ ਚਾਰਿਆਂ ਦੀ ਖੋਜ ਅਤੇ ਕਿਸਮਾਂ ਦੇ ਵਿਕਾਸ ਕਾਰਜ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਨੇ ਯੂਨੀਵਰਸਿਟੀ ਨੂੰ ਚਾਰਾ ਫਸਲਾਂ ਬਾਰੇ ਸਰਵ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਤਹਿਤ ਸਰਵੋਤਮ ਚਾਰਾ ਖੋਜ ਕੇਂਦਰ ਦਾ ਐਵਾਰਡ ਅਤੇ ਪ੍ਰਸ਼ੰਸ਼ਾ ਪੱਤਰ ਹਾਸਲ ਹੋਇਆ। ਇਹ ਵੱਕਾਰੀ ਸਨਮਾਨ ਬੀਤੇ ਦਿਨੀਂ ਪ੍ਰੀਸ਼ਦ ਵੱਲੋਂ ਰਾਂਚੀ ਵਿਚ ਹੋਈ ਰਾਸ਼ਟਰੀ ਗਰੁੱਪ ਮੀਟ ਦੌਰਾਨ ਪ੍ਰਦਾਨ ਕੀਤਾ ਗਿਆ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਚਾਰਾ ਫ਼ਸਲਾਂ ਦੇ ਖੇਤਰ ਵਿਚ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਅਤੇ ਇਕਲੌਤੇ ਸਾਲ 2023-24 ਦੌਰਾਨ ਰਾਸ਼ਟਰੀ ਪੱਧਰ ਤੇ ਜਾਰੀ ਹੋਈਆਂ 7 ਕਿਸਮਾਂ ਦਾ ਜ਼ਿਕਰ ਕੀਤਾ।

ਇਹਨਾਂ ਵਿਚ ਬਾਜਰੇ ਦੀਆਂ 2 ਕਿਸਮਾਂ ਪੀ ਸੀ ਬੀ-166 ਅਤੇ ਪੀ ਸੀ ਬੀ-168, ਚਾਰਾ ਮੱਕੀ ਦੀ ਕਿਸਮ ਜੇ-1009, ਜਵੀ ਦੀਆਂ ਦੋ ਕਿਸਮਾਂ ਓ ਐੱਲ-1931 ਜੋ ਦੋਹਰੇ ਮੰਤਵ ਲਈ ਇਸਤੇਮਾਲ ਹੋ ਸਕਦੀ ਹੈ ਅਤੇ ਕਈ ਕਟਾਈਆਂ ਦੇਣ ਵਾਲੀ ਓ ਐੱਲ 1949 ਤੋਂ ਇਲਾਵਾ ਬਰਸੀਮ ਦੀ ਕਿਸਮ ਪੀ ਸੀ-114 (ਬੀ ਐੱਲ-48) ਅਤੇ ਲੂਸਣ ਦੀ ਕਿਸਮ ਐੱਲ ਐੱਲ ਸੀ-7 ਦਾ ਜ਼ਿਕਰ ਵਾਈਸ ਚਾਂਸਲਰ ਨੇ ਵਿਸ਼ੇਸ਼ ਤੌਰ ਤੇ ਕੀਤਾ।

ਡਾ. ਗੋਸਲ ਨੇ ਦੱਸਿਆ ਕਿ ਇਹਨਾਂ ਵਿੱਚੋਂ ਬਰਸੀਮ ਦੀ ਕਿਸਮ ਪੀ ਸੀ-114 (ਬੀ ਐੱਲ-48) ਨੂੰ ਭਾਰਤ ਦੇ ਉੱਤਰ ਪੱਛਮੀ ਹਿੱਸੇ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰਾਖੰਡ ਵਿਚ ਬਿਜਾਈ ਦੇ ਮੰਤਵ ਲਈ ਵਿਕਸਿਤ ਕੀਤਾ ਗਿਆ ਹੈ। ਇਹ ਤੇਜ਼ੀ ਨਾਲ ਵਧਣ ਵਾਲੀ ਕਿਸਮ ਹੈ ਜੋ ਪ੍ਰਤੀ ਹੈਕਟੇਅਰ 1200 ਕੁਇੰਟਲ ਤੱਕ ਚਾਰਾ ਪੈਦਾ ਕਰਨ ਦੇ ਸਮਰੱਥ ਹੈ।

