Wednesday, December 25, 2024
spot_img
spot_img
spot_img

ਬਰਲਟਨ ਪਾਰਕ ਨੂੰ ਸਪੋਰਟਸ ਹੱਬ ਵਜੋਂ ਵਿਕਸਿਤ ਕਰਨ ਲਈ ਜਲੰਧਰ ਪ੍ਰਸਾਸ਼ਨ ਵਚਨਬੱਧ: DC ਹਿਮਾਂਸ਼ੂ ਅਗਰਵਾਲ

ਯੈੱਸ ਪੰਜਾਬ
ਜਲੰਧਰ, 5 ਨਵੰਬਰ, 2024

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸ਼ਹਿਰ ਦੇ ਬਰਲਟਨ ਪਾਰਕ ਨੂੰ ਸਪੋਰਟਸ ਹੱਬ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਮੰਤਵ ਲਈ ਸ਼ੁਰੂ ਕੀਤੇ ਪ੍ਰੋਜੈਕਟ ਜਲਦੀ ਮੁਕੰਮਲ ਕੀਤੇ ਜਾਣਗੇ। ਉਹ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਸਮੇਤ ਬਰਲਟਨ ਪਾਰਕ ਦਾ ਦੌਰਾ ਕਰ ਰਹੇ ਸਨ ਅਤੇ ਇਸ ਮੌਕੇ ਉਨ੍ਹਾਂ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਨਗਰ ਨਿਗਮ, ਪੀ.ਡਬਲਯੂ.ਡੀ. ਅਤੇ ਬਾਗਬਾਨੀ ਵਿਭਾਗ ਨੂੰ ਇਸ ਸਪੋਰਟਸ ਸੈਂਟਰ ਨੂੰ ਹੋਰ ਵਿਕਸਿਤ ਕਰਨ ਲਈ ਵਿਆਪਕ ਵਿਕਾਸ ਪ੍ਰਾਜੈਕਟ ਚਲਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਕ੍ਰਿਕਟ ਸਟੇਡੀਅਮ ਵਿਖੇ ਪਵੇਲੀਅਨ, ਲਾਕਰ ਰੂਮਸ, ਚੈਂਜਿੰਗ ਰੂਮਜ਼ ਅਤੇ ਵਾਸ਼ਰੂਮਾਂ ਦੀ ਉਸਾਰੀ ਜਨਵਰੀ 2025 ਤੱਕ ਮੁਕੰਮਲ ਕੀਤੀ ਜਾਵੇ।

ਡਾ. ਅਗਰਵਾਲ ਨੇ 65 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆ ਠੇਕੇਦਾਰ ਨੂੰ ਨਿਰਧਾਰਤ ਸਮੇਂ ਦੇ ਅੰਦਰ ਵਿਕਾਸ ਪ੍ਰਾਜੈਕਟ ਮੁਕੰਮਲ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਵਿਅਕਤੀਗਤ ਤੌਰ ’ਤੇ ਰੋਜ਼ਾਨਾ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨਗੇ।

ਡਾ. ਅਗਰਵਾਲ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪ੍ਰੈਕਟਿਸ ਨੈੱਟ ਵਾਲੀ ਜਗ੍ਹਾ ’ਤੇ ਫਲੱਡ ਲਾਈਟਾਂ ਲਗਾਉਣ ਲਈ ਤਜਵੀਜ਼ ਤਿਆਰ ਕਰਨ ਲਈ ਕਿਹਾ, ਤਾਂ ਜੋ ਖਿਡਾਰੀ ਰਾਤ ਸਮੇਂ ਵੀ ਸਿਖ਼ਲਾਈ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਇਹ ਲਾਈਟਾਂ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਿੱਚ ਮਦਦਗਾਰ ਸਾਬਤ ਹੋਣਗੀਆਂ। ਮੌਕੇ ’ਤੇ ਨੌਜਵਾਨ ਮਹਿਲਾ ਕ੍ਰਿਕਟ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਦੇਸ਼ ਦੀ ਨੁਮਾਇੰਦਗੀ ਕਰਨ ਲਈ ਉਤਸ਼ਾਹਿਤ ਕੀਤਾ।

ਨਿਰੀਖਣ ਦੌਰਾਨ ਡਾ. ਅਗਰਵਾਲ ਨੇ ਸਟੇਡੀਅਮ ਨੇੜੇ ਕੂੜੇ ਦੇ ਢੇਰ ਦਾ ਨੋਟਿਸ ਲੈਂਦਿਆਂ ਨਗਰ ਨਿਗਮ ਨੂੰ ਇਸ ਨੂੰ ਤੁਰੰਤ ਸਾਫ਼ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਪਾਰਕ ਦੇ ਅੰਦਰ ਸਾਫ਼-ਸਫ਼ਾਈ ਤੇ ਹਰਿਆਲੀ ਰੱਖਣ, ਵਧੀਆਂ ਹੋਈਆਂ ਝਾੜੀਆਂ ਹਟਾਉਣ, ਰੌਸ਼ਨੀ ਲਈ ਢੁੱਕਵੇਂ ਪ੍ਰਬੰਧ, ਸੜਕਾਂ ਅਤੇ ਚਾਰਦੀਵਾਰੀ ਮੁਕੰਮਲ ਕਰਨ ਦੇ ਨਿਰਦੇਸ਼ ਵੀ ਦਿੱਤੇ।

ਬਰਲਟਨ ਪਾਰਕ ਨੂੰ ਸ਼ਹਿਰ ਵਿੱਚ ਖਿੱਚ ਦੇ ਕੇਂਦਰ ਵਜੋਂ ਵਿਕਸਤ ਕਰਨ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਬਾਗਬਾਨੀ ਵਿਭਾਗ ਨੂੰ ਨਗਰ ਨਿਗਮ ਦੇ ਨਾਲ ਤਾਲਮੇਲ ਕਰਕੇ ਬੂਟੇ ਆਦਿ ਲਗਾਕੇ ਪਾਰਕ ਦੀ ਸੁੰਦਰਤਾ ਨੂੰ ਹੋਰ ਵਧਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨਗਰ ਨਿਗਮ ਨੂੰ ਪਾਰਕ ਨੂੰ ਹੋਰ ਖੂਬਸੂਰਤ ਦਿੱਖ ਪ੍ਰਦਾਨ ਕਰਨ ਲਈ ਪਾਰਕ ਅੰਦਰ ਪ੍ਰਮੁੱਖ ਥਾਵਾਂ ’ਤੇ ਆਕਰਸ਼ਕ ਗ੍ਰਾਫਟੀਆਂ ਬਣਾਉਣ ਲਈ ਵੀ ਕਿਹਾ। ਇਸ ਤੋਂ ਇਲਾਵਾ ਬਰਲਟਨ ਪਾਰਕ ਨੂੰ ਜਲੰਧਰ ਵਾਸੀਆਂ ਲਈ ਪ੍ਰਮੁੱਖ ਸਪੋਰਟਸ ਸੈਂਟਰ ਬਣਾਉਣ ਲਈ ਡਿਪਟੀ ਕਮਿਸ਼ਨਰ ਨੇ ਇਸ ਦੇ ਰੱਖ-ਰਖਾਅ ਸਬੰਧੀ ਕਾਰਜਾਂ ਲਈ ਸਮਰਪਿਤ ਟੀਮ ਤਾਇਨਾਤ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