ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 6 ਜੁਲਾਈ, 2024
ਵਿਦੇਸ਼ੀਂ ਰਹਿੰਦਿਆ ਕੰਮਾਂ ਕਾਰਾਂ ਕਰਦਿਆਂ ਜ਼ਿੰਦਗੀਆਂ ਜਿੱਥੇ ਆਪਣੇ ਉਦੇਸ਼ਾਂ ਵੱਲ ਵਧ ਰਹੀਆਂ ਹਨ, ਉਥੇ ਜੀਵਨ ਦੇ ਰੁਝੇਵਿਆਂ ਵਿਚੋਂ ਆਪਣੇ ਸਭਿਆਚਾਰ ਨਾਲ ਜੁੜਦਿਆਂ ਖੁਸ਼ੀਆਂ ਦੇ ਪਲ ਵੀ ਆਪਣੇ ਵੱਲ ਮੋੜ ਲਏ ਜਾਂਦੇ ਹਨ। ਇਨ੍ਹਾਂ ਖੁਸ਼ੀਆਂ ਨੂੰ ਇਕੋ ਥਾਂ ਅਨੇਕਾਂ ਭਾਰਤੀ, ਖਾਸ ਕਰ ਪੰਜਾਬੀ ਮਹਿਲਾਵਾਂ ਦੀ ਝੋਲੀ ਪਾਉਣ ਦੇ ਲਈ ‘ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ’ ਪਿਛਲੇ 7 ਸਾਲਾਂ ਤੋਂ ਲਗਾਤਾਰ ਗਿੱਧੇ ਭੰਗੜੇ ਦੇ ਪਿੜ ਵਿਚ ਹੈ।
ਇਸ ਵਾਰ ਸੱਤਵਾਂ ਮਹਿਲਾਵਾਂ ਦਾ ਮੇਲਾ ਜਾਂ ਇਸਦੇ ਨਵੇਂ ਨਾਂਅ ‘ਫੁੱਲਕਾਰੀ’ ਅਨੁਸਾਰ ‘ਤੀਜੀ ਫੁੱਲਕਾਰੀ ਲੇਡੀਜ਼ ਨਾਈਟ-2024’ ਅਗਲੇ ਮਹੀਨੇ 17 ਅਗਸਤ ਦਿਨ ਸ਼ਨੀਵਾਰ ਨੂੰ ‘ਡਿਊ ਡਰਾਪ ਈਵੈਂਟ ਸੈਂਟਰ ਮੈਨੁਕਾਓ’ ਵਿਖੇ ਸ਼ਾਮ 6 ਵਜੇ ਤੋਂ ਕਰਵਾਈ ਜਾ ਰਹੀ ਹੈ।
ਇਸ ਲੇਡੀਜ਼ ਨਾਈਟ ਦਾ ਰੰਗਦਾਰ ਪੋਸਟਰ ਅੱਜ ‘ਇੰਡੀਅਨ ਈਟਰੀ ਰੈਸਟੋਰੈਂਟ, ਪਾਪਾਕੁਰਾ’ ਵਿਖੇ ਮਾਲਵਾ ਕਲੱਬ ਨਾਲ ਜੁੜੀਆਂ ਮਹਿਲਾ ਪ੍ਰਬੰਧਕਾਂ ਨੇ ਜਾਰੀ ਕੀਤਾ।
ਇਸ ਮੌਕੇ ਮਾਲਵਾ ਕਲੱਬ ਦੇ ਪ੍ਰਧਾਨ ਸ. ਪਰਮਿੰਦਰ ਸਿੰਘ ਤੱਖਰ ਨੇ ਆਈਆਂ ਸਾਰੀਆਂ ਮਹਿਲਾਵਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਜਦ ਕਿ ਸ੍ਰੀਮਤੀ ਬਲਜੀਤ ਕੌਰ ਹੋਰਾਂ ਇਸ ਲੇਡੀਜ਼ ਨਾਈਟ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਪੁੱਜਣ ਦਾ ਸੱਦਾ ਦਿੱਤਾ।
ਬੀਬੀਆਂ ਨੇ ਬੋਲੀਆਂ ਪਾ ਕੇ ਸ਼ਗਨ ਕੀਤਾ ਅਤੇ ਫੁੱਲਕਾਰੀ ਦੇ ਵੱਖ-ਵੱਖ ਰੰਗਾਂ ਨੂੰ ਅਮੀਰ ਸਭਿਆਚਾਰਕ ਵੰਨਗੀਆਂ ਨਾਲ ਭਰਿਆ। ਇਕੱਤਰ ਮਹਿਲਾਵਾਂ ਨੇ ਜਿੱਥੇ ਬੋਲੀਆਂ ਪਾ ਕੇ ਪੋਸਟਰ ਜਾਰੀ ਕੀਤਾ ਉਥੇ ਨਿਊਜ਼ੀਲੈਂਡ ਵਸਦੀਆਂ ਸਮੂਹ ਭਾਰਤੀ ਮਹਿਲਾਵਾਂ ਨੂੰ 17 ਅਗਸਤ ਨੂੰ ਇਸ ਫੁੱਲਕਾਰੀ ਨਾਈਟ ਦੇ ਵਿਚ ਸ਼ਾਮਿਲ ਹੋਣ ਲਈ ਵੀ ਬੇਨਤੀ ਕੀਤੀ।
