ਅੱਜ-ਨਾਮਾ
ਨੀਤੀ ਆਯੋਗ ਦੀ ਅੱਜ ਜਦ ਹੋਈ ਬੈਠਕ,
ਉਹ ਹੀ ਖੇਡ ਫਿਰ ਗਈ ਦੁਹਰਾਈ ਬੇਲੀ।
ਜਿਸ ਵੀ ਥਾਂਏਂ ਸਰਕਾਰ ਨਹੀਂ ਭਾਜਪਾ ਦੀ,
ਉਨ੍ਹਾਂ ਨੇ ਬੈਠਕ ਦੀ ਬਾਤ ਠੁਕਰਾਈ ਬੇਲੀ।
ਇੱਕੋ ਲੀਡਰ ਸੀ ਆਉਣ ਦੀ ਭਰੀ ਹਾਮੀ,
ਮਮਤਾ ਬੀਬੀ ਇਕੱਲੀ ਬੱਸ ਆਈ ਬੇਲੀ।
ਉਸ ਦੀ ਬਾਤ ਵੀ ਕਿਸੇ ਨਹੀਂ ਸੁਣੀ ਸਾਰੀ,
ਉੱਠੀ ਤੇ ਜਾਂਦੀ ਨਹੀਂ ਕਿਸੇ ਮਨਾਈ ਬੇਲੀ।
ਜਿਹੜੇ ਗਏ ਨਹੀਂ, ਕਹਿੰਦੇ ਸੀ ਲੋਕ ਮਾੜਾ,
ਜਿਹੜੀ ਗਈ, ਉਹ ਹੋਈ ਫਿਰ ਤੰਗ ਬੇਲੀ।
ਮੂਹਰਲੇ ਸਾਲ ਨੂੰ ਜਾਣਾ ਨਹੀਂ ਕਿਸੇ ਓਧਰ,
ਚੱਲਦੀ ਸ਼ਬਦਾਂ ਦੀ ਰਹਿਣੀ ਆ ਜੰਗ ਬੇਲੀ।
ਤੀਸ ਮਾਰ ਖਾਂ
28 ਜੁਲਾਈ, 2024