Saturday, December 21, 2024
spot_img
spot_img
spot_img

ਪੰਜਾਬ ਰਾਜ ਭਵਨ ਵੱਲੋਂ ਐਨ.ਈ.ਪੀ. 2020 ‘ਤੇ ਵਾਈਸ-ਚਾਂਸਲਰਜ਼ ਕਾਨਫਰੰਸ ਦਾ ਆਯੋਜਨ

ਯੈੱਸ ਪੰਜਾਬ
ਚੰਡੀਗੜ੍ਹ, 10 ਅਕਤੂਬਰ, 2024

ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਪੰਜਾਬ ਰਾਜ ਭਵਨ ਵਿਖੇ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) 2020 ‘ਤੇ ਦੋ ਰੋਜ਼ਾ ਵਾਈਸ ਚਾਂਸਲਰ ਕਾਨਫਰੰਸ ਦਾ ਉਦਘਾਟਨ ਕੀਤਾ।

ਆਪਣੇ ਉਦਘਾਟਨੀ ਸੰਬੋਧਨ ਵਿੱਚ, ਪੰਜਾਬ ਦੇ ਰਾਜਪਾਲ ਨੇ ਸੁਚੱਜੇ ਵਿਦਿਅਕ ਢਾਂਚੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜੋ ਵਿਦਿਆਰਥੀਆਂ ਨੂੰ ਸਮਕਾਲੀ ਹੁਨਰਾਂ ਨਾਲ ਨਿਪੁੰਨ ਕਰਦੇ ਹੋਏ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਸਨਮਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਨੂੰ ਸਾਡੀਆਂ ਪੁਰਾਤਨ ਪਰੰਪਰਾਵਾਂ ਅਤੇ ਅਧੁਨਿਕ ਤਕਨੀਕੀ ਦਰਮਿਆਨ ਇਕਸਾਰਤਾ ਪੈਦਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਦਰਸਾਇਆ ਕਿ ਕਿਵੇਂ ਇਹ ਪਹੁੰਚ ਸੱਭਿਆਚਾਰਕ ਕਦਰਾਂ-ਕੀਮਤਾਂ ਅਤੇ ਆਧੁਨਿਕ ਯੋਗਤਾਵਾਂ ਵਿੱਚ ਨਿਪੁੰਨ ਵਿਅਕਤੀਆਂ ਨੂੰ ਉਤਸ਼ਾਹਿਤ ਕਰਦੀ ਹੈ।

ਪੰਜਾਬ ਦੇ ਰਾਜਪਾਲ ਨੇ ਕੁਝ ਹੋਰ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਉੱਚ ਮਿਆਰਾਂ ਅਤੇ ਤਰੱਕੀ ਦੀ ਸ਼ਲਾਘਾ ਕੀਤੀ।

ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਐਨ.ਈ.ਪੀ. 2020 ਸਾਰਥਕ ਵਿਦਿਅਕ ਨਤੀਜਿਆਂ ਵਿੱਚ ਵਾਧਾ ਕਰਨ, ਸੰਸਥਾਵਾਂ ਨੂੰ ਹੁਨਰਾਂ ਦੀ ਪਛਾਣ ਕਰਨ, ਭਾਸ਼ਾ ਦੀ ਸ਼ਮੂਲੀਅਤ, ਅਤੇ ਬਿਹਤਰ ਅਧਿਆਪਕਾਂ ਦੀ ਚੋਣ ਸਬੰਧੀ ਇੱਕ ਬਿਹਤਰ ਢਾਂਚਾ ਪੇਸ਼ ਕਰਦੀ ਹੈ। ਰਾਜਪਾਲ ਨੇ ਕਿਹਾ ਕਿ ਪੰਜਾਬ ਨੂੰ ਅਜਿਹੀ ਪ੍ਰਣਾਲੀ ਦਾ ਸਮਰਥਨ ਕਰਕੇ ਆਪਣੀ ਸਿੱਖਿਆ ਦੇ ਖੇਤਰ ਵਿੱਚ ਆਪਣੀ ਮੋਹਰੀ ਭੂਮਿਕਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਜੋ ਵਿਅਕਤੀਗਤ ਹੁਨਰਾਂ ਦਾ ਸਨਮਾਨ ਕਰਦੀ ਹੈ, ਭਾਸ਼ਾ ਦੇ ਪਾੜੇ ਨੂੰ ਪੂਰਦੀ ਹੈ ਅਤੇ ਸੰਸਥਾਗਤ ਵਿਕਾਸ ਨੂੰ ਯਕੀਨੀ ਬਣਾਉਂਦੀ ਹੈ।

