ਯੈੱਸ ਪੰਜਾਬ
ਲੁਧਿਆਣਾ, ਸਤੰਬਰ 2, 2024:
ਰਾਮ ਮਨੋਹਰ ਲੋਹੀਆ ਅਵਧ ਯੂਨੀਵਰਸਿਟੀ ਅਯੋਧਿਆ(ਯੂ ਪੀ) ਵਿਖੇ ਆਪਣੇ ਵੱਡੇ ਵੀਰ ਪ੍ਰੇਮ ਭੂਸ਼ਨ ਗੋਇਲ ਦੀ ਨਵ ਪ੍ਰਕਾਸ਼ਿਤ ਵਾਰਤਕ ਪੁਸਤਕ “ ਗੁਲਦਸਤਾ” ਨੂੰ ਲੋਕ ਅਰਪਨ ਕਰਦਿਆਂ ਪ੍ਰਸਿੱਧ ਪੰਜਾਬੀ ਲੇਖਕ ਤੇ ਪੰਜਾਬ ਸਰਕਾਰ ਦੇ ਸੇਵਾ ਮੁਕਤ ਆਈ ਏ ਐੱਸ ਅਧਿਕਾਰੀ ਜੰਗ ਬਹਾਦਰ ਗੋਇਲ ਨੇ ਕਿਹਾ ਹੈ ਕਿ ਪ੍ਰਸੰਨ ਲੰਮੀ ਉਮਰ ਜੀਣ ਲਈ ਸ਼ਬਦ ਸਹਾਰਾ ਬਹੁਤ ਜ਼ਰੂਰੀ ਹੈ।
ਪੜ੍ਹਨ ਲਿਖਣ ਦੀ ਬਿਰਤੀ ਵਾਲੇ ਲੋਕਾਂ ਦਾ ਤਨ ਮਨ ਨਿਰੋਗ ਰਹਿੰਦਾ ਹੈ। ਉਨ੍ਹਾਂ ਆਪਣੀ ਪੁਸਤਕ “ਸਾਹਿੱਤ ਸੰਜੀਵਨੀ” ਦਾ ਹਵਾਲਾ ਦੇ ਕੇ ਦੱਸਿਆ ਕਿ ਸਾਹਿੱਤ ਕਿੱਥੇ ਕਿੱਥੇ ਕਿਵੇਂ ਕਿਵੇਂ ਸਾਡੇ ਲਈ ਸੰਜੀਵਨੀ ਬੂਟੀ ਬਣਦਾ ਹੈ।
ਉਨ੍ਹਾਂ ਆਪਣੇ ਮਾਪਿਆਂ ਤੇ ਵੱਡੇ ਭਰਾਵਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਦੀ ਵਿਸ਼ਾਲ ਲਾਇਬਰੇਰੀ ਘਰ ਵਿੱਚ ਹੀ ਪਹਿਲੀ ਯੂਨੀਵਰਸਿਟੀ ਬਣੀ।
ਅਸਲ ਵਿੱਚ ਜੈਤੋ ਸ਼ਹਿਰ ਵਿੱਚ ਉਨ੍ਹਾਂ ਵਾਲੀ ਗਲੀ ਹੀ ਸੁਲੱਖਣੀ ਸੀ ਜਿਸ ਵਿੱਚ ਨਾਵਲਕਾਰ ਗੁਰਦਿਆਲ ਸਿੰਘ, ਸੁਰਿੰਦਰ ਸ਼ਰਮਾ, ਸੁਦਰਸਸ਼ਨ ਗੋਇਲ, ਭਾਰਤ ਭੂਸ਼ਨ ਗੋਇਲ, ਪ੍ਰੇਮ ਭੂਸ਼ਨ ਗੋਇਲ ਸਮੇਤ ਮੇਰੇ ਵਰਗੇ ਵੀ ਸ਼ਬਦ ਸੱਭਿਆਚਾਰ ਦੇ ਲੜ ਲੱਗੇ।
ਅਯੋਧਿਆ ਵਿੱਚ ਇਸ ਵਕਤ ਪੀ ਏ ਯੂ ਲੁਧਿਆਣਾ ਦੀ ਪ੍ਰੋਫੈਸਰ ਡਾ. ਪ੍ਰਤਿਭਾ ਗੋਇਲ ਹੁਣ ਵਾਈਸ ਚਾਂਸਲਰ ਹੈ ਜੋ ਜੰਗ ਬਹਾਦਰ ਗੋਇਲ ਜੀ ਦੀ ਭਤੀਜੀ ਹੈ ਤੇ ਭਾਸ਼ਾ ਵਿਭਾਗ ਪੰਜਾਬ ਦੇ ਸਾਬਕ ਉੱਚ ਅਧਿਕਾਰੀ ਪ੍ਰੇਮ ਭੂਸ਼ਨ ਗੋਇਲ ਜੀ ਦੀ ਬੇਟੀ। ਡਾ. ਪ੍ਰਤਿਭਾ ਗੋਇਲ ਨੇ ਇਸ ਗੱਲ ਦਾ ਮਾਣ ਮੱਤਾ ਪ੍ਰਗਟਾਵਾ ਕੀਤਾ ਕਿ ਉਹ ਲੇਖਕਾਂ ਦੀ ਧੀ ਹੈ।
ਪ੍ਰੇਮ ਭੂਸ਼ਨ ਗੋਇਲ ਜੀ ਨੇ ਕਿਹਾ ਕਿ ਸ਼ਬਦ ਸਾਥ ਨੇ ਹੀ ਮੈਨੂੰ ਸਹਿਜ ਤੋਰ ਤੇ ਪਛਾਣ ਦਿੱਤੀ ਹੈ। ਇਸ ਪੁਸਤਕ ਵਿਚਲੇ ਲੇਖ ਨਵੇਂ ਪਾਠਕਾਂ ਨੂੰ ਸਾਹਿੱਤ ਨਾਲ ਜੁੜਨ ਲਈ ਪ੍ਰੇਰਕ ਬਣਨਗੇ।
ਪਰਿਵਾਰ ਨੇ ਪ੍ਰੇਮ ਭੂਸ਼ਨ ਜੀ ਦੀ ਨਵ ਪ੍ਰਕਾਸ਼ਿਤ ਵੱਡ ਆਕਾਰੀ ਵਾਰਤਕ ਪੁਸਤਕ “ਗੁਲਦਸਤਾ” ਪ੍ਰਕਾਸ਼ਨ ਦਾ ਜਸ਼ਨ ਮਨਾਇਆ ਜਿਸ ਵਿੱਚ ਡਾ. ਨੀਲਮ ਗੋਇਲ ਨੇ ਵੀ ਸ਼ਮੂਲੀਅਤ ਕੀਤੀ। ਇਸ ਪੁਸਤਕ ਦਾ ਮੁੱਖ ਬੰਦ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲਿਖਿਆ ਹੈ।