4-5 ਘੰਟੇ ਚੱਲਣ ਵਾਲੇ ਇਸ ਪ੍ਰੋਗਰਾਮ ਦੇ ਵਿਚ ਜਿੱਥੇ ਖੁੱਲ੍ਹਾ ਪਿੜ ਹੋਵੇਗਾ, ਡੀ.ਜੇ. ਹੋਵੇਗਾ ਉਥੇ ਸਟੇਜ ਉਤੇ ਗਿੱਧੇ ਅਤੇ ਭੰਗੜੇ ਦੀਆਂ ਬਹੁਤ ਸਾਰੀਆਂ ਵੰਨਗੀਆਂ ਪੇਸ਼ ਹੋਣਗੀਆਂ। ਸੱਸਾਂ-ਮਾਵਾਂ, ਭੈਣਾ-ਭਰਜਾਈਆਂ, ਸਹੇਲੀਆਂ ਅਤੇ ਇਥੇ ਪਹੁੰਚੀਆਂ ਮਹਿਲਾ ਮਹਿਮਾਨਾਂ ਦੇ ਲਈ ਇਹ ਪੰਜਾਬੀ ਸੰਗੀਤ ਨਾਲ ਭਰੀ ਰਾਤ ਯਾਦਗਾਰੀ ਹੋਵੇਗੀ। ਸ਼ਾਪਿੰਗ ਦਾ ਸ਼ੌਂਕ ਰੱਖਣ ਵਾਲੀਆਂ ਦੇ ਲਈ ਕਈ ਤਰ੍ਹਾਂ ਦੇ ਕੱਪੜਿਆਂ, ਗਹਿਣਿਆ ਅਤੇ ਖਾਣ-ਪੀਣ ਦੀਆਂ ਦੁਕਾਨਾਂ ਹੋਣਗੀਆਂ।
ਇਸ ਫੁੱਲਕਾਰੀ ਨਾਈਟ ਦੀ ਟਿਕਟ 10 ਡਾਲਰ ਪ੍ਰਤੀ ਵਿਅਕਤੀ ਰੱਖੀ ਗਈ ਹੈ। 10 ਸਾਲ ਤੋਂ ਘੱਟ ਬੱਚਿਆਂ ਦਾ ਦਾਖਲਾ ਮੁਫ਼ਤ ਹੋਵੇਗਾ। ਇਹ ਟਿਕਟਾਂ ਭਾਰਤੀ ਗਰੋਸਰੀ ਸਟੋਰਾਂ ਉੇਤ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ। ਪਾਰਕਿੰਗ ਫ੍ਰੀ ਕੀਤੀ ਗਈ ਹੈ।
ਫੁੱਲਕਾਰੀ ਕਿਉਂ? ਬਹੁਤ ਸਾਰੇ ਪੱਛਮੀ ਵਸਤਰਾਂ ਨੇ ਪੰਜਾਬੀ ਸਭਿਆਚਾਰਕ ਦੀ ਸ਼ਾਨ ਰਹੇ ਵਸਤਰਾਂ ਦੀ ਚਮਕ ਮੌਸਮੀ ਬਣਾ ਦਿੱਤੀ ਹੈ, ਪਰ ਇਨ੍ਹਾਂ ਦੇ ਨਾਲ ਜੋ ਮਾਹੌਲ ਬਣਦਾ ਹੈ, ਉਹ ਦੂਸਰੇ ਵਸਤਰਾਂ ਵਿਚ ਨਹੀਂ। ਤਰੀਕੇ ਦੇ ਨਾਲ ਸਾਡੇ ਸਭਿਆਚਾਰਕ ਕੱਪੜੇ ਵੀ ਸਾਡਾ ਅੰਗ ਬਣੇ ਰਹਿਣ ਇਸਦੇ ਲਈ ਫੁੱਲਕਾਰੀ ਸ਼ਬਦ ਨੂੰ ਹੋਰ ਮਹੱਤਤਾ ਦਿੱਤੀ ਗਈ ਹੈ।
ਫੁੱਲਕਾਰੀ ਪੰਜਾਬਣ ਮਹਿਲਾ ਦੇ ਸਭਿਆਚਾਰਕ ਅਤੇ ਸਭਿਅਕ ਪਹਿਰਾਵੇ ਦੀ ਪ੍ਰਤੀਕ ਵੀ ਹੈ। ਫੁੱਲਕਾਰੀ ਸ਼ਬਦ ਜ਼ਿਹਨ ਦੇ ਵਿਚ ਆਉਂਦਿਆਂ ਹੀ ਖੁਸ਼ੀ ਭਰੇ ਸਮਾਗਮ, ਸ਼ਗਨ, ਵਿਆਹ, ਵਿਆਹ ਵਾਲੇ ਗੀਤ ਅਤੇ ਹੋਰ ਬਹੁਤ ਕੁਝ ਰਵਾਇਤਾ ਅੱਖਾਂ ਸਾਹਮਣੇ ਆ ਜਾਂਦਾ ਹੈ। ਮਾਲਵਾ ਸਪੋਰਟਸ ਕਲੱਬ ਨੇ ਸ਼ਬਦ ‘ਫੁੱਲਕਾਰੀ’ ਦੇ ਨਾਂਅ ਨਾਲ ਇਸ ਰਵਾਇਤ ਨੂੰ ਤੋਰਨ ਦੀ ਸ਼ੁਰੂਆਤ ਕਰਕੇ ਸਭਿਆਚਾਰ ਨਾਲ ਆਪਣੀ ਗੰਢ ਹੋਰ ਪੀਡੀ ਕਰਨ ਦੀ ਕੋਸ਼ਿਸ਼ ਕੀਤੀ ਹੈ।