ਉਨ੍ਹਾਂ ਕਿਹਾ ਕਿ ਹਰੇਕ ਵਿਦਿਆਰਥੀ ਦੀਆਂ ਵਿਲੱਖਣ ਸਮਰੱਥਾਵਾਂ ਦਾ ਸਮਰਥਨ ਕਰਨ ਲਈ ਐਨ.ਈ.ਪੀ. ਦੀ ਸਿੱਖਣ ਸਬੰਧੀ ਹੁਨਰ-ਅਧਾਰਿਤ ਪਹੁੰਚ ਨੂੰ ਲਾਗੂ ਕਰਨ ‘ਤੇ ਧਿਆਨ ਕੇਂਦਰਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਨੂੰ ਵਿਦਿਆਰਥੀਆਂ ਦੇ ਵਿਅਕਤੀਗਤ ਹੁਨਰਾਂ ਨੂੰ ਨਿਖਾਰਨਾ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਖੇਤਰਾਂ ਵਿੱਚ ਉੱਤਮਤਾ ਹਾਸਲ ਕਰਦੇ ਹਨ। ਰਾਜਪਾਲ ਨੇ ਵਿਦਿਅਕ ਸੰਸਥਾਵਾਂ ਨੂੰ ਵਿਅਕਤੀਗਤ ਪੱਧਰ ‘ਤੇ ਸਿੱਖਿਆ ਪ੍ਰਦਾਨ ਕਰਨ ਦੇ ਰਾਹ ਖੋਜਣ ਦੀ ਅਪੀਲ ਕੀਤੀ।

ਰਾਜਪਾਲ ਨੇ ਯੂਨੀਵਰਸਿਟੀ ਦੇ ਪਾਠਕ੍ਰਮ ਵਿੱਚ ਖੇਤਰੀ ਭਾਸ਼ਾ ਨੂੰ ਸ਼ਾਮਲ ਕਰਨ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ ਜੋ ਖੇਤਰੀ-ਭਾਸ਼ਾ ਵਾਲੇ ਸਕੂਲਾਂ ਤੋਂ ਉੱਚ ਸਿੱਖਿਆ ਵੱਲ ਜਾਣ ਵਾਲੇ ਵਿਦਿਆਰਥੀਆਂ ਲਈ ਭਾਸ਼ਾ ਦੀ ਤਬਦੀਲੀ ਨੂੰ ਆਸਾਨ ਬਣਾਉਂਦੀ ਹੈ। ਇੱਕ ਸੰਮਲਿਤ ਅਕਾਦਮਿਕ ਮਾਹੌਲ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਠਕ੍ਰਮ ਵਿੱਚ ਖੇਤਰੀ ਭਾਸ਼ਾ ਨੂੰ ਸ਼ਾਮਲ ਕਰਨ ਨਾਲ ਵਿਦਿਆਰਥੀਆਂ ਨੂੰ ਭਾਸ਼ਾ ਸਬੰਧੀ ਰੁਕਾਵਟਾਂ ਦਾ ਸਾਹਮਣਾ ਕੀਤੇ ਬਿਨਾਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।