ਇਸ ਵਿਚ ਪ੍ਰੋਟੀਨ ਦੀ ਮਾਤਰਾ 18.2 ਪ੍ਰਤੀਸ਼ਤ ਹੁੰਦੀ ਹੈ ਅਤੇ ਇਹ ਕਿਸਮ ਪਚਣਯੋਗ ਦੇ ਪੱਖੋਂ ਵੀ ਬਿਹਤਰੀਨ ਹੈ। ਨਾਲ ਹੀ ਬਰਸੀਮ ਦੀਆਂ ਪ੍ਰਚੱਲਤ ਬਿਮਾਰੀਆਂ ਜਿਵੇਂ ਤਣੇ ਦੇ ਗਾਲੇ ਦਾ ਸਾਹਮਣਾ ਕਰਨ ਦੇ ਮਾਮਲੇ ਵਿਚ ਵੀ ਇਹ ਕਿਸਮ ਦਰਮਿਆਨੀ ਯੋਗਤਾ ਵਾਲੀ ਹੈ।

ਇਸੇ ਤਰ੍ਹਾਂ ਲੂਸਣ ਦੀ ਕਿਸਮ ਐੱਲ ਐੱਲ ਸੀ-7 ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਨੂੰ ਧਿਆਨ ਵਿਚ ਰੱਖ ਕੇ ਵਿਕਸਿਤ ਕੀਤਾ ਗਿਆ ਹੈ। ਇਹ ਕਿਸਮ ਵਧੇਰੇ ਵਧਣ ਵਾਲੀ ਹੈ ਜਿਸਦਾ ਔਸਤਨ ਝਾੜ 995 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਆ ਸਕਦਾ ਹੈ। ਰਾਸ਼ਟਰੀ ਪੱਧਰ ਦੀਆਂ ਕਿਸਮਾਂ ਦੇ ਮੁਕਾਬਲੇ ਇਹ ਝਾੜ ਕਾਫੀ ਵੱਧ ਹੈ।

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਜਵੀ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਓ ਐੱਲ-1931 ਨੂੰ ਉੱਤਰ-ਪੂਰਬ ਭਾਰਤ ਜਿਸ ਵਿਚ ਅਸਾਮ, ਬਿਹਾਰ, ਉੜੀਸਾ, ਝਾੜਖੰਡ ਅਤੇ ਪੂਰਬੀ ਯੂ ਪੀ ਸ਼ਾਮਿਲ ਹੈ ਨੂੰ ਧਿਆਨ ਵਿਚ ਰੱਖ ਕੇ ਵਿਕਸਿਤ ਕੀਤਾ ਗਿਆ।

ਸੰਘਣੇ ਜਾੜ ਵਾਲੀ ਇਹ ਕਿਸਮ ਪ੍ਰਤੀ ਹੈਕਟੇਅਰ 387 ਕੁਇੰਟਲ ਤੱਕ ਚਾਰਾ ਦੇਣ ਦੇ ਸਮਰੱਥ ਹੈ। ਰਾਸ਼ਟਰੀ ਪੱਧਰ ਦੀਆਂ ਕਿਸਮਾਂ ਯੂ ਪੀ ਓ-212 ਅਤੇ ਜੀ ਐੱਚ ਓ-822 ਨਾਲੋਂ ਇਹ ਝਾੜ ਕ੍ਰਮਵਾਰ 9.2 ਅਤੇ 10.2 ਪ੍ਰਤੀਸ਼ਤ ਵਧੇਰੇ ਹੁੰਦਾ ਹੈ। ਕਰੂਡ ਪ੍ਰੋਟੀਨ ਦੇ ਪੱਖ ਤੋਂ ਇਹ ਕਿਸਮ ਚਾਰੇ ਦੀ ਉੱਤਮ ਗੁਣਵੱਤਾ ਦੀ ਧਾਰਨੀ ਹੈ।

ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਓ ਐੱਲ-1949 ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਕਿਸਮ ਨੂੰ ਭਾਰਤ ਦੇ ਪਹਾੜੀ ਖੇਤਰਾਂ ਜਿਵੇਂ ਹਿਮਾਚਲ ਤੇ ਜੰਮੂ ਅਤੇ ਕਸ਼ਮੀਰ ਦੀਆਂ ਸਥਿਤੀਆਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਹ ਉੱਚੇ ਝਾੜ ਵਾਲੀ ਕਈ ਕਟਾਈਆਂ ਦੇਣ ਯੋਗ ਕਿਸਮ ਹੈ। ਰਾਸ਼ਟਰੀ ਪੱਧਰ ਤੇ ਪ੍ਰਮਾਣਿਤ ਕਿਸਮਾਂ ਯੂ ਪੀ ਓ-212 ਅਤੇ ਆਰ ਓ-19 ਦੇ ਮੁਕਾਬਲੇ ਇਸ ਕਿਸਮ ਦਾ ਝਾੜ ਕ੍ਰਮਵਾਰ 8.9 ਅਤੇ 4.2 ਪ੍ਰਤੀਸ਼ਤ ਵੱਧ ਆਉਂਦਾ ਹੈ। ਇਹ ਕਿਸਮ ਪ੍ਰਤੀ ਹੈਕਟੇਅਰ 274 ਕੁਇੰਟਲ ਚਾਰਾ ਦੇਣ ਦੇ ਸਮਰੱਥ ਹੈ।

ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵਰਿੰਦਰ ਸਿੰਘ ਸੋਹੂ ਨੇ ਦੱਸਿਆ ਕਿ ਚਾਰਾ ਫਸਲ ਸੁਰੱਖਿਆ ਦੇ ਖੇਤਰ ਵਿਚ ਅਗਵਾਈ ਲਈ ਡਾ. ਅਸ਼ਲੇਸ਼ਾ ਨੂੰ ਪ੍ਰਸ਼ੰਸ਼ਾ ਪੱਤਰ ਨਾਲ ਨਿਵਾਜਿਆ ਗਿਆ। ਇਸ ਟੀਮ ਦੇ ਹੋਰ ਮੈਂਬਰਾਂ ਡਾ. ਮੀਨਾਕਸ਼ੀ ਗੋਇਲ, ਡਾ. ਰਾਹੁਲ ਕਪੂਰ ਅਤੇ ਡਾ. ਦਵਿੰਦਰਪਾਲ ਸਿੰਘ ਨੂੰ ਵੀ ਜਵੀ ਅਤੇ ਬਰਸੀਮ ਦੀਆਂ ਕਿਸਮਾਂ ਦੇ ਵਿਕਾਸ ਲਈ ਪ੍ਰਸ਼ੰਸ਼ਾ ਪੱਤਰ ਦਿੱਤੇ ਗਏ।

ਵਾਈਸ ਚਾਂਸਲਰ ਨੇ ਚਾਰਾ ਅਤੇ ਮੋਟੇ ਅਨਾਜਾਂ ਦੇ ਖੇਤਰ ਵਿਚ ਕੰਮ ਕਰ ਰਹੀ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੀ ਟੀਮ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਇਸ ਟੀਮ ਦੀ ਅਗਵਾਈ ਡਾ. ਆਰ ਐੱਸ ਸੋਹੂ ਨੇ ਕੀਤੀ। ਹੋਰ ਮੈਂਬਰਾਂ ਵਿਚ ਡਾ. ਰਾਹੁਲ ਕਪੂਰ, ਡਾ. ਰੁਚਿਕਾ ਭਾਰਦਵਾਜ, ਡਾ. ਦਵਿੰਦਰਪਾਲ ਸਿੰਘ, ਡਾ. ਹਰਪ੍ਰੀਤ ਕੌਰ ਚੀਮਾ, ਡਾ. ਮੀਨਾਕਸ਼ੀ ਗੋਇਲ, ਡਾ. ਮਨਿੰਦਰ ਕੌਰ, ਡਾ. ਅਸ਼ਲੇਸ਼ਾ, ਡਾ. ਹਰਪ੍ਰੀਤ ਕੌਰ ਓਬਰਾਏ, ਡਾ. ਰਣਜੀਤ ਸਿੰਘ ਅਤੇ ਡਾ. ਰਵੀ ਪ੍ਰਕਾਸ਼ ਪਾਲ ਦੇ ਯੋਗਦਾਨ ਦੀ ਵੀ ਭਰਪੂਰ ਪ੍ਰਸ਼ੰਸ਼ਾ ਕੀਤੀ ਗਈ।

ਅਹਿਮ ਖ਼ਬਰਾਂ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img
spot_img
spot_img

ਅੱਜ ਨਾਮਾ – ਤੀਸ ਮਾਰ ਖ਼ਾਂ