ਅਧਿਆਪਨ ਦੀ ਗੁਣਵੱਤਾ ਬਾਰੇ ਗੱਲ ਕਰਦਿਆਂ ਰਾਜਪਾਲ ਨੇ ਯੂ.ਜੀ.ਸੀ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਪੁੰਨ ਅਧਿਆਪਕਾਂ ਦੀ ਚੋਣ ਕਰਨ ‘ਤੇ ਜ਼ੋਰ ਦਿੱਤਾ ਅਤੇ ਦੇਸ਼ ਵਿੱਚ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਨੂੰ ਸੁਰੱਖਿਅਤ ਰੱਖਣ ਲਈ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਿਹਤਮੰਦ ਭਵਿੱਖ ਦੇ ਨਿਰਮਾਣ ਲਈ ਵਾਤਾਵਰਨ ਅਤੇ ਖੇਡਾਂ ਪ੍ਰਤੀ ਸਹਿਯੋਗ ਵਧਾਉਣ ਦੀ ਵੀ ਵਕਾਲਤ ਕੀਤੀ।

ਰਾਜਪਾਲ ਨੇ ਅੱਗੇ ਕਿਹਾ ਕਿ 2035 ਤੱਕ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) 2020 ਦੇ ਅਭਿਲਾਸ਼ੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਰਕਾਰੀ ਸੰਸਥਾਵਾਂ, ਵਿਦਿਅਕ ਸੰਸਥਾਵਾਂ, ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਨਿੱਜੀ ਖੇਤਰ ਸਮੇਤ ਸਾਰੇ ਭਾਈਵਾਲਾਂ ਦੇ ਇੱਕਜੁੱਟ ਅਤੇ ਸਹਿਯੋਗੀ ਯਤਨਾਂ ਦੀ ਲੋੜ ਹੈ।

ਸਿੱਖਿਆ ਮੰਤਰੀ, ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਨੇ ਐਨ.ਈ.ਪੀ. ਦੇ ਉਦੇਸ਼ਾਂ ਨਾਲ ਮੇਲ ਖਾਂਦੇ ਵਿਦਿਅਕ ਸੁਧਾਰਾਂ ਵਿੱਚ ਪੰਜਾਬ ਦੀ ਪ੍ਰਗਤੀ, ਬੁਨਿਆਦੀ ਢਾਂਚੇ ਵਿੱਚ ਸੁਧਾਰ, ਅਧਿਆਪਕਾਂ ਦੀ ਸਿਖਲਾਈ ਵਿੱਚ ਵਾਧਾ ਅਤੇ ਵਿਦਿਆਰਥੀਆਂ ਦੀਆਂ ਵੱਧ ਰਹੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ 100 ਫੀਸਦੀ ਪਲੇਸਮੈਂਟ ਟੀਚਿਆਂ ਦੇ ਨਾਲ ਖੋਜ ਅਤੇ ਰੋਜ਼ਗਾਰ ਆਧਾਰਿਤ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੇ ਸਾਬਕਾ ਚੇਅਰਮੈਨ ਪ੍ਰੋ. ਵੇਦ ਪ੍ਰਕਾਸ਼ ਨੇ ਭਾਰਤੀ ਸੰਸਥਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ ਗਲੋਬਲ ਭਾਈਵਾਲੀ ਅਤੇ ਖੋਜ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਬਾਰੇ ਗੱਲ ਕੀਤੀ।

ਨੈਸ਼ਨਲ ਅਸੈਸਮੈਂਟ ਅਤੇ ਐਕਰੀਡੇਸ਼ਨ ਕੌਂਸਲ (ਐਨਏਏਸੀ) ਦੇ ਡਾਇਰੈਕਟਰ, ਪ੍ਰੋ. ਗਣੇਸ਼ਨ ਕੰਨਬੀਰਨ, ਨੇ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਡਿਜੀਟਲ ਨਵੀਨਤਾ ਨੂੰ ਰੇਖਾਂਕਿਤ ਕਰਦੇ ਹੋਏ, ਐਨ.ਏ.ਏ.ਸੀ. ਮਾਨਤਾ ਵਿੱਚ ਹਾਲ ਹੀ ਵਿੱਚ ਹੋਈਆਂ ਤਰੱਕੀਆਂ ਬਾਰੇ ਇੱਕ ਸੈਸ਼ਨ ਦਿੱਤਾ।

ਇਸ ਤੋਂ ਇਲਾਵਾ, ਯੂਜੀਸੀ ਦੇ ਸੰਯੁਕਤ ਸਕੱਤਰ ਡਾ. ਅਵਿਚਲ ਕਪੂਰ ਨੇ ਐਨਈਪੀ 2020 ਦੀ ਵਿਦਿਆਰਥੀ-ਕੇਂਦ੍ਰਿਤ ਪਹੁੰਚ ਦੀ ਰੂਪਰੇਖਾ ਪੇਸ਼ ਕੀਤੀ, ਜੋ ਕਿ ਹੁਨਰ ਵਿਕਾਸ ’ਤੇ ਕੇਂਦ੍ਰਿਤ ਹੈ।

ਕਾਨਫਰੰਸ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਉੱਚਾ ਚੁੱਕਣ ਲਈ ਐਨ.ਈ.ਪੀ. 2020 ਦੀ ਸੰਭਾਵਨਾ ’ਤੇ ਸਹਿਯੋਗ ਨੂੰ ਉਤਸ਼ਾਹਤ ਕੀਤਾ, ਜਿਸ ਨਾਲ ਰਾਜ ਨੂੰ ਭਾਰਤ ਦੇ ਵਿਦਿਅਕ ਪਰਿਵਰਤਨ ਵਿੱਚ ਮੋਹਰੀ ਬਣਨ ਦਾ ਫਖ਼ਰ ਹਾਸਲ ਹੋਇਆ ਹੈ। ਮਾਣਯੋਗ ਰਾਜਪਾਲ ਨੇ ਆਸ ਪ੍ਰਗਟਾਈ ਕਿ ਇਹ ਸਮੂਹਕ ਯਤਨ ਪੰਜਾਬ ਨੂੰ ਵਿੱਦਿਅਕ ਉੱਤਮਤਾ ਅਤੇ ਸਮਾਵੇਸ਼ੀ ਵਿਕਾਸ ਵਿੱਚ ਮਾਪਦੰਡ ਸਥਾਪਤ ਕਰਨ ਲਈ ਸਮਰੱਥ ਬਣਾਉਣਗੇ।

ਉਦਘਾਟਨੀ ਸੈਸ਼ਨ ਤੋਂ ਬਾਅਦ, ਪੰਜਾਬ ਭਰ ਦੀਆਂ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੇ ਮਾਹਿਰਾਂ ਅਤੇ ਵਾਈਸ ਚਾਂਸਲਰ ਅਤੇ ਡਾਇਰੈਕਟਰਾਂ ਨਾਲ ਇੱਕ ਗੋਲ-ਮੇਜ਼ ਚਰਚਾ ਵੀ ਕੀਤੀ ਗਈ। ਹਰੇਕ ਵਾਈਸ ਚਾਂਸਲਰ ਅਤੇ ਡਾਇਰੈਕਟਰ ਨੇ ਰਾਸ਼ਟਰੀ ਸਿੱਖਿਆ ਨੀਤੀ (ਐਨ.ਈ.ਪੀ.) ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ-ਆਪਣੀਆਂ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦੀਆਂ ਮੁੱਖ ਪ੍ਰਾਪਤੀਆਂ ਨੂੰ ਉਜਾਗਰ ਕੀਤਾ।

ਅਹਿਮ ਖ਼ਬਰਾਂ

ਖ਼ਬਰਸਾਰ

ਸਿੱਖ ਜਗ਼ਤ

ਮਨੋਰੰਜਨ

ਖ਼ੇਡ ਖ਼ਬਰ

spot_img

ਅੱਜ ਨਾਮਾ – ਤੀਸ ਮਾਰ ਖ਼ਾਂ